America ਦੇ truck drivers ਨੂੰ ਛਿੜੀ ਨਵੀ ਬਿਪਤਾ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਦਰਮਿਆਨ ਡਰਾਈਵਰਲੈੱਸ ਟਰੱਕਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਹੈ

By : Upjit Singh
ਔਸਟਿਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਦਰਮਿਆਨ ਡਰਾਈਵਰਲੈੱਸ ਟਰੱਕਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਹੈ। ਟੈਕਸਸ, ਐਰੀਜ਼ੋਨਾ ਅਤੇ ਅਰਕੰਸਾ ਰਾਜਾਂ ਵਿਚ 24 ਘੰਟੇ ਅਜਿਹੇ ਟਰੱਕ ਚਲਾਏ ਜਾ ਰਹੇ ਹਨ ਅਤੇ ਰਿਟੇਲ ਸਟੋਰਾਂ ਤੱਕ ਸਮਾਨ ਪੁੱਜਦਾ ਕੀਤਾ ਜਾ ਰਿਹਾ ਹੈ। ਮਿਡੀਅਮ ਡਿਊਟੀ ਟਰੱਕ ਅਪ੍ਰੇਟ ਕਰ ਰਹੀ ਕੰਪਨੀ ਗੈਟਿਕ ਨੇ ਦੱਸਿਆ ਕਿ ਡਰਾਈਵਰਲੈੱਸ ਟਰੱਕਾਂ ਰਾਹੀਂ ਬਗੈਰ ਕਿਸੇ ਹਾਦਸੇ ਤੋਂ 60 ਹਜ਼ਾਰ ਆਰਡਰ ਭੁਗਤਾਏ ਜਾ ਚੁੱਕੇ ਹਨ। ਦਿਲਚਸਪ ਤੱਥ ਇਹ ਹੈ ਕਿ ਗੈਟਿਕ ਦੇ ਕੋਅ ਫ਼ਾਊਂਡਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਭਾਰਤੀ ਮੂਲ ਦੇ ਗੌਤਮ ਨਾਰੰਗ ਹਨ।
ਤਿੰਨ ਰਾਜਾਂ ਵਿਚ ਡਰਾਈਵਰਲੈੱਸ ਟਰੱਕਾਂ ਦੀ ਆਵਾਜਾਈ ਸ਼ੁਰੂ
ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਸਮਾਨ ਦੀ ਢੋਆ ਢੁਆਈ ਵਾਸਤੇ 600 ਮਿਲੀਅਨ ਡਾਲਰ ਦਾ ਠੇਕਾ ਕੀਤਾ ਗਿਆ ਹੈ ਅਤੇ ਡਰਾਈਵਰਲੈੱਸ ਟਰੱਕ ਦੀ ਮੰਗ ਲਗਾਤਾਰ ਵਧ ਰਹੀ ਹੈ। ਗੈਟਿਕ ਦੇ ਗਾਹਕਾਂ ਵਿਚ ਵਾਲਮਾਰਟ, ਕਰੌਗਰ, ਟਾਇਸਨ ਅਤੇ ਜਾਰਜੀਆ ਪੈਸੇਫ਼ਿਕ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਗੌਤਮ ਨਾਰੰਗ ਨੇ ਦਾਅਵਾ ਕੀਤਾ ਕਿ ਲੌਜਿਸਟਿਕਸ ਦੇ ਭਵਿੱਖ ਨੂੰ ਨਵਾਂ ਰੂਪ ਦਿਤਾ ਜਾ ਰਿਹਾ ਹੈ ਜਿਸ ਵਿਚ ਡਰਾਈਵਰਲੈੱਸ ਟਰੱਕਾਂ ਨੂੰ ਲੰਮੇ ਰੂਟਾਂ ’ਤੇ ਚਲਾਉਣ ਦੀ ਯੋਜਨਾ ਵੀ ਸ਼ਾਮਲ ਹੈ। ਆਟੋਮੈਟਿਕ ਟਰੱਕ ਵਿਚ ਸਮਾਨ ਲੋਡ ਕਰਨ ਤੋਂ ਲੈ ਕੇ ਅਨਲੋਡਿੰਗ ਤੱਕ ਹਰ ਤਰੀਕਾ ਆਧੁਨਿਕ ਰੂਪ ਅਖਤਿਆਰ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੀ ਟ੍ਰਕਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫ਼ਿਲਹਾਲ ਬਗੈਰ ਡਰਾਈਵਰ ਵਾਲੇ ਟਰੱਕ ਉਨ੍ਹਾਂ ਦੇ ਮੈਂਬਰਾਂ ਦੀ ਰੋਜ਼ੀ ਰੋਟੀ ਵਾਸਤੇ ਵੱਡਾ ਖ਼ਤਰਾ ਨਹੀਂ ਬਣ ਰਹੇ ਪਰ ਲੰਮੇ ਰੂਟਾਂ ’ਤੇ ਇਨ੍ਹਾਂ ਦੀ ਵਰਤੋਂ ਡਰਾਈਵਿੰਗ ਦੇ ਕਿਤੇ ਵਿਚ ਸਰਗਰਮ ਲੋਕਾਂ ਵਿਚ ਡਰ ਪੈਦਾ ਕਰ ਸਕਦੀ ਹੈ। ਟੈਕ ਕੰਪਨੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਡਰਾਈਵਰਲੈੱਸ ਟਰੱਕਾਂ ਦੀ ਸੰਭਾਲ ਕਰਨੀ ਵੀ ਸੌਖੀ ਨਹੀਂ ਅਤੇ ਇਸ ਵਾਸਤੇ ਮੈਨ ਪਾਵਰ ਦੀ ਵੱਡੇ ਪੱਧਰ ’ਤੇ ਜ਼ਰੂਰਤ ਹੋਵੇਗੀ।


