Spain ਵਿਚ ਪੱਕੇ ਹੋਣਗੇ 15 ਹਜ਼ਾਰ ਤੋਂ ਵੱਧ Punjabi
ਯੂਰਪ ਦੇ ਇਸ ਮੁਲਕ ਵੱਲੋਂ 5 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕਰਦਿਆਂ ਹੀ ਪੰਜਾਬੀਆਂ ਦੀਆਂ ਬਾਛਾਂ ਖਿੜ ਗਈਆਂ

By : Upjit Singh
ਮੈਡਰਿਡ : ਯੂਰਪ ਦੇ ਇਸ ਮੁਲਕ ਵੱਲੋਂ 5 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕਰਦਿਆਂ ਹੀ ਪੰਜਾਬੀਆਂ ਦੀਆਂ ਬਾਛਾਂ ਖਿੜ ਗਈਆਂ। ਜੀ ਹਾਂ, ਇਕ ਪਾਸੇ ਜਿਥੇ ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਹੀ ਹੈ ਤਾਂ ਦੂਜੇ ਪਾਸੇ ਸਪੇਨ ਸਰਕਾਰ ਨੇ ਲੱਖਾਂ ਪ੍ਰਵਾਸੀਆਂ ਦੇ ਦੁਖ ਦੂਰ ਕਰ ਦਿਤੇ ਜਿਨ੍ਹਾਂ ਵਿਚ ਘੱਟੋ ਘੱਟ 15 ਹਜ਼ਾਰ ਪੰਜਾਬੀ ਦੱਸੇ ਜਾ ਰਹੇ ਹਨ। ਸ਼ਰਤ ਸਿਰਫ਼ ਐਨੀ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਸਪੇਨ ਵਿਚ ਰਹਿ ਰਹੇ ਪ੍ਰਵਾਸੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਅਤੇ ਉਹ 31 ਦਸੰਬਰ 2025 ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਸਪੇਨ ਵਿਚ ਮੌਜੂਦ ਰਿਹਾ ਹੋਵੇ। ਸਪੇਨ ਦੀ ਰਾਜਧਾਨੀ ਮੈਡਰਿਡ ਤੋਂ 200 ਕਿਲੋਮੀਟਰ ਦੂਰ ਰਹਿੰਦੇ 36 ਸਾਲ ਦੇ ਸੁਖਵਿੰਦਰ ਸਿੰਘ ਨੂੰ ਜਦੋਂ ਸਰਕਾਰੀ ਐਲਾਨ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇ। ਉਹ ਡੇਢ ਸਾਲ ਤੋਂ ਬਗੈਰ ਪੇਪਰਾਂ ਤੋਂ ਸਪੇਨ ਵਿਚ ਕੰਮ ਕਰ ਰਿਹਾ ਹੈ ਅਤੇ ਤਾਜ਼ਾ ਐਲਾਨ ਨਾ ਹੁੰਦਾ ਤਾਂ ਪਤਾ ਨਹੀਂ ਕਿੰਨਾ ਸਮਾਂ ਹੋਰ ਇੰਪਲੌਇਰਜ਼ ਦੀਆਂ ਵਧੀਕੀਆਂ ਬਰਦਾਸ਼ਤ ਕਰਨੀਆਂ ਪੈਂਦੀਆਂ। ਸੁਖਵਿੰਦਰ ਸਿੰਘ ਨੇ ਅਸਾਇਲਮ ਅਰਜ਼ੀ ਵੀ ਦਾਖਲ ਕੀਤੀ ਹੋਈ ਹੈ ਪਰ ਤਾਜ਼ਾ ਇੰਮੀਗ੍ਰੇਸ਼ਨ ਯੋਜਨਾ ਬਿਹਤਰ ਨਜ਼ਰ ਆਉਂਦੀ ਹੈ। ਪਿੱਛੇ ਪੰਜਾਬ ਰਹਿੰਦੀ ਪਤਨੀ ਅਤੇ ਪੰਜ ਸਾਲਾ ਧੀ ਵਾਸਤੇ ਹੁਣ ਉਹ ਵੱਧ ਪੈਸੇ ਭੇਜ ਸਕੇਗਾ ਅਤੇ ਭਵਿੱਖ ਵਿਚ ਉਨ੍ਹਾਂ ਦੇ ਸਪੇਨ ਆਉਣ ਦਾ ਰਾਹ ਵੀ ਪੱਧਰਾ ਹੋ ਜਾਵੇਗਾ।
ਪੰਜਾਬ ਤੋਂ ਪਰਵਾਰ ਸੱਦਣ ਦੀਆਂ ਹੋਈਆਂ ਤਿਆਰੀਆਂ
ਹਫ਼ਤੇ ਦਾ ਜ਼ਿਆਦਾਤਰ ਸਮਾਂ ਉਹ ਕੰਸਟ੍ਰਕਸ਼ਨ ਸੈਕਟਰ ਵਿਚ ਕੰਮ ਕਰਦਾ ਹੈ ਪਰ ਵੀਕਐਂਡ ’ਤੇ ਰੈਸਟੋਰੈਂਟ ਵਿਚ ਡਿਸ਼ਵਾਸ਼ਰ ਵਜੋਂ ਦਿਹਾੜੀ ਮਿਲ ਜਾਂਦੀ ਹੈ। ਤਨਖਾਹ ਬਹੁਤ ਘੱਟ ਹੋਣ ਕਰ ਕੇ ਹਫ਼ਤੇ ਵਿਚ ਇਕ ਦਿਨ ਵੀ ਆਰਾਮ ਕਰਨਾ ਮੁਸ਼ਕਲ ਹੈ। ਭਾਵੇਂ ਸਪੇਨ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਜ਼ਿਆਦਾਤਰ ਪ੍ਰਵਾਸੀ ਕੋਲੰਬੀਆ, ਪੇਰੂ ਅਤੇ ਹੋਰ ਲੈਟਿਨ ਅਮੈਰਿਕਨ ਮੁਲਕਾਂ ਨਾਲ ਸਬੰਧਤ ਹਨ ਪਰ ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਵੀ ਹਰ ਪਾਸੇ ਨਜ਼ਰ ਆ ਜਾਂਦੇ ਹਨ। ਅਮਰੀਕਾ ਵਿਚ ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪੰਜਾਬੀਆਂ ਨੇ ਡੌਂਕੀ ਲਾ ਕੇ ਅਮਰੀਕਾ ਜਾਣ ਦਾ ਖਿਆਲ ਛੱਡ ਦਿਤਾ ਹੈ ਅਤੇ ਉਹ ਯੂਰਪੀ ਮੁਲਕਾਂ ਵਿਚ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀਆਂ ਖਾਣੇ ਜਾਂ ਅਰਥਚਾਰੇ ’ਤੇ ਬੋਝ ਦੱਸ ਰਹੇ ਹਨ ਪਰ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਇੰਮੀਗ੍ਰੇਸ਼ਨ ਦੇ ਫਾਇਦੇ ਗਿਣਾਉਂਦੇ ਨਹੀਂ ਥਕਦੇ। ਇਕ ਅੰਦਾਜ਼ੇ ਮੁਤਾਬਕ ਸਪੇਨ ਵਿਚ 70 ਲੱਖ ਵਿਦੇਸ਼ੀ ਨਾਗਰਿਕ ਰਹਿ ਰਹੇ ਹਨ ਅਤੇ ਇਹ ਅੰਕੜਾ ਮੁਲਕ ਦੀ ਆਬਾਦੀ ਦਾ 15 ਫ਼ੀ ਸਦੀ ਬਣਦਾ ਹੈ ਪਰ ਜੀ.ਡੀ.ਪੀ. ਵਿਚ ਵਾਧਾ ਦੇਖਿਆ ਜਾਵੇ ਤਾਂ 2025 ਦੌਰਾਲ 2.8 ਫ਼ੀ ਸਦੀ ਤਰੱਕੀ ਹੋਈ ਅਤੇ ਪਿਛਲੇ ਕਈ ਵਰਿ੍ਹਆਂ ਦੌਰਾਨ ਪਹਿਲੀ ਵਾਰ ਬੇਰੁਜ਼ਗਾਰੀ ਦਰ 10 ਫ਼ੀ ਸਦੀ ਤੋਂ ਹੇਠਾਂ ਆਈ। ਮੁਲਕ ਦੀ ਤਰੱਕੀ ਪਿੱਛੇ ਪ੍ਰਵਾਸੀਆਂ ਦਾ ਵੱਡਾ ਹੱਥ ਹੋਣ ਦਾ ਦਾਅਵਾ ਸਿਰਫ਼ ਪ੍ਰਧਾਨ ਮੰਤਰੀ ਨਹੀਂ ਕਰ ਰਹੇ ਸਗੋਂ ਵੱਡੀ ਗਿਣਤੀ ਵਿਚ ਆਰਥਿਕ ਮਾਹਰਾਂ ਦਾ ਵੀ ਇਹੋ ਮੰਨਣਾ ਹੈ। ਸਪੈਨਿਸ਼ ਥਿੰਕ ਟੈਂਕ ਰੇਮੰਡ ਟੌਰੇਜ਼ ਮੁਤਾਬਕ ਮੁਲਕ ਦੇ ਆਰਥਿਕ ਹਾਲਾਤ ਬਿਹਤਰ ਹੋਣ ਵਿਚ ਇੰਮੀਗ੍ਰੇਸ਼ਨ ਦਾ ਵੱਡਾ ਯੋਗਦਾਨ ਹੈ। ਦੂਜੇ ਪਾਸੇ ਕਿਰਤੀਆਂ ਦੀ ਕਿੱਲਤ ਨਾਲ ਜੂਝ ਰਹੇ ਇੰਪਲੌਇਰਜ਼ ਵੱਲੋਂ 5 ਲੱਖ ਪ੍ਰਵਾਸੀਆਂ ਨੂੰ ਪੱਕਾ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਰੀਅਲ ਅਸਟੇਟ ਡਿਵੈਲਪਮੈਂਟ ਕੰਪਨੀ ਵਾਇਆ ਐਗੋਰਾ ਦੇ ਮਾਲਕ ਜੁਆਨ ਐਂਟੋਨੀਓ ਨੇ ਦੱਸਿਆ ਕਿ ਇਕੱਲੇ ਕੰਸਟ੍ਰਕਸ਼ਨ ਸੈਕਟਰ ਵਿਚ 7 ਲੱਖ ਕਾਮਿਆਂ ਦੀ ਜ਼ਰੂਰਤ ਹੈ। ਚੇਤੇ ਰਹੇ ਕਿ ਸਪੇਨ ਵਿਚ ਸਾਲ 2005 ਦੌਰਾਨ 6 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕੀਤਾ ਗਿਆ ਜਿਸ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ ਸੁਧਾਰ ਹੋਇਆ ਅਤੇ ਕਮਾਈ ਵਧਣ ਲੱਗੀ। ਸਪੇਨ ਸਰਕਾਰ ਦਾ ਕਹਿਣਾ ਹੈ ਕਿ ਪੱਕਾ ਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਅਰਜ਼ੀਆਂ ਲੈਣ ਦਾ ਸਿਲਸਿਲਾ ਅਪ੍ਰੈਲ ਵਿਚ ਆਰੰਭਿਆ ਜਾਵੇਗਾ ਅਤੇ 30 ਜੂਨ ਆਖਰੀ ਤਰੀਕ ਹੋ ਸਕਦੀ ਹੈ। ਇੰਮੀਗ੍ਰੇਸ਼ਨ ਬਾਰੇ ਵੱਡਾ ਐਲਾਨ ਹੁੰਦਿਆਂ ਹੀ ਬਾਰਸੀਲੋਨਾ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਕਤਾਰਾਂ ਲੱਗ ਗਈਆਂ ਜਿਥੇ ਅਪਰਾਧ ਮੁਕਤ ਪਿਛੋਕੜ ਦੇ ਸਰਟੀਫ਼ਿਕੇਟ ਬਣਵਾਏ ਜਾ ਰਹੇ ਹਨ। ਉਧਰ ਇੰਮੀਗ੍ਰੇਸ਼ਨ ਵਕੀਲਾਂ ਕੋਲ ਅਰਜ਼ੀਆਂ ਦੇ ਢੇਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮੈਡਰਿਡ ਦੀ ਇੰਮੀਗ੍ਰੇਸ਼ਲ ਵਕੀਲ ਈਵਾ ਮਾਰੀਆ ਨੇ ਦੱਸਿਆ ਕਿ ਉਨ੍ਹਾਂਕੋਲ ਰੋਜ਼ਾਨਾ ਤਕਰੀਬਨ 400 ਪ੍ਰਵਾਸੀ ਆਪਣੇ ਕਾਗਜ਼ ਤਿਆਰ ਕਰਵਾਉਣ ਆ ਰਹੇ ਹਨ। ਈਵਾ ਦਾ ਮੰਨਣਾ ਹੈ ਕਿ ਗਿਣਤੀ ਜ਼ਿਆਦਾ ਹੋਣ ਕਰ ਕੇ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਇਕ ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ ਪਰ ਗੈਰਕਾਨੂੰਨੀ ਵਰਕਰ ਹੋਣ ਦਾ ਠੱਪਾ ਮੱਥੇ ਤੋਂ ਲਹਿ ਜਾਵੇਗਾ। ਇਕ ਪਾਸੇ ਖੁਸ਼ੀਆਂ ਖੇੜੇ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਸਪੇਨ ਦੀ ਵਿਰੋਧੀ ਧਿਰ ਨੇ ਸਰਕਾਰੀ ਸੇਵਾਵਾਂ ’ਤੇ ਬੋਝ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਦੇ ਉਲਟ ਸੁਖਵਿੰਦਰ ਸਿੰਘ ਵਰਗੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਪੇਨੀ ਲੋਕਾਂ ਦੀਆਂ ਨੌਕਰੀਆਂ ’ਤੇ ਡਾਕਾ ਨਹੀਂ ਮਾਰ ਰਹੇ ਕਿਉਂਕਿ ਅਜਿਹੇ ਕਈ ਖੇਤਰ ਮੌਜੂਦ ਹਨ ਜਿਥੇ ਸਪੈਨਿਸ਼ ਲੋਕ ਕੰਮ ਕਰਨਾ ਹੀ ਨਹੀਂ ਚਾਹੁੰਦੇ। ਹੁਣ ਪੱਕਾ ਹੋਣ ਦੀ ਉਮੀਦ ਜਾਗੀ ਹੈ ਤਾਂ ਸੁਖਵਿੰਦਰ ਸਿੰਘ ਆਪਣੀ ਪਤਨੀ ਅਤੇ ਬੱਚੀ ਦੇ ਸਪੇਨ ਪੁੱਜਣ ਪ੍ਰਤੀ ਆਸਵੰਦ ਹੋ ਗਿਆ ਹੈ। ਸੰਭਾਵਤ ਤੌਰ ’ਤੇ ਇਹੋ ਸੁਪਨਾ ਲੈ ਕੇ ਉਹ ਪੰਜਾਬ ਤੋਂ ਰਵਾਨਾ ਹੋਇਆ ਜੋ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।


