ਅਮਰੀਕਾ ’ਚ ਭਾਰਤੀ ਔਰਤ ਵੱਲੋਂ ਕਰਵਾਏ ਕਤਲ ਦਾ ਮਾਮਲਾ ਭਖਿਆ
ਅਮਰੀਕਾ ਵਿਚ ਭਾਰਤੀ ਔਰਤ ਵੱਲੋਂ ਕਥਿਤ ਤੌਰ ’ਤੇ ਪਤੀ ਦੀ ਹੱਤਿਆ ਕਰਵਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ ਅਤੇ ਵਿਕਾਸ ਯਾਦਵ ਦੀ ਮੌਤ ਤੋਂ ਪਹਿਲਾਂ ਰਿਕਾਰਡ ਇਕ ਵੀਡੀਓ ਸਾਹਮਣੇ ਆਈ ਹੈ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਔਰਤ ਵੱਲੋਂ ਕਥਿਤ ਤੌਰ ’ਤੇ ਪਤੀ ਦੀ ਹੱਤਿਆ ਕਰਵਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ ਅਤੇ ਵਿਕਾਸ ਯਾਦਵ ਦੀ ਮੌਤ ਤੋਂ ਪਹਿਲਾਂ ਰਿਕਾਰਡ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਵਿਕਾਸ ਆਪਣੀ ਪਤਨੀ ਸੰਗੀਤਾ ਨੂੰ ਵਾਪਸ ਆਉਣ ਦੀ ਦੁਹਾਈ ਦੇ ਰਿਹਾ ਹੈ ਅਤੇ ਸਵਾਲ ਕਰਦਾ ਹੈ ਕਿ ਉਹ ਕਿਸੇ ਦੇ ਘਰ ਜਾ ਕੇ ਕਿਉਂ ਬੈਠੀ ਹੈ। ਮਰਹੂਮ ਵਿਕਾਸ ਦੀ ਮਾਂ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਅਤੇ ਮੁਢਲੇ ਦਿਨਾਂ ਵਿਚ ਛੋਟੇ-ਮੋਟੇ ਕੰਮ ਕਰਨ ਲੱਗਾ। ਕੁਝ ਸਮੇਂ ਬਾਅਦ ਵਿਕਾਸ ਨੂੰ ਨਿਊ ਯਾਰਕ ਦੇ ਇਕ ਹੋਟਲ ਵਿਚ ਨੌਕਰੀ ਮਿਲ ਗਈ ਜਿਥੇ ਉਸ ਦੀ ਮੁਲਾਕਾਤ ਹਰਿਆਣਾ ਦੇ ਪਿੰਡ ਫਤਿਹਪੁਰ ਨਾਲ ਸਬੰਧਤ ਸੋਨੂੰ ਅਤੇ ਰਾਹੜਾ ਦੇ ਗੁਰਮੀਤ ਨਾਲ ਹੋਈ।
ਪਤੀ ਵਿਕਾਸ ਯਾਦਵ ਦੀ ਵੀਡੀਓ ਆਈ ਸਾਹਮਣੇ
ਬੇਗਾਨੇ ਮੁਲਕ ਵਿਚ ਉਹ ਇਕ-ਦੂਜੇ ਦਾ ਸਹਾਰਾ ਬਣ ਗਏ ਅਤੇ ਇਕ ਸਾਲ ਤੱਕ ਸਭ ਠੀਕ ਚਲਦਾ ਰਿਹਾ ਪਰ ਇਸੇ ਦੌਰਾਨ ਸੰਗੀਤਾ ਅਤੇ ਸੋਨੂੰ ਦੀ ਨੇੜਤਾ ਵਧ ਗਈ। ਤਕਰੀਬਨ ਡੇਢ ਸਾਲ ਪਹਿਲਾਂ ਵਿਕਾਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਅਫੇਅਰ ਸੋਨੂੰ ਨਾਲ ਚੱਲ ਰਿਹਾ ਹੈ ਪਰ ਉਹ ਕੁਝ ਨਾ ਕਰ ਸਕਿਆ। ਕ੍ਰਿਸ਼ਨਾ ਦੇਵੀ ਨੇ ਅੱਗੇ ਦੱਸਿਆ ਕਿ ਵਿਕਾਸ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਇਸੇ ਦੌਰਾਨ ਸੰਗੀਤਾ ਆਪਣੀ ਬੇਟੀ ਸਣੇ ਉਸ ਦਾ ਘਰ ਛੱਡ ਕੇ ਚਲੀ ਗਈ। ਵਿਕਾਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਪਰ ਕੋਈ ਮਦਦ ਨਾ ਮਿਲੀ ਅਤੇ ਬੇਟੀ ਨੂੰ ਆਪਣੇ ਕੋਲ ਲਿਆਉਣ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ। ਪਰਵਾਰਕ ਸਮੱਸਿਆਵਾਂ ਤੋਂ ਤੰਗ ਵਿਕਾਸ ਨੇ ਆਪਣੀ ਮਾਂ ਕ੍ਰਿਸ਼ਨਾ ਦੇਵੀ ਨੂੰ ਅਮਰੀਕਾ ਸੱਦ ਲਿਆ ਅਤੇ ਆਪਣੀ ਬੇਟੀ ਨੂੰ ਘਰ ਲਿਆਉਣ ਦੇ ਯਤਨ ਵੀ ਜਾਰੀ ਰੱਖੇ। ਕ੍ਰਿਸ਼ਨਾ ਦੇਵੀ ਮੁਤਾਬਕ ਸੋਨੂੰ, ਵਿਕਾਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਕਈ ਜਣਿਆਂ ਨਾਲ ਰਲ ਕੇ ਉਸ ਨੇ ਹੀ ਵਿਕਾਸ ਉਤੇ ਕਥਿਤ ਹਮਲਾ ਕੀਤਾ।
ਵਿਕਾਸ ਦੀ ਮਾਤਾ ਨੇ ਨਿਊ ਯਾਰਕ ਪੁਲਿਸ ਤੋਂ ਕਾਰਵਾਈ ਮੰਗੀ
ਹਮਲੇ ਦੌਰਾਨ ਜ਼ਖਮੀ ਵਿਕਾਸ 9 ਦਿਨ ਹਸਪਤਾਲ ਵਿਚ ਜ਼ਿੰਦਗੀ ਲਈ ਸੰਘਰਸ਼ ਕਰਦਾ ਰਿਹਾ ਅਤੇ ਆਖਰਕਾਰ ਦਮ ਤੋੜ ਦਿਤਾ। ਨਿਊ ਯਾਰਕ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਦਕਿ ਵਿਕਾਸ ਦੀ ਮਾਤਾ ਨੇ ਸੋਨੂੰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੀ ਦੇਹ ਭਾਰਤ ਪੁੱਜ ਗਈ ਅਤੇ ਜੱਦੀ ਪਿੰਡ ਵਿਚ ਅੰਤਮ ਸਸਕਾਰ ਕਰ ਦਿਤਾ ਗਿਆ। ਵਿਕਾਸ ਦੀ ਮਾਂ ਉਸ ਦੀ ਬੇਟੀ ਨੂੰ ਲੈ ਕੇ ਭਾਰਤ ਆ ਗਈ ਪਰ ਸੰਗੀਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।


