ਟਰੰਪ ਦੇ ਸਾਹਮਣੇ ਛਿਤਰੋ-ਛਿਤਰੀ ਹੋਏ ਮਸਕ ਤੇ ਰੂਬੀਓ
ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਹਮਣੇ ਈਲੌਨ ਮਸਕ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਰਮਿਆਨ ਤੂੰ-ਤੂੰ, ਮੈਂ-ਮੈਂ ਹੋ ਗਈ।

By : Upjit Singh
ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਹਮਣੇ ਈਲੌਨ ਮਸਕ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਰਮਿਆਨ ਤੂੰ-ਤੂੰ, ਮੈਂ-ਮੈਂ ਹੋ ਗਈ। ਯੂ.ਐਸ. ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਮਸਕ ਅਤੇ ਰੂਬੀਓ ਸਟਾਫ਼ ਵਿਚ ਕਟੌਤੀ ਦੇ ਮਸਲੇ ’ਤੇ ਭਿੜੇ ਅਤੇ ਡੌਜ ਦੇ ਮੁਖੀ ਨੇ ਵਿਦੇਸ਼ ਮੰਤਰੀ ’ਤੇ ਦੋਸ਼ ਲਾਇਆ ਕਿ ਉਹ ਆਪਣੇ ਵਿਭਾਗ ਦਾ ਸਟਾਫ ਘਟਾਉਣ ਵਿਚ ਅਸਫਲ ਰਹੇ। ਇਸ ਦੇ ਜਵਾਬ ਵਿਚ ਰੂਬੀਓ ਨੇ ਮਸਕ ’ਤੇ ਕੋਰਾ ਝੂਠ ਬੋਲਣ ਦਾ ਦੋਸ਼ ਲਾਇਆ। ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੇ 1,500 ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਚੁੱਕੇ ਹਨ, ਕੀ ਉਨ੍ਹਾਂ ਨੂੰ ਛਾਂਟੀ ਵਿਚ ਨਹੀਂ ਗਿਣਿਆ ਜਾ ਸਕਦਾ। ਕੀ ਮਸਕ ਚਾਹੁੰਦੇ ਹਨ ਕਿ ਉਹ ਸਾਫ਼ ਨੂੰ ਮੁੜ ਨੌਕਰੀ ’ਤੇ ਰੱਖਣ ਅਤੇ ਫਿਰ ਕੱਢਣ ਦਾ ਦਿਖਾਵਾ ਕੀਤਾ ਜਾਵੇ।
ਮਸਕ ਦੇ ਤੌਰ-ਤਰੀਕਿਆਂ ਤੋਂ ਕਈ ਮੰਤਰੀ ਔਖੇ
ਵਿਦੇਸ਼ ਮੰਤਰੀ ਦੀ ਇਸ ਦਲੀਲ ਦਾ ਮਸਕ ’ਤੇ ਕੋਈ ਅਸਰ ਨਾ ਹੋਇਆ ਅਤੇ ਉਨ੍ਹਾਂ ਰੂਬੀਓ ਨੂੰ ਕਿਹਾ ਕਿ ਤੁਸੀਂ ਸਿਰਫ਼ ਟੀ.ਵੀ. ’ਤੇ ਚੰਗੇ ਲਗਦੇ ਹੋ। ਦੋਹਾਂ ਵਿਚਾਲੇ ਬਹਿਸ ਹੋਰ ਤੇਜ਼ ਹੋਣ ਲੱਗੀ ਤਾਂ ਟਰੰਪ ਨੇ ਰੂਬੀਓ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਵਿਦੇਸ਼ ਮੰਤਰੀ ਦੇ ਰੁਝੇਵੇਂ ਕਾਫ਼ੀ ਜ਼ਿਆਦਾ ਹੈ ਅਤੇ ਅਕਸਰ ਹੀ ਵਿਦੇਸ਼ ਯਾਤਰਾ ਕਰਨੀ ਪੈਂਦੀ ਹੈ ਜਦਕਿ ਟੀ.ਵੀ. ’ਤੇ ਵੀ ਸਮਾਂ ਦੇਣਾ ਪੈਂਦਾ ਹੈ ਜਿਸ ਨੂੰ ਵੇਖਦਿਆਂ ਸਾਰਿਆਂ ਨੂੰ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀ ਟੀਮ ਦੇ ਕਈ ਮੈਂਬਰ ਮਸਕ ਦੇ ਤੌਰ-ਤਰੀਕਿਆਂ ਤੋਂ ਔਖੇ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਹੀ ਅਚਨਚੇਤ ਮੀਟਿੰਗ ਸੱਦੀ ਗਈ। ਮੀਟਿੰਗ ਦੌਰਾਨ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਮੌਜੂਦ ਨਹੀਂ ਸਨ। ਬੇਸੈਂਟ ਅਤੇ ਮਸਕ ਦਰਮਿਆਨ ਕਈ ਵਾਰ ਟਕਰਾਅ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ।
ਟਰੰਪ ਨੇ ਕੁਤਰ ਦਿਤੇ ਮਸਕ ਦੇ ਖੰਭ
ਉਧਰ ਮੀਟਿੰਗ ਦੌਰਾਨ ਟਰੰਪ ਨੇ ਈਲੌਨ ਮਸਕ ਦੇ ਖੰਭ ਕੁਤਰ ਦਿਤੇ ਅਤੇ ਕਿਹਾ ਕਿ ਮਸਕ ਦੀ ਟੀਮ ਸਬੰਧਤ ਵਿਭਾਗ ਦੇ ਮੰਤਰੀ ਨੂੰ ਸਿਰਫ਼ ਸਲਾਹ ਦੇ ਸਕਦੀ ਹੈ। ਇਸੇ ਦੌਰਾਨ ਓਵਲ ਦਫ਼ਤਰ ਵਿਚ ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਰੂਬੀਓ ਅਤੇ ਮਸਕ ਦੇ ਕਥਿਤ ਝਗੜੇ ਬਾਰੇ ਪੁੱਛਿਆ ਤਾਂ ਉਹ ਭੜਕ ਗਏ ਅਤੇ ਪੱਤਰਕਾਰ ’ਤੇ ਮੁਸ਼ਕਲਾਂ ਖੜ੍ਹੀਆਂ ਕਰਨ ਦੇ ਦੋਸ਼ ਲਾਉਣ ਲੱਗੇ। ਇਥੇ ਦਸਣਾ ਬਣਦਾ ਹੈ ਕਿ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਦੇ ਮੁਖੀ ਈਲੌਨ ਮਸਕ ਵੱਲੋਂ ਯੂ.ਐਸ. ਏਜੰਸੀ ਫ਼ੌਰ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਭੰਗ ਕਰ ਦਿਤਾ ਅਤੇ ਇਹ ਏਜੰਸੀ ਰੂਬੀਓ ਦੇ ਵਿਭਾਗ ਨਾਲ ਸਬੰਧਤ ਸੀ। ਮਸਕ ਨੇ ਰੂਬੀਓ ਨਾਲ ਗੱਲ ਕੀਤੇ ਬਗੈਰ ਹੀ ਫੈਸਲਾ ਲੈ ਲਿਆ ਅਤੇ ਇਸੇ ਕਰ ਕੇ ਵਿਦੇਸ਼ ਮੰਤਰੀ ਦੇ ਮਨ ਵਿਚ ਗੁੱਸਾ ਭਰਿਆ ਹੋਇਆ ਸੀ ਜੋ ਟਰੰਪ ਦੇ ਸਾਹਮਣੇ ਨਿਕਲ ਗਿਆ।


