New York ਵਿਚ ਭਾਰਤੀ ਮੂਲ ਦੇ ਪਹਿਲੇ ਮੇਅਰ ਨੇ ਸਹੁੰ ਚੁੱਕੀ
ਨਿਊ ਯਾਰਕ ਸ਼ਹਿਰ ਨੂੰ ਭਾਰਤੀ ਮੂਲ ਦਾ ਪਹਿਲਾ ਮੇਅਰ ਮਿਲ ਗਿਆ ਜਦੋਂ ਜ਼ੌਹਰਾਨ ਮਮਦਾਨੀ ਨੇ ਨਵਾਂ ਸਾਲ ਚੜ੍ਹਦਿਆਂ ਹੀ ਸਿਟੀ ਹਾਲ ਦੇ ਹੇਠਾਂ ਬੰਦ ਪਏ ਸਬਵੇਅ ਸਟੇਸ਼ਨ ’ਤੇ ਸਹੁੰ ਚੁੱਕ ਲਈ

By : Upjit Singh
ਨਿਊ ਯਾਰਕ : ਨਿਊ ਯਾਰਕ ਸ਼ਹਿਰ ਨੂੰ ਭਾਰਤੀ ਮੂਲ ਦਾ ਪਹਿਲਾ ਮੇਅਰ ਮਿਲ ਗਿਆ ਜਦੋਂ ਜ਼ੌਹਰਾਨ ਮਮਦਾਨੀ ਨੇ ਨਵਾਂ ਸਾਲ ਚੜ੍ਹਦਿਆਂ ਹੀ ਸਿਟੀ ਹਾਲ ਦੇ ਹੇਠਾਂ ਬੰਦ ਪਏ ਸਬਵੇਅ ਸਟੇਸ਼ਨ ’ਤੇ ਸਹੁੰ ਚੁੱਕ ਲਈ। ਜ਼ੌਹਰਾਨ ਮਮਦਾਨੀ ਨਿਊ ਯਾਰਕ ਸਿਟੀ ਦੇ ਪਹਿਲੇ ਮੁਸਲਮਾਨ ਮੇਅਰ ਵਜੋਂ ਵੀ ਜਾਣੇ ਜਾਣਗੇ ਜਿਨ੍ਹਾਂ ਨੇ ਕੁਰਾਨ ’ਤੇ ਹੱਥ ਰੱਖ ਕੇ ਮੇਅਰ ਵਜੋਂ ਸਹੁੰ ਚੁੱਕੀ। ਮਮਦਾਨੀ ਦਾ ਪੂਰਾ ਪਰਵਾਰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਇਆ ਪਰ ਵੀਰਵਾਰ ਬਾਅਦ ਦੁਪਹਿਰ ਇਕ ਵਜੇ ਜਨਤਕ ਸਹੁੰ ਚੁੱਕ ਸਮਾਗਮ ਵੱਖਰੇ ਤੌਰ ’ਤੇ ਹੋ ਰਿਹਾ ਹੈ ਜਿਥੇ ਜ਼ੌਹਰਾਨ ਮਮਦਾਨੀ ਆਪਣੇ ਧਰਮ ਦੇ ਦੋ ਪਵਿੱਤਰ ਗ੍ਰੰਥਾਂ ’ਤੇ ਹੱਥ ਰੱਖ ਕੇ ਸਹੁੰ ਚੁੱਕਣਗੇ।
ਜ਼ੌਹਰਾਨ ਮਮਦਾਨੀ ਸ਼ਹਿਰ ਦੇ ਪਹਿਲੇ ਮੁਸਲਮਾਨ ਮੇਅਰ ਬਣੇ
ਇਨ੍ਹਾਂ ਵਿਚੋਂ ਇਕ ਜ਼ੌਹਰਾਨ ਮਮਦਾਨੀ ਦੇ ਦਾਦਾ-ਦਾਦੀ ਵੱਲੋਂ ਸੌਂਪੀ ਗਈ ਕੁਰਾਨ ਹੋਵੇਗੀ। ਦੱਸ ਦੇਈਏ ਕਿ ਨਿਊ ਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਇਸ ਵਾਰ ਬੇਹੱਦ ਦਿਲਚਸਪ ਰਹੀ ਅਤੇ ਟਰੰਪ ਦੀ ਹਮਾਇਤ ਦੇ ਬਾਵਜੂਦ ਵਿਰੋਧੀ ਉਮੀਦਵਾਰ ਚਾਰੋ ਖਾਨੇ ਚਿਤ ਹੋ ਗਿਆ। ਮਮਦਾਨੀ ਵੱਲੋਂ ਚੋਣ ਪ੍ਰਚਾਰ ਵਿਚ ਮਹਿੰਗਾਈ ਨੂੰ ਮੁੱਖ ਮੁੱਦਾ ਬਣਾਇਆ ਗਿਆ ਅਤੇ ਨਿਊ ਯਾਰਕ ਦੇ ਗੁਰਦਵਾਰਾ ਸਾਹਿਬਾਨ ਅਤੇ ਹੋਰਨਾਂ ਕਈ ਧਾਰਮਿਕ ਸਥਾਨਾਂ ’ਤੇ ਪ੍ਰਚਾਰ ਕਰਨ ਲਈ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਸ਼ੌਮਬਰਗ ਸੈਂਟਰ ਵਿਚ ਮੌਜੂਦ ਜੇਬ ਵਿਚ ਰੱਖੀ ਜਾ ਸਕਣ ਵਾਲੀ ਕੁਰਾਨ ਪਿਉਰਤੋ ਰੀਕੋ ਦੇ ਇਤਿਹਾਸਕਾਰ ਆਰਤੁਰੋ ਸ਼ੌਮਬਰਗ ਦੀ ਕੁਲੈਕਸ਼ਨ ਦਾ ਹਿੱਸਾ ਰਹੀ। ਫ਼ਿਲਹਾਲ ਇਹ ਸਪੱਸ਼ਟ ਨਹੀਂ ਕਿ ਜ਼ੌਹਰਾਨ ਮਮਦਾਨੀ ਕੋਲ ਇਹ ਕੁਰਾਨ ਕਿਵੇਂ ਪੁੱਜੀ ਪਰ ਸਕੌਲਰਜ਼ ਦਾ ਮੰਨਣਾ ਹੈ ਕਿ ਇਹ ਅਮਰੀਕਾ ਤੇ ਅਫ਼ਰੀਕਾ ਵਿਚ ਇਸਲਾਮ ਅਤੇ ਕਾਲੇ ਲੋਕਾਂ ਦੇ ਸਭਿਆਚਾਰ ਦਰਮਿਆਨ ਇਤਿਹਾਸਕ ਸਬੰਧਾਂ ਉਤੇ ਚਾਨਣਾ ਪਾਉਂਦੀ ਹੈ।


