‘ਅਮਰੀਕਾ ਦੇ ਗੁਰਦਵਾਰਾ ਸਾਹਿਬਾਨ ਬਾਰੇ ਮੀਡੀਆ ਰਿਪੋਰਟਾਂ ਕੋਰਾ ਝੂਠ’
ਅਮਰੀਕਾ ਦੇ ਸਿੱਖ ਆਗੂਆਂ ਨੇ ਨਿਊ ਯਾਰਕ ਅਤੇ ਨਿਊ ਜਰਸੀ ਦੇ ਗੁਰਦਵਾਰਾ ਸਾਹਿਬਾਨ ਵਿਚ ਇੰਮੀਗ੍ਰੇਸ਼ਨ ਛਾਪਿਆਂ ਬਾਰੇ ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ ਹੈ।
By : Upjit Singh
ਨਿਊ ਯਾਰਕ : ਅਮਰੀਕਾ ਦੇ ਸਿੱਖ ਆਗੂਆਂ ਨੇ ਨਿਊ ਯਾਰਕ ਅਤੇ ਨਿਊ ਜਰਸੀ ਦੇ ਗੁਰਦਵਾਰਾ ਸਾਹਿਬਾਨ ਵਿਚ ਇੰਮੀਗ੍ਰੇਸ਼ਨ ਛਾਪਿਆਂ ਬਾਰੇ ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ ਹੈ। ਨਿਊ ਯਾਰਕ ਦੇ ਰਿਚਮੰਡ ਹਿਲ ਗੁਰਦਵਾਰਾ ਸਾਹਿਬ ਨਾਲ ਸਬੰਧਤ ਸੁਖਜਿੰਦਰ ਸਿੰਘ ਨਿੱਜਰ ਨੇ ਕਿਹਾ ਕਿ ਕਿਸੇ ਵੱਲੋਂ ਗੁਰੂ ਘਰ ਵਿਚ ਕੋਈ ਦਖਲ ਨਹੀਂ ਦਿਤਾ ਗਿਆ ਅਤੇ ਨਿਤਨੇਮ ਬੇਰੋਕ ਤਰੀਕੇ ਨਾਲ ਚੱਲ ਰਿਹਾ ਹੈ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੁਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਰਿਪੋਰਟਾਂ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਗੁਰਦਵਾਰਾ ਸਾਹਿਬ ਵਿਚ ਕੋਈ ਇੰਮੀਗ੍ਰੇਸ਼ਨ ਅਫ਼ਸਰ ਜਾਂ ਹੋਰ ਏਜੰਸੀਆਂ ਦਾ ਅਧਿਕਾਰੀ ਦਾਖਲ ਨਹੀਂ ਹੋਇਆ।
ਸਿੱਖ ਆਗੂਆਂ ਨੇ ਕਿਹਾ, ਕੋਈ ਇੰਮੀਗ੍ਰੇਸ਼ਨ ਅਫ਼ਸਰ ਗੁਰੂ ਘਰ ’ਚ ਦਾਖਲ ਨਹੀਂ ਹੋਇਆ
ਸੁਖਜਿੰਦਰ ਸਿੰਘ ਨਿੱਜਰ ਨੇ ਕਿਹਾ ਕਿ ਗਲਤ ਜਾਣਕਾਰੀ ਦੇ ਆਧਾਰ ’ਤੇ ਗੁਰਦਵਾਰਾ ਸਾਹਿਬਾਨ ਵਿਚ ਇੰਮੀਗ੍ਰੇਸ਼ਨ ਵਾਲਿਆਂ ਦੇ ਦਾਖਲੇ ਦੀ ਰਿਪੋਰਟ ਤਿਆਰ ਕੀਤੀ ਗਈ ਜਦਕਿ ਅਜਿਹਾ ਕੁਝ ਵੀ ਨਹੀਂ ਵਾਪਰਿਆ। ਉਨ੍ਹਾਂ ਦੱਸਿਆ ਕਿ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਹਮੇਸ਼ਾ ਸਰਕਾਰੀ ਏਜੰਸੀਆਂ ਦੇ ਸੰਪਰਕ ਵਿਚ ਰਹਿੰਦੀਆਂ ਹਨ ਅਤੇ ਆਪਸੀ ਸਹਿਯੋਗ ਬਿਹਤਰ ਬਣਾਉਣ ਖਾਤਰ ਸਮੇਂ ਸਮੇਂ ’ਤੇ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰਹਿੰਦਾ ਹੈ। ਇਸੇ ਦੌਰਾਨ ਰਾਜਵੰਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਨਿਊ ਯਾਰਕ ਅਤੇ ਨਿਊ ਜਰਸੀ ਰਾਜਾਂ ਵਿਚ ਸਰਕਾਰ ਦੇ ਹਰ ਪੱਧਰ ’ਤੇ ਚੰਗੇ ਸਬੰਧ ਹਨ ਅਤੇ ਇਥੋਂ ਤੱਕ ਕਿ ਅਮਰੀਕਾ ਦੇ ਨਿਆਂ ਵਿਭਾਗ ਅਤੇ ਵਾਈਟ ਹਾਊਸ ਤੱਕ ਵੀ ਸਿੱਖ ਭਾਈਚਾਰੇ ਦੀ ਚੰਗੀ ਪਹੁੰਚ ਹੈ। ਕੋਵਿਡ ਦੌਰਾਨ ਸਿੱਖ ਭਾਈਚਾਰੇ ਵੱਲੋਂ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਗਈ ਅਤੇ ਇਸ ਨਿਸ਼ਕਾਮ ਸੇਵਾ ਦੀ ਹਰ ਪਾਸਿਉਂ ਸ਼ਲਾਘਾ ਹੋਈ।
ਸਿੱਖ ਧਾਰਮਿਕ ਸਥਾਨਾਂ ਬਾਰੇ ਕੂੜ ਪ੍ਰਚਾਰ ਕਰਨ ਦਾ ਲਾਇਆ ਦੋਸ਼
ਇਥੇ ਦਸਣਾ ਬਣਦਾ ਬਣਦਾ ਹੈ ਕਿ ਡੌਨਲਡ ਟਰੰਪ ਨੇ ਸਹੁੰ ਚੁੱਕਣ ਮਗਰੋਂ ਅਪਰਾਧੀਆਂ ਨੂੰ ਕਾਬੂ ਕਰਨ ਲਈ ਅਮਰੀਕਾ ਦੇ ਸਕੂਲਾਂ, ਹਸਪਤਾਲਾਂ ਅਤੇ ਗਿਰਜਾ ਘਰਾਂ ਵਿਚ ਵੀ ਛਾਪੇ ਮਾਰਨ ਦੇ ਹੁਕਮ ਦਿਤੇ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਟਰੰਪ ਦੇ ਹੁਕਮ ਸਿਰਫ ਗਿਰਜਾ ਘਰਾਂ ਤੱਕ ਸੀਮਤ ਹਨ ਅਤੇ ਈਸਾਈ ਜਥੇਬੰਦੀਆਂ ਇਸ ਦੀ ਨਿਖੇਧੀ ਵੀ ਕਰ ਚੁੱਕੀਆਂ ਹਨ। ਦੂਜੇ ਪਾਸੇ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰ ਰਹੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਿਭਾਗ ਵੱਲੋਂ ਆਪਣੇ ਪ੍ਰੈਸ ਬਿਆਨਾਂ ਵਿਚ ਨਿਊ ਯਾਰਕ ਅਤੇ ਨਿਊ ਜਰਸੀ ਦੇ ਛਾਪਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।