ਅਮਰੀਕਾ ਦੇ ਹਸਪਤਾਲ ’ਚ ਦਾਖਲ ਨੀਲਮ ਸ਼ਿੰਦੇ ਦੇ ਪਿਤਾ ਨੂੰ ਮਿਲਿਆ ਵੀਜ਼ਾ
ਕੈਲੇਫੋਰਨੀਆ ਵਿਚ ਦਰਦਨਾਕ ਹਾਦਸੇ ਮਗਰੋਂ ਕੋਮਾ ਵਿਚ ਗਈ ਭਾਰਤੀ ਵਿਦਿਆਰਥਣ ਦੇ ਪਿਤਾ ਅਤੇ ਭਰਾ ਨੂੰ ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਵੱਲੋਂ ਐਮਰਜੰਸੀ ਵੀਜ਼ਾ ਦੇ ਦਿਤਾ ਗਿਆ ਹੈ।

By : Upjit Singh
ਨਵੀਂ ਦਿੱਲੀ : ਕੈਲੇਫੋਰਨੀਆ ਵਿਚ ਦਰਦਨਾਕ ਹਾਦਸੇ ਮਗਰੋਂ ਕੋਮਾ ਵਿਚ ਗਈ ਭਾਰਤੀ ਵਿਦਿਆਰਥਣ ਦੇ ਪਿਤਾ ਅਤੇ ਭਰਾ ਨੂੰ ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਵੱਲੋਂ ਐਮਰਜੰਸੀ ਵੀਜ਼ਾ ਦੇ ਦਿਤਾ ਗਿਆ ਹੈ। ਸੈਕਰਾਮੈਂਟੋ ਦੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦਰਮਿਆਨ ਜੰਗ ਲੜ ਰਹੀ ਨੀਲਮ ਸ਼ਿੰਦੇ ਦੇ ਮਾਮਾ ਸੰਜੇ ਕਦਮ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਉਪਰਾਲੇ ਸਦਕਾ ਵੀਜ਼ਾ ਮਿਲ ਚੁੱਕਾ ਹੈ ਅਤੇ ਨੀਲਮ ਦੇ ਪਿਤਾ ਤੇ ਭਰਾ ਜਲਦ ਅਮਰੀਕਾ ਰਵਾਨਾ ਹੋ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪੁਣੇ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰਨ ਮਗਰੋਂ ਨੀਲਮ ਸ਼ਿੰਦੇ ਨੂੰ ਨਾਸਾ ਵਿਚ ਇਕ ਸਾਲ ਇਨਟਰਨਸ਼ਿਪ ਕਰਨ ਦਾ ਮੌਕਾ ਮਿਲਿਆ ਅਤੇ ਇਸ ਮਗਰੋਂ ਉਸ ਨੇ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਮਾਸਟਰਜ਼ ਡਿਗਰੀ ਵਿਚ ਦਾਖਲਾ ਲੈ ਲਿਆ। ਕੋਰਸ ਪੂਰਾ ਹੋਣ ਹੀ ਵਾਲਾ ਸੀ ਕਿ 14 ਫਰਵਰੀ ਨੂੰ ਇਕ ਬੇਕਾਬੂ ਕਾਰ ਨੇ ਨੀਲਮ ਸ਼ਿੰਦੇ ਨੂੰ ਟੱਕਰ ਮਾਰ ਦਿਤੀ।
ਭਾਰਤ ਸਰਕਾਰ ਦੇ ਦਖਲ ਮਗਰੋਂ ਅਮਰੀਕਾ ਦੀ ਅੰਬੈਸੀ ਨੇ ਕੀਤੀ ਕਾਰਵਾਈ
ਹਿੱਟ ਐਂਡ ਰਨ ਦੇ ਇਸ ਮਾਮਲੇ ਵਿਚ ਨੀਲਮ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਜਦਕਿ ਸਿਰ ਵਿਚ ਵੀ ਗੰਭੀਰ ਸੱਟ ਵੱਜੀ। ਐਮਰਜੰਸੀ ਕਾਮਿਆਂ ਵੱਲੋਂ ਉਸ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਨੀਲਮ ਦੇ ਪਰਵਾਰ ਨੂੰ ਹਾਦਸੇ ਬਾਰੇ 16 ਫ਼ਰਵਰੀ ਨੂੰ ਪਤਾ ਲੱਗ ਸਕਿਆ। ਸੈਕਰਾਮੈਂਟੋ ਦੇ ਡੇਵਿਸ ਹੈਲਥ ਸੈਂਟਰ ਦੇ ਡਾਕਟਰ ਨੀਲਮ ਸ਼ਿੰਦੇ ਦੇ ਸਿਰ ਦਾ ਅਪ੍ਰੇਸ਼ਨ ਕਰਨਾ ਚਾਹੁੰਦੇ ਹਨ ਅਤੇ ਇਸ ਵਾਸਤੇ ਕਿਸੇ ਨਜ਼ਦੀਕੀ ਪਰਵਾਰਕ ਮੈਂਬਰ ਦੀ ਲਿਖਤੀ ਸਹਿਮਤੀ ਲਾਜ਼ਮੀ ਹੈ। ਉਧਰ ਸੈਕਰਾਮੈਂਟੋ ਪੁਲਿਸ ਨੇ ਨੀਲਮ ਸ਼ਿੰਦੇ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਡਰਾਈਵਰ ਗ੍ਰਿਫ਼ਤਾਰ ਕਰ ਲਿਆ ਹੈ ਪਰ ਕਿਸੇ ਨਜ਼ਦੀਕੀ ਪਰਵਾਰਕ ਮੈਂਬਰ ਦੀ ਗੈਰਮੌਜੂਦਗੀ ਵਿਚ ਉਸ ਵਿਰੁੱਧ ਗੰਭੀਰ ਦੋਸ਼ ਆਇਦ ਕਰਨ ਵਿਚ ਦਿੱਕਤ ਆ ਰਹੀ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਐਮ.ਪੀ. ਸੁਪ੍ਰਿਆ ਸੁਲੇ ਨੇ ਸਭ ਤੋਂ ਪਹਿਲਾਂ ਨੀਲਮ ਸ਼ਿੰਦੇ ਦਾ ਮਾਮਲਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਉਠਾਇਆ ਅਤੇ ਹੁਣ ਉਨ੍ਹਾਂ ਵੱਲੋਂ ਹੀ ਹਵਾਈ ਟਿਕਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।


