ਯੂ.ਕੇ. ਵਿਚ ਸਭ ਤੋਂ ਘੱਟ ਉਮਰ ਦੀ ਵਕੀਲ ਬਣੀ ਕ੍ਰਿਸ਼ਾਂਗੀ
ਭਾਰਤੀ ਮੂਲ ਦੀ ਲਾਅ ਗ੍ਰੈਜੁਏਟ ਕ੍ਰਿਸ਼ਾਂਗੀ ਮੇਸ਼ਰਾਮ ਨੇ ਇੰਗਲੈਂਡ ਅਤੇ ਵੇਲਜ਼ ਦੀ ਸਭ ਤੋਂ ਘੱਟ ਉਮਰ ਦੀ ਸਾਲਿਸਟਰ ਬਣਨ ਦਾ ਮਾਣ ਹਾਸਲ ਕੀਤਾ ਹੈ

By : Upjit Singh
ਲੰਡਨ : ਭਾਰਤੀ ਮੂਲ ਦੀ ਲਾਅ ਗ੍ਰੈਜੁਏਟ ਕ੍ਰਿਸ਼ਾਂਗੀ ਮੇਸ਼ਰਾਮ ਨੇ ਇੰਗਲੈਂਡ ਅਤੇ ਵੇਲਜ਼ ਦੀ ਸਭ ਤੋਂ ਘੱਟ ਉਮਰ ਦੀ ਸਾਲਿਸਟਰ ਬਣਨ ਦਾ ਮਾਣ ਹਾਸਲ ਕੀਤਾ ਹੈ। ਕ੍ਰਿਸ਼ਾਂਗੀ ਸਿਰਫ਼ 21 ਸਾਲ ਦੀ ਹੈ ਜਿਸ ਨੇ 15 ਸਾਲ ਦੀ ਉਮਰ ਵਿਚ ਮਿਲਟਨ ਕੀਨਜ਼ ਓਪਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਆਰੰਭ ਕੀਤੀ ਅਤੇ 18 ਸਾਲ ਦੀ ਉਮਰ ਵਿਚ ਆਨਰਜ਼ ਦੀ ਡਿਗਰੀ ਹਾਸਲ ਕਰ ਲਈ। ਕ੍ਰਿਸ਼ਾਂਗੀ ਨੇ ਕਿਹਾ ਕਿ ਉਹ ਓਪਨ ਯੂਨੀਵਰਸਿਟੀ ਦੀ ਸ਼ੁਕਰਗੁਜ਼ਾਰ ਹੈ ਜਿਸ ਵੱਲੋਂ 15 ਸਾਲ ਦੀ ਉਮਰ ਵਿਚ ਐਲ.ਐਲ.ਬੀ. ਦੀ ਪੜ੍ਹਾਈ ਸ਼ੁਰੂ ਕਰਨ ਦਾ ਮੌਕਾ ਦਿਤਾ ਗਿਆ ਹੈ।
ਸਿਰਫ਼ 21 ਸਾਲ ਦੀ ਉਮਰ ਵਿਚ ਕੀਤੀ ਵੱਡੀ ਪ੍ਰਾਪਤੀ
ਪੜ੍ਹਾਈ ਦੌਰਾਨ ਕ੍ਰਿਸ਼ਾਂਗੀ ਨੇ ਨਾ ਸਿਰਫ਼ ਕਾਨੂੰਨ ਦੀ ਬਾਰੀਕੀਆਂ ਸਿੱਖੀਆਂ ਸਗੋਂ ਇਸ ਪੇਸ਼ੇ ਪ੍ਰਤੀ ਜਨੂੰਨ ਵੀ ਹਾਸਲ ਕੀਤਾ। ਕ੍ਰਿਸ਼ਾਂਗੀ ਨੇ ਸਿੰਗਾਪੁਰ ਦੀ ਨਾਮੀ ਲਾਅ ਫਰਮ ਵਿਚ ਇਨਫਰਨਸ਼ਿਪ ਕਰਦਿਆਂ ਕਾਨੂੰਨ ਦੀਆਂ ਡੂੰਘਾਈਆਂ ਨੂੰ ਜਾਣਿਆ ਅਤੇ ਸਭਨਾਂ ਨੂੰ ਹੈਰਾਨ ਕਰ ਦਿਤਾ। ਭਾਰਤ ਦੇ ਪੱਛਮੀ ਬੰਗਾਲ ਜ਼ਿਲ੍ਹੇ ਵਿਚ ਜੰਮੀ ਕ੍ਰਿਸ਼ਾਂਗੀ ਛੋਟੀ ਉਮਰ ਵਿਚ ਹੀ ਆਪਣੇ ਪਰਵਾਰ ਨਾਲ ਯੂ.ਕੇ. ਆ ਗਈ ਅਤੇ ਸਥਾਨਕ ਸਿੱਖਿਆ ਪ੍ਰਣਾਲੀ ਨੂੰ ਅਪਣਾਉਂਦਿਆਂ ਅੱਗੇ ਵਧਣਾ ਸ਼ੁਰੂ ਕੀਤਾ। ਦੱਸ ਦੇਈਏ ਕਿ ਕ੍ਰਿਸ਼ਾਂਗੀ ਨੇ 2022 ਵਿਚ ਹੀ ਆਪਣੀ ਡਿਗਰੀ ਮੁਕੰਮਲ ਕਰ ਲਈ ਸੀ ਪਰ ਮੈਨਚੈਸਟਰ ਸ਼ਹਿਰ ਵਿਚ ਗ੍ਰੈਜੁਏਸ਼ਨ ਸਮਾਗਮ 2024 ਦੇ ਅੰਤ ਵਿਚ ਸੰਭਵ ਹੋ ਸਕਿਆ।


