ਏਸ਼ੀਆਈ ਮੁਲਕਾਂ ਵਿਚ ਹੜ੍ਹਾਂ ਕਾਰਨ 1000 ਤੋਂ ਵੱਧ ਮੌਤਾਂ
ਏਸ਼ੀਆਈ ਮੁਲਕਾਂ ਵਿਚ ਹੜ੍ਹਾਂ ਦੀ ਤਬਾਹੀ ਜਾਰੀ ਹੈ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ

By : Upjit Singh
ਜਕਾਰਤਾ : ਏਸ਼ੀਆਈ ਮੁਲਕਾਂ ਵਿਚ ਹੜ੍ਹਾਂ ਦੀ ਤਬਾਹੀ ਜਾਰੀ ਹੈ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਸ੍ਰੀਲੰਕਾ ਵਿਚ ਭਾਰੀ ਮੀਂਹ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿਤੇ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਦੂਜੇ ਪਾਸੇ ਸ੍ਰੀਲੰਕਾ ਵਿਚ ਸਮੁੰਦਰੀ ਤੂਫ਼ਾਲ ਦਿਤਵਾਹ ਨੇ ਸ੍ਰੀਲੰਕਾ ਅਤੇ ਭਾਰਤ ਦੇ ਕਈ ਇਲਾਕਿਆਂ ਨੂੰ ਪ੍ਰਭਾਵਤ ਕੀਤਾ। ਇੰਡੋਨੇਸ਼ੀਆ ਵਿਚ ਹੜ੍ਹਾਂ ਅਤੇ ਲੈਂਡਸਲਾਈਡਿੰਗ ਕਾਰਨ ਮਰਨ ਵਾਲਿਆਂ ਦੀ ਗਿਣਤੀ 500 ਤੋਂ ਟੱਪ ਚੁੱਕੀ ਹੈ ਜਦਕਿ 750 ਤੋਂ ਵੱਧ ਲਾਪਤਾ ਦੱਸੇ ਜਾ ਰਹੇ ਹਨ।
ਮੀਂਹ ਨੇ ਤੋੜਿਆ 300 ਸਾਲ ਦਾ ਰਿਕਾਰਡ, ਸੈਂਕੜੇ ਲਾਪਤਾ
ਸੁਮਾਤਰਾ ਟਾਪੂ ’ਤੇ ਫਸੇ ਹਜ਼ਾਰਾਂ ਲੋਕਾਂ ਨੂੰ ਪਿਛਲੇ ਕਈ ਦਿਨ ਤੋਂ ਖਾਣ ਵਾਸਤੇ ਰੋਟੀ ਨਹੀਂ ਮਿਲੀ ਅਤੇ ਬਿਮਾਰ ਲੋਕ ਤੜਪ ਤੜਪ ਕੇ ਦਮ ਤੋੜ ਰਹੇ ਹਨ। ਢਿੱਡ ਦੀ ਭੁੱਖ ਲੋਕਾਂ ਨੂੰ ਡਾਕੇ ਮਾਰਨ ਵਾਸਤੇ ਮਜਬੂਰ ਕਰ ਰਹੀ ਹੈ ਅਤੇ ਪੁਲਿਸ ਦਾ ਕੰਮ ਵੀ ਵਧ ਗਿਆ ਹੈ। ਰਾਹਤ ਏਜੰਸੀਆਂ ਵੱਲੋਂ ਤਾਪਨੁਲੀ ਅਤੇ ਸਿਬੋਲਾਗਾ ਇਲਾਕਿਆਂ ਤੱਕ ਪਹੁੰਚ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਥੇ ਤਿੰਨ ਦਿਨ ਤੋਂ ਕੋਈ ਨਹੀਂ ਪੁੱਜ ਸਕਿਆ। ਇਸੇ ਦੌਰਾਨ ਸ੍ਰੀਲੰਕਾ ਵਿਚ 340 ਜਣਿਆਂ ਦੀ ਮੌਤ ਹੋ ਗਈ ਅਤੇ ਰਾਹਤ ਕਾਰਜਾਂ ਦਾ ਸਿਲਸਿਲਾ ਜਾਰੀ ਹੈ। ਰਾਜਧਾਨੀ ਕੋਲੰਬੋ ਵਿਖੇ ਪੂਰੀ ਰਾਤ ਮੀਂਹ ਪਿਆ ਅਤੇ ਕਈ ਇਲਾਕੇ ਤਿੰਨ ਤਿੰਨ ਫੁੱਟ ਪਾਣੀ ਵਿਚ ਡੁੱਬ ਗਏ।
ਤਿੰਨ ਦਿਨ ਤੋਂ ਭੁੱਖਣ-ਭਾਣੇ ਟਾਪੂਆਂ ’ਤੇ ਫਸੇ ਹਜ਼ਾਰਾਂ ਲੋਕ
ਇੰਡੋਨੇਸ਼ੀਆ ਅਤੇ ਸ੍ਰੀਲੰਕਾ ਦੋਹਾਂ ਮੁਲਕਾਂ ਵਿਚ ਰਾਹਤ ਕਾਰਜਾਂ ਵਾਸਤੇ ਫੌਜ ਤੈਨਾਤ ਕੀਤੀ ਗਈ ਹੈ। ਇਸੇ ਦੌਰਾਨ ਥਾਈਲੈਂਡ ਦੇ ਦੱਖਣੀ ਇਲਾਕਿਆਂ ਵਿਚ ਆਏ ਹੜ੍ਹਾਂ ਕਰ ਕੇ 175 ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ ਅਤੇ ਮੁਲਕ ਪਿਛਲੇ ਦੋ ਦਹਾਕਿਆਂ ਦੇ ਸਭ ਤੋਂ ਖ਼ਤਰਨਾਕ ਹੜ੍ਹਾਂ ਦਾ ਟਾਕਰਾ ਕਰ ਰਿਹਾ ਹੈ। ਥਾਈਲੈਂਡ ਵਿਚ ਘੱਟੋ ਘੱਟ 38 ਲੱਖ ਸਿੱਧੇ ਤੌਰ ’ਤੇ ਹੜ੍ਹਾਂ ਨਾਲ ਪ੍ਰਭਾਵਤ ਦੱਸੇ ਜਾ ਰਹੇ ਹਨ ਅਤੇ 12 ਦੱਖਣੀ ਰਾਜਾਂ ਵਿਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਤਯਾਈ ਸ਼ਹਿਰ ਵਿਚ ਮੀਂਹ ਨੇ 300 ਸਾਲ ਦਾ ਰਿਕਾਰਡ ਤੋੜ ਦਿਤਾ ਅਤੇ ਇਕ ਦਿਨ ਵਿਚ 335 ਐਮ.ਐਮ. ਬਾਰਸ਼ ਹੋਈ। ਆਉਣ ਵਾਲੇ ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।


