ਬੰਦੇ ਨੂੰ ਇਕੋ ਝਟਕੇ ’ਚ ਨਿਕਲ ਗਈ ਐਮਆਰਆਈ ਮਸ਼ੀਨ!
ਜੇਕਰ ਤੁਸੀਂ ਕਿਸੇ ਹਸਪਤਾਲ ਵਿਚ ਆਪਣੀ ਐਮਆਰਆਈ ਕਰਵਾਉਣ ਜਾ ਰਹੇ ਹੋ ਤਾਂ ਇਕ ਛੋਟੀ ਜਿਹੀ ਗ਼ਲਤੀ ਤੁਹਾਡੀ ਜਾਨ ’ਤੇ ਬੇਹੱਦ ਭਾਰੀ ਪੈ ਸਕਦੀ ਐ। ਨਿਊਯਾਰਕ ਵਿਚ ਇਕ 61 ਸਾਲਾ ਵਿਅਕਤੀ ਦੀ ਐਮਆਰਆਈ ਮਸ਼ੀਨ ਵਿਚ ਫਸਣ ਨਾਲ ਦਰਦਨਾਕ ਮੌਤ ਹੋ ਗਈ।

By : Makhan shah
ਨਿਊਯਾਰਕ : ਜੇਕਰ ਤੁਸੀਂ ਕਿਸੇ ਹਸਪਤਾਲ ਵਿਚ ਆਪਣੀ ਐਮਆਰਆਈ ਕਰਵਾਉਣ ਜਾ ਰਹੇ ਹੋ ਤਾਂ ਇਕ ਛੋਟੀ ਜਿਹੀ ਗ਼ਲਤੀ ਤੁਹਾਡੀ ਜਾਨ ’ਤੇ ਬੇਹੱਦ ਭਾਰੀ ਪੈ ਸਕਦੀ ਐ। ਨਿਊਯਾਰਕ ਵਿਚ ਇਕ 61 ਸਾਲਾ ਵਿਅਕਤੀ ਦੀ ਐਮਆਰਆਈ ਮਸ਼ੀਨ ਵਿਚ ਫਸਣ ਨਾਲ ਦਰਦਨਾਕ ਮੌਤ ਹੋ ਗਈ। ਇਕ ਛੋਟੀ ਜਿਹੀ ਗ਼ਲਤੀ ਉਸ ਵਿਅਕਤੀ ’ਤੇ ਭਾਰੀ ਪੈ ਗਈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਪਹਿਲਾਂ ਤੋਂ ਹੀ ਐਮਆਰਆਈ ਮਸ਼ੀਨ ਵਿਚ ਇਕ ਮਰੀਜ਼ ਦੀ ਸੈਕਨਿੰਗ ਹੋ ਰਹੀ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰੀ ਖ਼ਬਰ ਅਤੇ ਕਿਵੇਂ ਵਾਪਰੀ ਇਹ ਘਟਨਾ।
ਨਿਊਯਾਰਕ ਵਿਚ ਇਕ 61 ਸਾਲਾ ਵਿਅਕਤੀ ਐਮਆਰਆਈ ਮਸ਼ੀਨ ਵਿਚ ਫਸਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਗ਼ਲਤੀ ਨਾਲ ਐਮਆਰਆਈ ਮਸ਼ੀਨ ਵਾਲੇ ਕਮਰੇ ਵਿਚ ਮੈਟਲ ਦੀ ਭਾਰੀ ਚੇਨ ਪਹਿਨ ਕੇ ਚਲਾ ਗਿਆ ਸੀ, ਜਿਸ ਤੋਂ ਬਾਅਦ ਮਸ਼ੀਨ ਦੇ ਮਜ਼ਬੂਤ ਚੁੰਬਕ ਨੇ ਚੇਨ ਨੂੰ ਖਿੱਚ ਲਿਆ ਅਤੇ ਉਹ ਵਿਅਕਤੀ ਮਸ਼ੀਨ ਨਾਲ ਟਕਰਾ ਗਿਆ। ਦਰਅਸਲ ਜਦੋਂ ਉਹ ਵਿਅਕਤੀ ਐਮਆਰਆਈ ਮਸ਼ੀਨ ਵਾਲੇ ਕਮਰੇ ਵਿਚ ਪਹੁੰਚਿਆ ਤਾਂ ਉਸ ਸਮੇਂ ਮਸ਼ੀਨ ਵਿਚ ਇਕ ਮਰੀਜ਼ ਦੀ ਸਕੈਨਿੰਗ ਹੋ ਰਹੀ ਸੀ, ਉਸੇ ਦੌਰਾਨ ਇਹ ਵਿਅਕਤੀ ਕਰੀਬ 9 ਕਿਲੋ ਦੀ ਲੋਹੇ ਦੀ ਚੇਨ ਪਹਿਨ ਕੇ ਕਮਰੇ ਵਿਚ ਆ ਗਿਆ। ਐਮਆਰਆਈ ਮਸ਼ੀਨ ਤੇ ਤਾਕਤਵਰ ਚੁੰਬਕ ਨੇ ਚੇਨ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਹ ਆਦਮੀ ਜ਼ੋਰ ਨਾਲ ਮਸ਼ੀਨ ਨਾਲ ਜਾ ਵੱਜਿਆ।
ਡੇਲੀ ਮੇਲ ਦੇ ਰਿਪੋਰਟ ਅਨੁਸਾਰ ਮਰਨ ਵਾਲੇ ਵਿਅਕਤੀ ਦਾ ਨਾਮ ਕੀਥ ਮੈਕ ਐਲਿਸਟਰ ਦੱਸਿਆ ਜਾ ਰਿਹਾ ਏ ਅਤੇ ਕਮਰੇ ਵਿਚ ਉਸ ਦੀ ਪਤਨੀ ਦੀ ਐਮਆਰਆਈ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਟੈਕਨੀਸ਼ੀਅਨ ਨੂੰ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਬੁਲਾਓ ਤਾਂਕਿ ਉਹ ਐਮਆਰਆਈ ਟੇਬਲ ਤੋਂ ਉਤਰਨ ਵਿਚ ਉਸ ਦੀ ਮਦਦ ਕਰ ਸਕਣ। ਜਿਵੇਂ ਹੀ ਉਸ ਦਾ ਪਤੀ ਕਮਰੇ ਵਿਚ ਆਇਆ ਤਾਂ ਮਸ਼ੀਨ ਨੇ ਉਸ ਨੂੰ ਖਿੱਚ ਲਿਆ।
ਉਸ ਦੀ ਪਤਨੀ ਨੇ ਦੱਸਿਆ ਕਿ ਉਹ ਚੀਕਣ ਲੱਗੀ ਅਤੇ ਮਸ਼ੀਨ ਬੰਦ ਕਰਨ ਲਈ ਕਿਹਾ ਪਰ ਸਭ ਕੁੱਝ ਇੰਨੀ ਛੇਤੀ ਹੋ ਗਿਆ ਕਿ ਕਿਸੇ ਨੂੰ ਕੁੱਝ ਸਮਝ ਹੀ ਨਹੀਂ ਲੱਗ ਸਕਿਆ। ਕੀਥ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਹੱਥ ਹਿਲਾ ਕੇ ਅਲਵਿਦਾ ਆਖਿਆ ਅਤੇ ਫਿਰ ਉਸਦਾ ਸਰੀਰ ਢਿੱਲਾ ਪੈ ਗਿਆ। ਟੈਕਨੀਸ਼ੀਅਨ ਅਤੇ ਉਸ ਨੇ ਮਿਲ ਕੇ ਉਸ ਨੂੰ ਹਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਚੁੰਬਕ ਦੀ ਤਾਕਤ ਬਹੁਤ ਜ਼ਿਆਦਾ ਸੀ।
ਐਮਆਰਆਈ ਮਸ਼ੀਨ ਤੋਂ ਕੱਢਣ ਮਗਰੋਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੇ ਤੁਰੰਤ ਬਾਅਦ ਉਸ ਨੇ ਹਸਪਤਾਲ ਵਿਚ ਅਗਲੇ ਦਿਨ ਦੁਪਹਿਰ ਸਮੇਂ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਤਕਨੀਸ਼ੀਅਨ ਨੇ ਉਨ੍ਹਾਂ ਦੇ ਪਤੀ ਨੂੰ ਕਮਰੇ ਵਿਚ ਆਉਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ, ਜਦਕਿ ਉਨ੍ਹਾਂ ਦੇ ਗਲੇ ਵਿਚ ਲੋਹੇ ਦੀ ਜੰਜ਼ੀਰ ਪਹਿਨੀ ਹੋਈ ਸਾਫ਼ ਦਿਖਾਈ ਦੇ ਰਹੀ ਸੀ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸਾਲ 2001 ਵਿਚ ਵੀ ਨਿਊਸਾਰਕ ਦੇ ਇਕ ਮੈਡੀਕਲ ਸੈਂਟਰ ਵਿਚ 6 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਸੀ, ਜਦੋਂ ਇਕ ਆਕਸੀਜ਼ਨ ਸਿਲੰਡਰ ਮਸ਼ੀਨ ਵਿਚ ਖਿੱਚਿਆ ਗਿਆ ਸੀ। ਬਾਅਦ ਵਿਚ ਹਸਪਤਾਲ ਪ੍ਰਬੰਧਨ ਵੱਲੋਂ ਪਰਿਵਾਰ ਨੂੰ ਲਗਭਗ 24 ਕਰੋੜ ਦਾ ਮੁਆਵਜ਼ਾ ਮਿਲਿਆ ਸੀ। ਐਮਆਰਆਈ ਮਸ਼ੀਨ ਵਿਚ ਬਹੁਤ ਮਜ਼ਬੂਤ ਚੁੰਬਕ ਹੁੰਦਾ ਹੈ ਜੋ ਲੋਹੇ, ਸਟੀਲ ਦੀ ਕਿਸੇ ਵੀ ਚੀਜ਼ ਜਿਵੇਂ ਚੇਨ, ਘੜੀ, ਬੈਲਟ, ਚਾਬੀ, ਵੀਲ੍ਹ ਚੇਅਰ ਜਾਂ ਆਕਸੀਜ਼ਨ ਟੈਂਕ ਨੂੰ ਆਪਣੇ ਵੱਲ ਤੇਜ਼ੀ ਨਾਲ ਖਿੱਚ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਐਮਆਰਆਈ ਮਸ਼ੀਨ ਇੰਨੀ ਤਾਕਤਵਰ ਹੁੰਦੀ ਐ ਕਿ ਉਹ ਵੀਲ੍ਹਚੇਅਰ ਤੱਕ ਨੂੰ ਕਮਰੇ ਵਿਚ ਘਸੀਟ ਸਕਦੀ ਐ।
ਮਾਹਿਰਾਂ ਦੇ ਮੁਤਾਬਕ ਐਮਆਰਆਈ ਕਮਰੇ ਵਿਚ ਜਾਂਦੇ ਸਮੇਂ ਕੁੱਝ ਗੱਲਾਂ ਦਾ ਖ਼ਾਸ ਤੌਰ ’ਤੇ ਧਿਆਨ ਰੱਖਣਾ ਚਾਹੀਦੈ। ਐਮਆਰਆਈ ਕਮਰੇ ਵਿਚ ਜਾਂਦੇ ਸਮੇਂ ਤੁਹਾਡੇ ਕੋਲ ਕੋਈ ਵੀ ਧਾਤੂ ਦੀ ਚੀਜ਼ ਨਹੀਂ ਹੋਣੀ ਚਾਹੀਦੀ, ਨਾ ਗਹਿਣੇ, ਨਾ ਚੇਨ, ਨਾ ਬੈਲਟ, ਨਾ ਮੋਬਾਇਲ। ਯਾਦ ਰਹੇ ਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੀ ਐ। ਹਮੇਸ਼ਾਂ ਡਾਕਟਰ ਅਤੇ ਟੈਕਨੀਸ਼ੀਅਨ ਦੀਆਂ ਗੱਲਾਂ ਦਾ ਧਿਆਨ ਨਾਲ ਪਾਲਣ ਕਰਨਾ ਚਾਹੀਦੈ।


