ਅਮਰੀਕਾ ਦੀ ਇਕ ਕਾਊਂਟੀ ਵਿਚ ਗਰਮੀ ਕਾਰਨ 400 ਤੋਂ ਵੱਧ ਮੌਤਾਂ
ਅਮਰੀਕਾ ਵਿਚ ਅਤਿ ਦੀ ਗਰਮੀ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੀ ਹੈ ਅਤੇ ਸਿਰਫ਼ ਇਕ ਕਾਊਂਟੀ ਵਿਚ 400 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ।

By : Upjit Singh
ਫਿਨਿਕਸ : ਅਮਰੀਕਾ ਵਿਚ ਅਤਿ ਦੀ ਗਰਮੀ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੀ ਹੈ ਅਤੇ ਸਿਰਫ਼ ਇਕ ਕਾਊਂਟੀ ਵਿਚ 400 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ। ਐਰੀਜ਼ੋਨਾ ਸੂਬੇ ਦੀ ਮੈਰੀਕੋਪਾ ਕਾਊਂਟੀ ਵਿਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪੁੱਜਣ ਮਗਰੋਂ ਹਾਲਾਤ ਬੇਕਾਬੂ ਹੁੰਦੇ ਮਹਿੂਸ ਹੋਏ। ਅਮਰੀਕਾ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਫਿਨਿਕਸ ਇਸੇ ਕਾਊਂਟੀ ਵਿਚ ਆਉਂਦਾ ਹੈ ਅਤੇ ਹੋਰ ਕਈ ਸ਼ਹਿਰ ਤੇ ਕਸਬੇ ਮੈਰੀਕੋਪਾ ਕਾਊਂਟੀ ਦਾ ਹਿੱਸਾ ਹਨ। ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਵੱਲੋਂ 35 ਜਣਿਆਂ ਦੀ ਮੌਤ ਗਰਮੀ ਕਾਰਨ ਹੋਣ ਦੀ ਤਸਦੀਕ ਕੀਤੀ ਜਾ ਚੁੱਕੀ ਹੈ ਜਦਕਿ 369 ਮਾਮਲੇ ਪੜਤਾਲ ਅਧੀਨ ਹਨ। ਦੱਸ ਦੇਈਏ ਕਿ ਇਸ ਵਾਰ ਗਰਮੀਆਂ ਦੌਰਾਨ ਜੂਨ ਅਤੇ ਜੁਲਾਈ ਮਹੀਨੇ ਪਿਛਲੇ ਕੁਝ ਵਰਿ੍ਹਆਂ ਦੇ ਮੁਕਾਬਲੇ ਠੰਢੇ ਰਹੇ ਪਰ ਅਗਸਤ ਚੜ੍ਹਦਿਆਂ ਹੀ ਲੋਅ ਵਗਣ ਲੱਗੀ।
ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪੁੱਜਾ
ਮੈਰੀਕੋਪਾ ਕਾਊਂਟੀ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਨਿਕ ਸਟਾਬ ਦਾ ਕਹਿਣਾ ਸੀ ਕਿ ਕੂÇਲੰਗ ਸੈਂਟਰਾਂ ਦਾ ਸਮਾਂ ਵਧਾਇਆ ਗਿਆ ਤਾਂਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਪਰ ਇਸ ਦੇ ਬਾਵਜੂਦ ਮੌਤਾਂ ਦਾ ਅੰਕੜਾ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਿਹਾ ਹੈ। ਗਰਮੀ ਦੇ ਮਾਮਲੇ ਵਿਚ ਨਿਊ ਯਾਰਕ ਸ਼ਹਿਰ ਤੋਂ ਬਾਅਦ ਮੈਰੀਕੋਪਾ ਕਾਊਂਟੀ ਅਮਰੀਕਾ ਦਾ ਸਭ ਤੋਂ ਮਾਰੂ ਇਲਾਕਾ ਬਣ ਚੁੱਕੀ ਹੈ। ਨਿਊ ਯਾਰਕ ਸ਼ਹਿਰ ਵਿਚ ਹਰ ਸਾਲ ਔਸਤਨ 525 ਜਣਿਆਂ ਦੀ ਗਰਮੀ ਕਾਰਨ ਮੌਤ ਹੁੰਦੀ ਹੈ। ਪਿਛਲੇ ਇਕ ਦਹਾਕੇ ਦੌਰਾਨ ਮੈਰੀਕੋਪਾ ਕਾਊਂਟੀ ਵਿਚ ਗਰਮੀ ਨੇ ਕਹਿਰ ਢਾਹੁਣਾ ਸ਼ੁਰੂ ਕੀਤਾ। 2014 ਵਿਚ ਇਥੇ ਗਰਮੀ ਕਾਰਨ 61 ਜਣਿਆਂ ਦੀ ਜਾਨ ਗਈ ਜਦਕਿ 2023 ਵਿਚ 645 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਮੌਸਮ ਦੇ ਲਿਹਾਜ਼ ਨਾਲ ਹੁਣ ਇਹ ਕਾਊਂਟੀ ਰਹਿਣ ਯੋਗ ਨਹੀਂ ਮੰਨੀ ਜਾ ਰਹੀ ਜਿਥੇ ਕਲਾਈਮੇਟ ਚੇਂਜ ਦੇ ਚਲਦਿਆਂ ਆਉਣ ਵਾਲੇ ਕੁਝ ਵਰਿ੍ਹਆਂ ਦੌਰਾਨ ਜਾਨਲੇਵਾ ਗਰਮੀ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਵਰ੍ਹੇ ਦੌਰਾਨ ਮੈਰੀਕੋਪਾ ਕਾਊਂਟੀ ਵਿਚ ਗਰਮੀ ਨੇ 608 ਜਾਨਾਂ ਲਈਆਂ ਪਰ ਇਥੋਂ ਦਾ ਪ੍ਰਸ਼ਾਸਨ ਵਿਵਾਦਾਂ ਵਿਚ ਘਿਰਦਾ ਨਜ਼ਰ ਆਇਆ ਜਦੋਂ ਮੌਤਾਂ ਦਾ ਅੰਕੜਾ ਘਟਾ ਕੇ ਪੇਸ਼ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਹੋਣ ਵਾਲੀ ਹਰ ਮੌਤ ਨੂੰ ਰੋਕਿਆ ਜਾ ਸਕਦਾ ਹੈ ਪਰ ਕੂÇਲੰਗ ਸਹੂਲਤਾਂ ਦੀ ਕਮੀ, ਨਸ਼ਿਆਂ ਦੀ ਆਦਤ ਜਾਂ ਸਮਾਜਿਕ ਸੇਵਾਵਾਂ ਦੀ ਉਪਲਬਧਤਾ ਵਿਚ ਕਮੀਆਂ ਨੂੰ ਸੁਧਾਰਨਾ ਹੋਵੇਗਾ।
ਮੈਰੀਕੋਪਾ ਕਾਊਂਟੀ ਮੁਲਕ ਦਾ ਦੂਜਾ ਮਾਰੂ ਇਲਾਕਾ ਬਣੀ
ਮੌਜੂਦਾ ਵਰ੍ਹੇ ਦੌਰਾਨ ਗਰਮੀ ਕਾਰਨ ਹੋਈਆਂ ਮੌਤਾਂ ਵਿਚੋਂ 75 ਫ਼ੀ ਸਦੀ ਖੁੱਲ੍ਹੇ ਅਸਮਾਨ ਹੇਠ ਹੋਈਆਂ ਜਿਥੇ ਸਿਖਰ ’ਤੇ ਪੁੱਜਾ ਤਾਪਮਾਨ ਸਰੀਰ ਨੂੰ ਝੁਲਸਾ ਕੇ ਰੱਖ ਦਿੰਦਾ ਹੈ। ਮਰਨ ਵਾਲਿਆਂ ਵਿਚੋਂ 40 ਫੀ ਸਦੀ ਲੋਕ ਬੇਘਰ ਸਨ ਜਦਕਿ ਨਸ਼ਿਆਂ ਦੀ ਗਲਤ ਤਰੀਕੇ ਨਾਲ ਵਰਤੋਂ ਵੀ ਵੱਡਾ ਕਾਰਨ ਰਹੀ। ਦੂਜੇ ਪਾਸੇ ਫੈਡਰਲ ਸਰਕਾਰ ਤੋਂ ਕੋਈ ਸਹਾਇਤਾ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਟਰੰਪ ਸਰਕਾਰ ਵੱਲੋਂ ਜਿਥੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਚੱਲ ਪ੍ਰੋਗਰਾਮ ਬੰਦ ਕੀਤੇ ਜਾ ਚੁੱਕੇ ਹਨ, ਉਥੇ ਹੀ ਹੈਲਥ ਕੇਅਰ ਵਾਸਤੇ ਆਉਣ ਵਾਲੀ ਰਕਮ ਵੀ ਘਟਾ ਦਿਤੀ ਗਈ ਹੈ। ਅਮਰੀਕਾ ਵਿਚ ਇਸ ਵੇਲੇ ਗਰਮੀ ਕਾਰਨ ਹੋਣ ਵਾਲੀਆਂ ਹਰ ਚਾਰ ਮੌਤਾਂ ਵਿਚੋਂ ਇਕ ਘਰ-ਦਫ਼ਤਰ ਜਾਂ ਕਾਰਖਾਨੇ ਵਿਚ ਹੁੰਦੀ ਹੈ ਅਤੇ ਟਰੰਪ ਦੇ ਕਾਰਜਕਾਲ ਦੌਰਾਨ ਬਿਜਲੀ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਘਰਾਂ ਦੇ ਅੰਦਰ ਵੀ ਲੋਕ ਗਰਮੀ ਤੋਂ ਬਚ ਨਹੀਂ ਸਕਣਗੇ।


