ਨਿਊ ਯਾਰਕ ਸੂਬੇ ਦੀ ਸੈਨੇਟ ਨੇ ਸਿਰਜਿਆ ਇਤਿਹਾਸ
ਅਮਰੀਕਾ ਦੇ ਨਿਊ ਯਾਰਕ ਸੂਬੇ ਨੇ ਇਤਿਹਾਸ ਸਿਰਜ ਦਿਤਾ ਜਦੋਂ ਸੂਬਾ ਸੈਨੇਟ ਵਿਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਤਾ ਗਿਆ।

By : Upjit Singh
ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ਨੇ ਇਤਿਹਾਸ ਸਿਰਜ ਦਿਤਾ ਜਦੋਂ ਸੂਬਾ ਸੈਨੇਟ ਵਿਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਤਾ ਗਿਆ। ਸੂਬਾਈ ਸੈਨੇਟ ਦੀ ਮੈਂਬਰ ਜੈਸਿਕਾ ਰੈਮੋਜ਼ ਨੇ ਸਿੱਖ ਭਾਈਚਾਰੇ ਦੀ ਆਵਾਜ਼ ਬਣਦਿਆਂ ਸਦਨ ਵਿਚ ਮੌਜੂਦ ਭਾਈਚਾਰੇ ਦੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਇਕੱਲੇ ਨਹੀਂ ਅਤੇ ਨਸਲਕੁਸ਼ੀ ਦੇ ਇਨਸਾਫ਼ ਲਈ ਮੋਢੇ ਨਾਲ ਮੋਢਾ ਜੋੜ ਕੇ ਮੁਹਿੰਮ ਵਿੱਢੀ ਜਾਵੇਗੀ। ਜੈਸਿਕ ਰੈਮੋਜ਼ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ 1984 ਵਿਚ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ ਜਦਕਿ ਔਰਤਾਂ ਬੇਪੱਤ ਕੀਤੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦੀ ਹੱਤਿਆ ਕਰ ਦਿਤੀ ਗਈ।
1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਤਾ
ਸਿੱਖਾਂ ਦੇ ਘਰ-ਬਾਰ ਅਤੇ ਕਾਰੋਬਾਰ ਫੂਕ ਦਿਤੇ ਗਏ ਜਦਕਿ ਗੁਰਦਵਾਰਾ ਸਾਹਿਬ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਜੈਸਿਕਾ ਨੇ ਆਖਿਆ ਕਿ ਇਹ ਕੋਈ ਅਚਾਨਕ ਵਾਪਰਿਆ ਘਟਨਾਕ੍ਰਮ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਸਿੱਖ ਨਸਲਕੁਸ਼ੀ ਸੀ। ਸਿਰਫ ਭਾਰਤ ਦੀ ਰਾਜਧਾਨੀ ਵਿਚ ਹੀ ਨਹੀਂ ਸਗੋਂ ਯੂ.ਪੀ., ਹਰਿਆਣਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚ ਵੀ ਸਿੱਖਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਗਿਆ। ਮਨੁੱਖੀ ਅਧਿਕਾਰੀਆਂ ਜਥੇਬੰਦੀਆਂ, ਇਤਿਹਾਸਕਾਰਾਂ ਅਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਇਸ ਨੂੰ ਸਿੱਖ ਨਸਲਕੁਸ਼ੀ ਕਰਾਰ ਦੇ ਚੁੱਕੀਆਂ ਹਨ। ਜੈਸਿਕਾ ਨੇ ਦਾਅਵਾ ਕੀਤਾ ਕਿ 1984 ਦੇ ਘਟਨਾਕ੍ਰਮ ਤੋਂ ਐਨੇ ਸਾਲ ਬਾਅਦ ਅੱਜ ਵੀ ਦੁਨੀਆਂ ਦੇ ਕੋਨੇ ਕੋਨੇ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਮਰੀਕਾ ਵਿਚ 9/11 ਦੇ ਹਮਲੇ ਮਗਰੋਂ ਪਛਾਣ ਦੇ ਭੁਲੇਖੇ ਦਾ ਬਹਾਨਾ ਬਣਾਉਂਦਿਆਂ ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ।
ਸੈਨੇਟਰ ਜੈਸਿਕਾ ਰੈਮੋਜ਼ ਨੇ ਉਠਾਇਆ ਸਦਨ ਵਿਚ ਪੇਸ਼ ਕੀਤਾ ਮਤਾ
ਜੈਸਿਕਾ ਨੇ ਕਿਹਾ ਕਿ ਨਿਊ ਯਾਰਕ ਸੂਬਾ ਆਪਣੀ ਸਭਿਆਚਾਰਕ ਵੰਨ-ਸੁਵੰਨਤਾ ਅਤੇ ਇਨਸਾਫ਼ ਲਈ ਜਾਣਿਆ ਜਾਂਦਾ ਹੈ ਜਿਥੇ ਵੱਡੀ ਗਿਣਤੀ ਵਿਚ ਸਿੱਖ ਵਸਦੇ ਹਨ। ਨਿਊ ਯਾਰਕ ਸੂਬੇ ਦੇ ਵਿਕਾਸ ਵਿਚ ਸਿੱਖਾਂ ਦੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਕਰੀਬਨ 120 ਸਾਲ ਤੋਂ ਸਿੱਖ ਅਮਰੀਕਾ ਦਾ ਅਟੁੱਟ ਹਿੱਸਾ ਬਣੇ ਹੋਏ ਹਨ ਅਤੇ ਇਨ੍ਹਾਂ ਦਾ ਭਵਿੱਖ ਅਮਰੀਕਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿੱਖਾਂ ਵੱਲੋਂ ਨਾ ਸਿਰਫ ਕਾਰੋਬਾਰ ਵਿਚ ਸਫ਼ਲਤਾ ਦੇ ਝੰਡੇ ਝੁਲਾਏ ਗਏ ਸਗੋਂ ਮੈਡੀਸਨ, ਪਬਲਿਕ ਸਰਵਿਸ, ਲਾਅ ਐਨਫੋਰਸਮੈਂਟ ਅਤੇ ਅਕਾਦਮਿਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ। ਸਿੱਖ ਧਰਮ ਵਿਚ ਨਿਸ਼ਕਾਮ ਸੇਵਾ ਦਾ ਸਿਧਾਂਤ ਪੂਰੀ ਦੁਨੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ।


