ਆਸਟ੍ਰੇਲੀਆ ’ਚ ਨਵੇਂ ਸਾਲ ਮੌਕੇ ਛੁਰੇਬਾਜ਼ੀ ਅਤੇ ਕੁੱਟਮਾਰ ਦੀਆਂ ਵਾਰਦਾਤਾਂ
ਆਸਟ੍ਰੇਲੀਆ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਛੁਰੇਬਾਜ਼ੀ ਅਤੇ ਕੁੱਟਮਾਰ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਅਤੇ ਪੁਲਿਸ ਵੱਲੋਂ ਘੱਟੋ ਘੱਟ 36 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ।
By : Upjit Singh
ਸਿਡਨੀ : ਆਸਟ੍ਰੇਲੀਆ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਛੁਰੇਬਾਜ਼ੀ ਅਤੇ ਕੁੱਟਮਾਰ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਅਤੇ ਪੁਲਿਸ ਵੱਲੋਂ ਘੱਟੋ ਘੱਟ 36 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਸਿਡਨੀ ਅਤੇ ਮੈਲਬਰਨ ਵਿਖੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦੌਰਾਨ ਦੋ ਅੱਲ੍ਹੜ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਵੱਡੇ ਤੜਕੇ ਸਿਡਨੀ ਤੋਂ 20 ਕਿਲੋਮੀਟਰ ਪੱਛਮ ਵੱਲ ਗਿਲਫਰਡ ਇਲਾਕੇ ਵਿਚ ਨਾਜਾਇਜ਼ ਤਰੀਕੇ ਨਾਲ ਪਟਾਕੇ ਚਲਾਉਣ ਅਤੇ ਛੁਰੇਬਾਜ਼ੀ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਅਫਸਰਾਂ ਨੂੰ ਪਤਾ ਲੱਗਾ ਕਿ ਦੋ ਧੜਿਆਂ ਦਰਮਿਆਨ ਪਟਾਕੇ ਚਲਾਉਣ ਦੇ ਮੁੱਦੇ ’ਤੇ ਝਗੜਾ ਹੋਇਆ ਅਤੇ 17 ਸਾਲਾ ਅੱਲ੍ਹੜ ਦੀ ਪਿੱਠ ਵਿਚ ਛੁਰਾ ਮਾਰ ਦਿਤਾ ਗਿਆ।
ਸਿਡਨੀ ਅਤੇ ਮੈਲਬਰਨ ਪੁਲਿਸ ਵੱਲੋਂ 36 ਜਣੇ ਗ੍ਰਿਫ਼ਤਾਰ
ਅੱਲ੍ਹੜ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਮਲਾ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਿਆ ਪਰ ਵੱਖ ਵੱਖ ਥਾਵਾਂ ’ਤੇ ਕੁਟਮਾਰ ਸਣੇ ਹੋਰ ਵਾਰਦਾਤਾਂ ਵਿਚ ਸ਼ਾਮਲ 36 ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਥੇ ਦਸਣਾ ਬਣਦਾ ਹੈ ਕਿ ਸਿਡਨੀ ਹਾਰਬਰ ’ਤੇ ਨਵੇਂ ਸਾਲ ਦੀ ਆਤਿਸ਼ਬਾਜ਼ੀ ਦੇਖਣ ਅਤੇ ਜਸ਼ਨਾਂ ਵਿਚ ਸ਼ਾਮਲ 2 ਲੱਖ ਤੋਂ ਵੱਧ ਲੋਕ ਪੁੱਜੇ ਹੋਏ ਸਨ। ਉਧਰ ਮੈਲਬਰਟ ਵਿਖੇ 52 ਥਾਵਾਂ ’ਤੇ ਹਿੰਸਾ ਦੀ ਰਿਪੋਰਟ ਮਿਲੀ ਅਤੇ 14 ਜਣਿਆਂ ਨੂੰ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਹਿਰ ਦੇ ਬਲੇਅਰਗੋਰੀ ਇਲਾਕੇ ਵਿਚ ਇਕ ਅੱਲ੍ਹੜ ਨੂੰ ਛੁਰੇ ਮਾਰ ਕੇ ਜ਼ਖਮੀ ਕਰਨ ਦੀ ਰਿਪੋਰਟ ਹੈ ਅਤੇ ਦੋ ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਬ੍ਰਿਸਬਨ, ਪਰਥ ਅਤੇ ਹੋਰ ਕਈ ਵੱਡੇ ਸ਼ਹਿਰਾਂ ਵਿਚ ਵੀ ਪੁਲਿਸ ਨੂੰ ਭਾਜੜਾਂ ਪਈਆਂ ਰਹੀਆਂ ਜਦੋਂ ਹੁਲੜਬਾਜ਼ਾਂ ਵੱਲੋਂ ਜਨਤਕ ਥਾਵਾਂ ’ਤੇ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਗਏ।