ਹੁਣ ਪਤਾ ਚੱਲਣਗੀਆਂ ਏਲੀਅਨਾਂ ਦੀਆਂ ਹਰਕਤਾਂ
ਧਰਤੀ ਤੋਂ ਬਾਹਰ ਵੀ ਕਿਤੇ ਜੀਵਨ ਐ ਜਾਂ ਨਹੀਂ, ਜਿੱਥੇ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉਠਦਾ ਰਹਿੰਦਾ ਏ, ਉਥੇ ਹੀ ਦੁਨੀਆ ਭਰ ਦੇ ਵਿਗਿਆਨੀ ਵੀ ਦਹਾਕਿਆਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗੇ ਹੋਏ ਨੇ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਏਲੀਅਨ ਦੇ ਸਪੇਸਸ਼ਿਪ ਦੇਖੇ ਜਾਣ ਦਾ ਦਾਅਵਾ ਵੀ ਕੀਤਾ ਗਿਆ
By : Makhan shah
ਨਿਊਯਾਰਕ : ਧਰਤੀ ਤੋਂ ਬਾਹਰ ਵੀ ਕਿਤੇ ਜੀਵਨ ਐ ਜਾਂ ਨਹੀਂ, ਜਿੱਥੇ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉਠਦਾ ਰਹਿੰਦਾ ਏ, ਉਥੇ ਹੀ ਦੁਨੀਆ ਭਰ ਦੇ ਵਿਗਿਆਨੀ ਵੀ ਦਹਾਕਿਆਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗੇ ਹੋਏ ਨੇ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਏਲੀਅਨ ਦੇ ਸਪੇਸਸ਼ਿਪ ਦੇਖੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਏ ਪਰ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਐ, ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਹੁਣ ਵਿਗਿਆਨੀ ਇਕ ਅਜਿਹੀ ਤਕਨੀਕ ਵਿਕਸਤ ਕਰਨ ਜਾ ਰਹੇ ਨੇ, ਜਿਸ ਨਾਲ ਬ੍ਰਹਿਮੰਡ ਦੇ ਇਕ ਵੱਡੇ ਹਿੱਸੇ ’ਤੇ ਬਹੁਤ ਨੇੜੇ ਤੋਂ ਨਜ਼ਰ ਰੱਖੀ ਜਾ ਸਕੇਗੀ।
ਹੁਣ ਵਿਗਿਆਨੀਆਂ ਵੱਲੋਂ ਅਜਿਹਾ ਵਿਸ਼ਾਲ ਕੈਮਰਾ ਤਿਆਰ ਕੀਤਾ ਜਾ ਰਿਹਾ ਏ, ਜਿਸ ਦੇ ਜ਼ਰੀਏ ਬ੍ਰਹਿਮੰਡ ਦੀਆਂ ਗਤੀਵਿਧੀਆਂ ’ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਸਕੇਗੀ। ਬ੍ਰਹਿਮੰਡ ਵਿਚ ਮੌਜੂਦ ਪ੍ਰਮੁੱਖ ਗ੍ਰਹਿਆਂ ’ਤੇ ਜੋ ਵੀ ਗਤੀਵਿਧੀਆਂ ਹੋਣਗੀਆਂ, ਉਹ ਵਿਗਿਆਨੀਆਂ ਨੂੰ ਝੱਟਪਟ ਪਤਾ ਚੱਲ ਜਾਣਗੀਆਂ। ਯਾਨੀ ਕਿ ਇਸ ਕੈਮਰੇ ਦੇ ਸਥਾਪਿਤ ਹੋਣ ਮਗਰੋਂ ਏਲੀਅਨਜ਼ ਦੀ ਸੱਚਾਈ ਵੀ ਪਤਾ ਚੱਲ ਜਾਵੇਗੀ। ਅੱਜ ਤੱਕ ਧਰਤੀ ’ਤੇ ਕਿਸੇ ਨੇ ਏਲੀਅਨ ਦੇ ਨਾਲ ਸੰਪਰਕ ਨਹੀਂ ਕੀਤਾ ਪਰ ਖੋਜਕਰਤਾਵਾਂ ਦਾ ਮੰਨਣਾ ਏ ਕਿ ਏਲੀਅਨ ਦੀ ਖੋਜ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਸਕਦੀ ਅੇ। ਦੂਰ ਦੁਰਾਡੇ ਪੁਲਾੜ ਵਿਚ ਏਲੀਅਨ ਦੀ ਖੋਜ ਦੇ ਲਈ ਸ਼ੁਰੂ ਕੀਤੇ ਗਏ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨਕ ਪ੍ਰੋਜੈਕਟ ਬ੍ਰੈਕਥਰੂ ਲਿਸੇਨ ਦੇ ਵਿਗਿਆਨੀਆਂ ਦਾ ਕਹਿਣਾ ਏ ਕਿ ਕਈ ਤਕਨੀਕੀ ਵਿਕਾਸ ਬ੍ਰਹਿਮੰਡ ਵਿਚ ਖੋਜ ਦੀ ਦਿਸ਼ਾ ਬਦਲਣ ਵਾਲੇ ਨੇ।
ਇਕ ਰਿਪੋਰਟ ਮੁਤਾਬਕ ਇਨ੍ਹਾਂ ਖੋਜਾਂ ਨੂੰ ਲੈ ਕੇ ਵਿਗਿਆਨੀਆਂ ਦੇ ਇਕ ਵੱਡੇ ਸੰਗਠਨ ਵਿਚਾਲੇ ਸਾਲਾਨਾ ਸੰਮੇਲਨ ਵਿਚ ਚਰਚਾ ਹੋਵੇਗੀ ਜੋ ਇਸੇ ਹਫ਼ਤੇ ਬ੍ਰਿਟੇਨ ਵਿਚ ਪਹਿਲੀ ਵਾਰ ਆਕਸਫੋਰਡ ਯੂਨੀਵਰਸਿਟੀ ਵਿਚ ਕਰਵਾਇਆ ਜਾ ਰਿਹਾ ਏ। ਇਸ ਸੰਮੇਲਨ ਵਿਚ ਖਗੋਲ ਮਾਹਿਰਾਂ ਤੋਂ ਲੈ ਕੇ ਜੀਵ ਵਿਗਿਆਨੀਆਂ ਤੱਕ ਸੈਂਕੜੇ ਵਿਗਿਆਨੀਆਂ ਦੇ ਸ਼ਾਮਲ ਹੋਣ ਦੀ ਉਮੀਦ ਐ। ਬ੍ਰੇਕਥਰੂ ਲਿਸੇਨ ਦੇ ਇਕ ਪ੍ਰੋਜੈਕਟ ਵਿਗਿਆਨੀ ਖਗੋਲ ਮਾਹਿਰ ਸਟੀਵ ਕ੍ਰਾਫ਼ਟ ਨੇ ਆਖਿਆ ਕਿ ਅਜਿਹੀਆਂ ਬਹੁਤ ਸਾਰੀਆਂ ਅਦਭੁੱਤ ਤਕਨੀਕਾਂ ਵਿਕਾਸ ਦੇ ਅਧੀਨ ਚੱਲ ਰਹੀਆਂ ਨੇ, ਜਿਵੇਂ ਕਿ ਚਿੱਲੀ, ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚ ਵਿਸ਼ਾਲ ਨਵੀਂਆਂ ਦੂਰਬੀਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਏ, ਉਥੇ ਹੀ ਆਰਟੀਫਿਸ਼ਨ ਇੰਟੈਲੀਜੈਂਸ ਨਾਲ ਸਬੰਧਤ ਤਕਨੀਕਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ। ਇਹ ਬੇਮਿਸਾਲ ਤਕਨੀਕਾਂ ਏਲੀਅਨ ਸੱਭਿਅਤਾ ਨੂੰ ਲੱਭਣ ਵਿਚ ਸਾਡੇ ਪੁਰਾਣੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਣਗੀਆਂ।
ਇਕ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਉਪਕਰਨਾਂ ਵਿਚ ਸੈਂਕੜੇ ਰੇਡੀਓ ਦੂਰਬੀਨਾਂ ਤੋਂ ਬਣਿਆ ‘ਸਕਵਾਇਰ ਕਿਲੋਮੀਟਰ ਐਰੇ’ ਸ਼ਾਮਲ ਐ ਜੋ ਦੱਖਣ ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚ ਤਿਆਰ ਕੀਤਾ ਜਾ ਰਿਹਾ ਏ। ਇਹ ਦੁਨੀਆ ਦੀ ਸਭ ਤੋਂ ਵੱਡੀ ਰੇਡੀਓ ਖਗੋਲ ਵਿਗਿਆਨੀ ਸੁਵਿਧਾ ਹੋਵੇਗੀ। ਇਸ ਦੇ ਨਾਲ ਹੀ ਚਿੱਲੀ ਵਿਚ ਵੇਰਾ ਰੂਬਿਨ ਵੇਧਸ਼ਾਲਾ ਬਣਾਈ ਜਾ ਰਹੀ ਐ ਜੋ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਹੋਵੇਗਾ। ਇਹ ਹਰ ਤਿੰਨ ਜਾਂ ਚਾਰ ਰਾਤਾਂ ਵਿਚ ਪੂਰੇ ਆਕਾਸ਼ ਦੀ ਤਸਵੀਰ ਬਣਾਉਣ ਵਿਚ ਸਮਰੱਥ ਹੋਵੇਗਾ, ਜਿਸ ਨਾਲ ਲੱਖਾਂ ਨਵੀਂਆਂ ਆਕਾਸ਼ਗੰਗਾਵਾਂ ਅਤੇ ਤਾਰਿਆਂ ਦੀ ਖੋਜ ਵਿਚ ਮਦਦ ਮਿਲਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਐ।
ਵਿਗਿਆਨੀ ਸਟੀਵ ਕ੍ਰਾਫ਼ਟ ਨੇ ਆਖਿਆ ਕਿ ਦੋਵੇਂ ਸਹੂਲਤਾਂ ਅਗਲੇ ਕੁੱਝ ਸਾਲਾਂ ਵਿਚ ਕੰਮ ਕਰਨ ਲਈ ਤਿਆਰ ਹੋ ਜਾਣਗੀਆਂ ਅਤੇ ਦੋਵੇਂ ਹੀ ਬ੍ਰੇਕਥਰੂ ਲਿਸੇਨ ਦੇ ਲਈ ਡਾਟਾ ਪ੍ਰਦਾਨ ਕਰਨਗੀਆਂ। ਇਨ੍ਹਾਂ ਵਿਸ਼ਾਲ ਸੂਚਨਾ ਸਮੂਹਾਂ ਦੇ ਅਧਿਐਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਏਲੀਅਨ ਸੱਭਿਅਤਾਵਾਂ ਦੀ ਖੋਜ ਨੂੰ ਵਧੇਰੇ ਸ਼ਕਤੀ ਦੇਵੇਗੀ। ਉਨ੍ਹਾਂ ਆਖਿਆ ਕਿ ਹੁਣ ਤੱਕ ਅਸੀਂ ਏਲੀਅਨਜ਼ ਵੱਲੋਂ ਉਨ੍ਹਾਂ ਦੀ ਹੋਂਦ ਦੀ ਐਡ ਕਰਨ ਲਈ ਜਾਣਬੁੱਝ ਕੇ ਭੇਜੇ ਗਏ ਸੰਕੇਤਾਂ ਦੀ ਭਾਲ ਕਰਨ ਤੱਕ ਹੀ ਸੀਮਤ ਰਹੇ ਆਂ ਪਰ ਪਹਿਲੀ ਵਾਰ ਨਵੀਂਆਂ ਤਕਨੀਕਾਂ ਇੰਨੀਆਂ ਸੰਵੇਦਨਸ਼ੀਲ ਹੋਣ ਜਾ ਰਹੀਆਂ ਨੇ ਕਿ ਅਸੀਂ ਜਾਣਬੁੱਝ ਕੇ ਕੀਤੇ ਗਏ ਪ੍ਰਸਾਰਣਾਂ ਦੇ ਉਲਟ ਅਣਜਾਣੇ ਵਿਚ ਕੀਤੇ ਗਏ ਪ੍ਰਸਾਰਣਾਂ ਦਾ ਪਤਾ ਲਗਾਉਣ ਵਿਚ ਸਮਰੱਥ ਹੋਵਾਂਗੇ। ਇਨ੍ਹਾਂ ਵਿਸ਼ਾਲ ਕੈਮਰਿਆਂ ਜ਼ਰੀਏ ਪੁਲਾੜ ਵਿਚ ਮੌਜੂਦ ਦੁਰਲਭ ਰਸਾਇਣਾਂ ਅਤੇ ਧਾਤਾਂ ਦੇ ਖ਼ਜ਼ਾਨਿਆਂ ਦਾ ਵੀ ਪਤਾ ਚੱਲ ਸਕਦਾ ਏ, ਜਿਸ ਨਾਲ ਧਰਤੀ ਵਾਸੀਆਂ ਦੇ ਭਾਗ ਖੁੱਲ੍ਹ ਸਕਦੇ ਨੇ।
ਸੋ ਵਿਗਿਆਨੀਆਂ ਦੀ ਇਸ ਖੋਜ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ