ਮਾਰਕ ਜ਼ਕਰਬਰਗ ਨੇ ਬਾਇਡਨ ਸਰਕਾਰ ’ਤੇ ਲਾਏ ਹੈਰਾਨਕੁੰਨ ਦੋਸ਼
ਮੈਟਾ ਦੇ ਮੁਖੀ ਮਾਰਕ ਜ਼ਕਰਬਰਗ ਨੇ ਹੈਰਾਨਕੁੰਨ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੋਅ ਬਾਇਡਨ ਦੀ ਸਰਕਾਰ ਨੇ ਕੋਰੋਨਾ ਨਾਲ ਸਬੰਧਤ ਪੋਸਟਾਂ ਹਟਾਉਣ ਲਈ ਉਨ੍ਹਾਂ ਦੀ ਕੰਪਨੀ ’ਤੇ ਵਾਰ ਵਾਰ ਦਬਾਅ ਪਾਇਆ।
By : Upjit Singh
ਨਿਊ ਯਾਰਕ : ਮੈਟਾ ਦੇ ਮੁਖੀ ਮਾਰਕ ਜ਼ਕਰਬਰਗ ਨੇ ਹੈਰਾਨਕੁੰਨ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੋਅ ਬਾਇਡਨ ਦੀ ਸਰਕਾਰ ਨੇ ਕੋਰੋਨਾ ਨਾਲ ਸਬੰਧਤ ਪੋਸਟਾਂ ਹਟਾਉਣ ਲਈ ਉਨ੍ਹਾਂ ਦੀ ਕੰਪਨੀ ’ਤੇ ਵਾਰ ਵਾਰ ਦਬਾਅ ਪਾਇਆ। ਜਿਊਡਿਸ਼ਰੀ ਕਮੇਟੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਬਾਅ ਪਾਉਣਾ ਗਲਤ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਪਹਿਲਾਂ ਇਸ ਮੁੱਦੇ ’ਤੇ ਮੂੰਹ ਨਹੀਂ ਖੋਲ੍ਹ ਸਕੇ। ਜ਼ਕਰਬਰਗ ਨੇ ਚਿੱਠੀ ਵਿਚ ਲਿਖਿਆ ਕਿ ਸਾਲ 2021 ਦੌਰਾਨ ਕਈ ਮਹੀਨੇ ਤੱਕ ਬਾਇਡਨ ਸਰਕਾਰ ਨੇ ਉਨ੍ਹਾਂ ’ਤੇ ਦਬਾਅ ਪਾਇਆ ਅਤੇ ਇਥੋਂ ਤੱਕ ਕਿ ਉਹ ਕੋਰੋਨਾ ਨਾਲ ਸਬੰਧਤ ਮੀਮ ਵੀ ਹਟਵਾਉਣਾ ਚਾਹੁੰਦੇ ਸਨ। ਜਦੋਂ ਫੇਸਬੁਕ ਇਸ ਵਾਸਤੇ ਸਹਿਮਤ ਨਾ ਹੋਈ ਤਾਂ ਪ੍ਰਸ਼ਾਸਨ ਨੇ ਇਸ ਬਾਰੇ ਨਿਰਾਸ਼ਾ ਵੀ ਜ਼ਾਹਰ ਕੀਤੀ। ਮੈਟਾ ਚੀਫ ਨੇ ਕਿਹਾ ਕਿ ਇਹ ਫੈਸਲਾ ਅਸੀਂ ਕਰਨਾ ਸੀ ਕਿ ਕੰਟੈਂਟ ਹਟਾਉਣਾ ਹੈ ਜਾਂ ਨਹੀਂ। ਜ਼ਕਰਬਰਗ ਨੇ ਅੱਗੇ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਸਰਕਾਰੀ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ।
ਕੋਰੋਨਾ ਨਾਲ ਸਬੰਧਤ ਪੋਸਟਾਂ ਹਟਾਉਣ ਲਈ ਦਬਾਅ ਪਾਇਆ : ਜ਼ਕਰਬਰਗ
ਅਸੀਂ ਆਪਣੇ ਕੰਟੈਂਟ ਨਾਲ ਸਮਝੌਤਾ ਨਹੀਂ ਕਰ ਸਕਦੇ ਅਤੇ ਜੇ ਮੁੜ ਅਜਿਹਾ ਹੋਇਆ ਤਾਂ ਸਾਡਾ ਜਵਾਬ ਪਹਿਲਾਂ ਵਰਗਾ ਹੋਵੇਗਾ।’’ ਚਿੱਠੀ ਵਿਚ ਫੇਸਬੁਕ ਦੇ ਮਾਲਕ ਨੇ ਐਫ.ਬੀ.ਆਈ. ’ਤੇ ਵੀ ਦੋਸ਼ ਲਾਏ ਅਤੇ ਕਿਹਾ ਕਿ 2020 ਦੀਆਂ ਚੋਣਾਂ ਤੋਂ ਪਹਿਲਾਂ ਨਿਊ ਯਾਰਕ ਪੋਸਟ ਨੇ ਬਾਇਡਨ ਪਰਵਾਰ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਕ ਮਾਮਲੇ ਦੀ ਰਿਪੋਰਟ ਤਿਆਰ ਕੀਤੀ ਸੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਸ ਨੂੰ ਰੂਸੀ ਕੂੜ ਪ੍ਰਚਾਰ ਦਸਦਿਆਂ ਫੈਕਟਚੈਕ ਦਾ ਨੋਟਿਸ ਲਾਉਣ ਲਈ ਆਖਿਆ ਜਿਸ ਮਗਰੋਂ ਫੇਸਬੁਕ ’ਤੇ ਇਸ ਸਟੋਰੀ ਨੂੰ ਡਿਮੋਟ ਕਰ ਦਿਤਾ ਗਿਆ। ਜ਼ਕਰਬਰਗ ਨੇ ਦਾਅਵਾ ਕੀਤਾ ਕਿ ਰਿਪੋਰਟਿੰਗ ਕੂੜ ਪ੍ਰਚਾਰ ਨਹੀਂ ਸੀ ਅਤੇ ਉਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਸੀ। ਚੇਤੇ ਰਹੇ ਕਿ ਜ਼ਕਰਬਰਗ ਨੇ 2022 ਵਿਚ ਇਕ ਪੌਡਕਾਸਟ ਦੌਰਾਨ ਮੰਨਿਆ ਸੀ ਕਿ ਮੈਟਾ ਨੇ ਬਾਇਡਨ ਨਾਲ ਸਬੰਧਤ ਕੰਟੈਂਟ ਨੂੰ ਫੇਸਬੁਕ ’ਤੇ ਦੱਬ ਦਿਤਾ ਸੀ ਅਤੇ ਅਜਿਹਾ ਕਰਨ ਵਾਸਤੇ ਐਫ਼.ਬੀ.ਆਈ. ਨੇ ਹਦਾਇਤ ਦਿਤੀ ਸੀ।