ਅਮਰੀਕਾ ਵਿਚ ਸਮੂਹਕ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾ ਫਾਸ਼
ਟੋਰਾਂਟੋ ਨਾਲ ਸਬੰਧਤ ਪਾਕਿਸਤਾਨੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਵਿਚ ਸਮੂਹਕ ਕਤਲੇਆਮ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
By : Upjit Singh
ਟੋਰਾਂਟੋ : ਟੋਰਾਂਟੋ ਨਾਲ ਸਬੰਧਤ ਪਾਕਿਸਤਾਨੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਵਿਚ ਸਮੂਹਕ ਕਤਲੇਆਮ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨੀ ਨੌਜਵਾਨ ਦੀ ਸ਼ਨਾਖਤ 20 ਸਾਲ ਦੇ ਮੁਹੰਮਦ ਸ਼ਾਹਜ਼ੇਬ ਖਾਨ ਵਜੋਂ ਕੀਤੀ ਗਈ ਹੈ ਜਿਸ ਵੱਲੋਂ ਕਥਿਤ ਤੌਰ ’ਤੇ ਨਿਊ ਯਾਰਕ ਸ਼ਹਿਰ ਦੇ ਯਹੂਦੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਸ਼ਾਹਜ਼ੇਬ ਵਿਰੁੱਧ ਕੈਨੇਡਾ ਅਤੇ ਅਮਰੀਕਾ ਦੋਹਾਂ ਮੁਲਕਾਂ ਵਿਚ ਅਤਿਵਾਦ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ਾਹਜ਼ੇਬ ਦੀ ਗ੍ਰਿਫ਼ਤਾਰੀ ਕਿਊਬੈਕ ਦੇ ਔਰਮਜ਼ਟਾਊਨ ਤੋਂ ਕੀਤੀ ਗਈ ਜੋ ਮੌਂਟਰੀਅਲ ਤੋਂ 60 ਕਿਲੋਮੀਟਰ ਦੱਖਣ ਵੱਲ ਹੈ। ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਬੀ. ਗਾਰਲੈਂਡ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੀਆਂ ਹਦਾਇਤਾਂ ’ਤੇ ਨਿਊ ਸ਼ਹਿਰ ਵਿਚ ਅਤਿਵਾਦੀ ਹਮਲਾ 7 ਅਕਤੂਬਰ ਨੂੰ ਕੀਤਾ ਜਾਣਾ ਸੀ ਅਤੇ ਵੱਧ ਤੋਂ ਵੱਧ ਯਹੂਦੀ ਲੋਕਾਂ ਨੂੰ ਜਾਨੋ ਮਾਰਨ ਦੀ ਸਾਜ਼ਿਸ਼ ਘੜੀ ਗਈ ਪਰ ਐਫ਼.ਬੀ.ਆਈ. ਵਰਗੀਆਂ ਏਜੰਸੀਆਂ ਦਾ ਸ਼ੁਕਰੀਆ ਜਿਨ੍ਹਾਂ ਨੇ ਸਮਾਂ ਰਹਿੰਦੇ ਸਾਜ਼ਿਸ਼ ਤੋਂ ਪਰਦਾ ਚੁੱਕ ਦਿਤਾ ਅਤੇ ਕੈਨੇਡੀਅਨ ਲਾਅ ਐਨਫੋਰਸਮੈਂਟ ਅਫਸਰਾਂ ਨੇ ਤੁਰਤ ਕਾਰਵਾਈ ਕਰਦਿਆਂ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ।
ਪਾਕਿਸਤਾਨੀ ਨਾਗਰਿਕ ਮੁਹੰਮਦ ਸ਼ਾਹਜ਼ੇਬ ਖਾਨ ਗ੍ਰਿਫ਼ਤਾਰ
ਸ਼ਾਹਜ਼ੇਬ ਖਾਨ ਵਿਰੁੱਘ ਕੈਨੇਡਾ ਵਿਚ ਤਿੰਨ ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਵਿਚ ਅਤਿਵਾਦੀ ਜਥੇਬੰਦੀ ਲਈ ਅਪਰਾਧ ਕਰਨ ਖਾਤਰ ਕੈਨੇਡਾ ਛੱਡਣ ਦਾ ਯਤਨ ਕਰਨਾ, ਅਤਿਵਾਦੀ ਜਥੇਬੰਦੀ ਨਾਲ ਸਬੰਧਤ ਸਰਗਰਮੀਆਂ ਵਿਚ ਸ਼ਾਮਲ ਹੋਣਾ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਦੇ ਯਤਨ ਲਈ ਸਾਜ਼ਿਸ਼ ਘੜਨਾ ਸ਼ਾਮਲ ਹਨ। ਦੂਜੇ ਪਾਸੇ ਅਮਰੀਕਾ ਵੱਲੋਂ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੀ ਮਦਦ ਕਰਨ ਦੇ ਯਤਨ ਦਾ ਦੋਸ਼ ਲਾਇਆ ਗਿਆ ਹੈ। ਇਸੇ ਦੌਰਾਨ ਆਰ.ਸੀ.ਐਮ.ਪੀ. ਨੇ ਇਕ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਹੰਮਦ ਸ਼ਾਹਜ਼ੇਬ ਖਾਨ ਕੈਨੇਡਾ ਵਾਸਤੇ ਖਤਰਾ ਪੈਦਾ ਨਹੀਂ ਸੀ ਕਰ ਰਿਹਾ। ਪੁਲਿਸ ਨੇ ਕਿਹਾ ਕਿ ਹਿੰਸਕ ਵੱਖਵਾਦ ਦੁਨੀਆਂ ਦੇ ਕੋਨੇ ਕੋਨੇ ਵਿਚ ਵਧਦਾ ਜਾ ਰਿਹਾ ਹੈ ਅਤੇ ਅਜਿਹੇ ਵਿਚ ਕੈਨੇਡਾ ਇਸ ਤੋਂ ਪੂਰੀ ਤਰ੍ਹਾਂ ਮਹਿਫੂਜ਼ ਨਹੀਂ। ਕੈਨੇਡਾ ਵਿਚ ਵਿਚਾਰਧਾਰਾ ਜਾਂ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਵਾਸਤੇ ਕੋਈ ਜਗ੍ਹਾ ਨਹੀਂ ਅਤੇ ਆਰ.ਸੀ.ਐਮ.ਪੀ. ਮੁਲਕ ਵਾਸੀਆਂ ਨੂੰ ਸੁਰੱਖਿਅਤ ਰੱਖਣ ਪ੍ਰਤੀ ਵਚਨਬੱਧ ਹੈ। ਉਧਰ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੈਬਲੈਂਕ ਨੇ ਆਖਿਆ ਕਿ ਤਾਜ਼ਾ ਗ੍ਰਿਫ਼ਤਾਰੀ ਆਰ.ਸੀ.ਐਮ.ਪੀ. ਅਤੇ ਐਫ਼.ਬੀ.ਆਈ. ਦਰਮਿਆਨ ਮਜ਼ਬੂਤ ਭਾਈਵਾਲੀ ਸਦਕਾ ਹੀ ਸੰਭਵ ਹੋ ਸਕੀ। ਮੌਂਟਰੀਅਲ ਦੀ ਸੁਪੀਰੀਅਰ ਕੋਰਟ ਵਿਚ ਸ਼ਾਹਜ਼ੇਬ ਖਾਨ ਦੀ ਪੇਸ਼ੀ 13 ਸਤੰਬਰ ਨੂੰ ਹੋਵੇਗੀ।