ਅਮਰੀਕਾ ਵਿਚ ਓਵਰਟਾਈਮ ਆਮਦਨ ’ਤੇ ਨਹੀਂ ਲੱਗੇਗਾ ਕੋਈ ਟੈਕਸ
ਅਮਰੀਕਾ ਦੀ ਸੈਨੇਟ ਵੱਲੋਂ ਨੋ ਟੈਕਸ ਔਨ ਟਿਪਸ ਐਕਟ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ ਅਤੇ ਹੁਣ ਇਕ ਲੱਖ 60 ਹਜ਼ਾਰ ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਓਵਰਟਾਈਮ ਰਾਹੀਂ ਹੋਣ ਵਾਲੀ ਕਮਾਈ ’ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ।

By : Upjit Singh
ਵਾਸ਼ਿੰਗਟਨ : ਅਮਰੀਕਾ ਦੀ ਸੈਨੇਟ ਵੱਲੋਂ ਨੋ ਟੈਕਸ ਔਨ ਟਿਪਸ ਐਕਟ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ ਅਤੇ ਹੁਣ ਇਕ ਲੱਖ 60 ਹਜ਼ਾਰ ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਓਵਰਟਾਈਮ ਰਾਹੀਂ ਹੋਣ ਵਾਲੀ ਕਮਾਈ ’ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਟੈਕਸਸ ਤੋਂ ਸੈਨੇਟ ਮੈਂਬਰ ਟੈਡ ਕਰੂਜ਼ ਵੱਲੋਂ ਜਨਵਰੀ ਵਿਚ ਇਹ ਬਿਲ ਲਿਆਂਦਾ ਗਿਆ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਦੋ ਸੈਨੇਟ ਮੈਂਬਰ ਜੈਕੀ ਰੋਜ਼ਨ ਅਤੇ ਕੈਥਰੀਨ ਕੌਰਟੇਜ਼ ਮੈਸਟੋ ਇਸ ਦੇ ਕੋ-ਸਪੌਂਸਰ ਰਹੇ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟਿਪ ’ਤੇ ਗੁਜ਼ਾਰਾ ਕਰਨ ਵਾਲੇ ਸਭ ਤੋਂ ਵੱਧ ਕਾਮੇ ਨੇਵਾਡਾ ਸੂਬੇ ਵਿਚ ਹਨ ਅਤੇ ਨਵਾਂ ਕਾਨੂੰਨ ਉਨ੍ਹਾਂ ਵਾਸਤੇ ਵੱਡੀ ਰਾਹਤ ਲੈ ਕੇ ਆਇਆ ਹੈ।
ਸੈਨੇਟ ਵਿਚ ਪਾਸ ਹੋਇਆ ‘ਨੋ ਟੈਕਸ ਆਨ ਟਿਪਸ ਐਕਟ’
ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵੀ ਆਪਣੇ ਚੋਣ ਵਾਅਦਿਆਂ ਵਿਚ ਇਹ ਬਿਲ ਤਰਜੀਹੀ ਤੌਰ ’ਤੇ ਸ਼ਾਮਲ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਟਰੰਪ ਅਤੇ ਕਮਲਾ ਹੈਰਿਸ ਵੱਲੋਂ ਆਪੋ ਆਪਣੇ ਤਰੀਕੇ ਨਾਲ ਇਹ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਪਰ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਨੂੰ ਟੈਡ ਕਰੂਜ਼ ਵਾਲਾ ਬਿਲ ਵਧੇਰੇ ਪਸੰਦ ਆਇਆ। ਦੂਜੇ ਪਾਸੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਅਤੇ ਟੈਕਸ ਨੀਤੀਆਂ ਦੇ ਜਾਣਕਾਰਾਂ ਵੱਲੋਂ ਬਿਲ ਦੇ ਸਰੂਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਟਿਪਸ ’ਤੇ ਲੱਗਣ ਵਾਲੇ ਟੈਕਸ ਦਾ ਖਾਤਮਾ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਨ ਵਾਲਿਆਂ ਦੀ ਮਾਮੂਲੀ ਜਿੱਤ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਆਮਦਨ ਐਨੀ ਨਹੀਂ ਕਿ ਉਹ ਫੈਡਰਲ ਟੈਕਸ ਦੇ ਘੇਰੇ ਵਿਚ ਆਉਣ। ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਰੈਸਟੋਰੈਂਟ ਦੇ ਮਾਲਕ ਮਨਮਾਨੀਆਂ ਕਰਨਗੇ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਟਿਪਸ ਦੇ ਹਿਸਾਬ ਨਾਲ ਤੈਅ ਕੀਤੀਆਂ ਜਾਣਗੀਆਂ।


