ਜਾਣੋ, ਕੌਣ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ?
ਬ੍ਰਿਟੇਨ ਵਿਚ ਲੇਬਰ ਪਾਰਟੀ ਨੇ 14 ਸਾਲਾਂ ਮਗਰੋਂ ਸੱਤਾ ਵਿਚ ਵਾਪਸੀ ਕਰ ਲਈ ਐ, ਚੋਣ ਨਤੀਜਿਆਂ ਦੌਰਾਨ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ, ਜਿਸ ਵਿਚ ਲੇਬਰ ਪਾਰਟੀ ਨੂੰ 650 ਵਿਚੋਂ 410 ਸੀਟਾਂ ਹਾਸਲ ਹੋਈਆਂ, ਜਦਕਿ ਸਰਕਾਰ ਬਣਾਉਣ ਲਈ ਸਿਰਫ਼ 326 ਸੀਟਾਂ ਦੀ ਲੋੜ ਹੁੰਦੀ ਐ।
By : Makhan shah
ਲੰਡਨ : ਬ੍ਰਿਟੇਨ ਵਿਚ ਲੇਬਰ ਪਾਰਟੀ ਨੇ 14 ਸਾਲਾਂ ਮਗਰੋਂ ਸੱਤਾ ਵਿਚ ਵਾਪਸੀ ਕਰ ਲਈ ਐ, ਚੋਣ ਨਤੀਜਿਆਂ ਦੌਰਾਨ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ, ਜਿਸ ਵਿਚ ਲੇਬਰ ਪਾਰਟੀ ਨੂੰ 650 ਵਿਚੋਂ 410 ਸੀਟਾਂ ਹਾਸਲ ਹੋਈਆਂ, ਜਦਕਿ ਸਰਕਾਰ ਬਣਾਉਣ ਲਈ ਸਿਰਫ਼ 326 ਸੀਟਾਂ ਦੀ ਲੋੜ ਹੁੰਦੀ ਐ। ਇਕ ਰਿਪੋਰਟ ਦੇ ਮੁਤਾਬਕ ਲੇਬਰ ਪਾਰਟੀ ਨੂੰ ਲੀਡ ਕਰਨ ਵਾਲੇ ਸਰ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨਗੀ ਹੋਣਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਕੀਰ ਸਟਾਰਮਰ, ਜੋ ਰਿਸ਼ੀ ਸੂਨਕ ਨੂੰ ਹਰਾ ਕੇ ਬਣਨ ਜਾ ਰਹੇ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ।
ਰਿਸ਼ੀ ਸੂਨਕ ਨੂੰ ਹਰਾ ਕੇ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। 61 ਸਾਲਾਂ ਦੇ ਕੀਰ ਸਟਾਰਮਰ ਕਾਫ਼ੀ ਸਮੇਂ ਤੋਂ ਲੇਬਰ ਪਾਰਟੀ ਦੇ ਨੇਤਾ ਨੇ, ਉਨ੍ਹਾਂ ਦਾ ਜਨਮ 2 ਸਤੰਬਰ 1962 ਨੂੰ ਆਕਸਟੇਡ, ਸਰੇ ਵਿਚ ਇਕ ਮਜ਼ਦੂਰ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੀ ਮਾਂ ਨਰਸ ਸੀ ਜੋ ਗਠੀਏ ਦੀ ਬਿਮਾਰੀ ਨਾਲ ਜੂਝ ਰਹੀ ਸੀ। ਸਟਾਰਮਰ ਦੇ ਪਿਤਾ ਟੂਲ ਬਣਾਉਣ ਦਾ ਕੰਮ ਕਰਦੇ ਸੀ। ਸਟਾਰਮਰ ਨੇ ਰੀਗੇਟ ਗ੍ਰਾਮਰ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਉਹ ਆਪਣੇ ਦੇ ਪਹਿਲੇ ਅਜਿਹੇ ਮੈਂਬਰ ਸੀ ਜੋ ਯੂਨੀਵਰਸਿਟੀ ਤੱਕ ਪਹੁੰਚ ਸਕੇ।
ਸਿਆਸਤ ਵਿਚ ਐਂਟਰੀ ਕਰਨ ਤੋਂ ਪਹਿਲਾਂ ਕੀਅਰ ਸਟਾਰਮਰ ਵਕਾਲਤ ਕਰਦੇ ਸੀ। ਬ੍ਰਿਟੇਨ ਵਿਚ ਉਹ ਮਨੁੱਖੀ ਅਧਿਕਾਰ ਮਾਮਲਿਆਂ ਦੇ ਪ੍ਰਸਿੱਧ ਵਕੀਲ ਰਹਿ ਚੁੱਕੇ ਨੇ। ਉਨ੍ਹਾਂ ਨੇ ਲੀਡਸ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ। 1985 ਵਿਚ ਲੀਡਸ ਤੋਂ ਬੈਚਲਰ ਡਿਗਰੀ ਹਾਸਲ ਕਰਨ ਮਗਰੋਂ ਸਟਾਰਮਰ 1986 ਵਿਚ ਆਕਸਫੋਰਡ ਯੂਨੀਵਰਸਿਟੀ ਗਏ, ਜਿੱਥੋਂ ਉਨ੍ਹਾਂ ਨੇ ਸਿਵਲ ਲਾਅ ਵਿਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। ਜਾਣਕਾਰੀ ਅਨੁਸਾਰ ਕੀਅਰ ਸਟਾਰਮਰ ਨੇ ਸਾਲ 1987 ਵਿਚ ਇਕ ਬੈਰਿਸਟਰ ਦੇ ਰੂਪ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਉਹ ਆਪਣੀ ਮਿਹਨਤ ਸਦਕਾ ਉਚ ਬੁਲੰਦੀਆਂ ’ਤੇ ਪਹੁੰਚੇ ਅਤੇ ਬਹੁਤ ਸਾਰੇ ਕੇਸਾਂ ਦਾ ਹੱਲ ਕੀਤਾ। ਉਹ ਬ੍ਰਿਟੇਨ ਵਿਚ ਰਾਜਾਸ਼ਾਹੀ ਦੇ ਖ਼ਿਲਾਫ਼ ਰਹੇ, ਇਸ ਦੇ ਬਾਵਜੂਦ ਕਾਨੂੰਨ ਦੇ ਜ਼ਰੀਏ ਲੋਕਾਂ ਦੀ ਭਲਾਈ ਕਰਨ ਦੇ ਲਈ ਉਨ੍ਹਾਂ ਨੂੰ ਰਾਜ ਮਹਿਲ ਤੋਂ ਨਾਈਟਹੁੱਡ ਦੀ ਉਪਾਧੀ ਮਿਲੀ ਅਤੇ ਕੀਰ ਸਟਾਰਮਰ ਤੋਂ ਸਰ ਕੀਰ ਸਟਾਰਮਰ ਹੋ ਗਏ। ਸਾਲ 2002 ਵਿਚ ਉਨ੍ਹਾਂ ਨੂੰ ਮਹਾਰਾਣੀ ਦਾ ਕੌਂਸਲ ਵੀ ਬਣਾਇਆ ਗਿਆ ਸੀ।
ਵਕੀਲ ਦੇ ਤੌਰ ’ਤੇ ਕੰਮ ਦੌਰਾਨ ਹੀ ਸਟਾਰਮਰ ਦੀ ਮੁਲਾਕਾਤ ਨੈਸ਼ਨਲ ਹੈਲਥ ਸਰਵਿਸ ਦੀ ਲੀਗਲ ਟੀਮ ਵਿਚ ਕੰਮ ਕਰਨ ਵਾਲੀ ਵਿਕਟੋਰੀਆ ਦੇ ਨਾਲ ਹੋਈ ਜੋ ਅੱਗੇ ਚੱਲ ਕੇ ਉਨ੍ਹਾਂ ਦੀ ਪਤਨੀ ਬਣੀ। ਸਟਾਰਮਰ ਅਤੇ ਵਿਕਟੋਰੀਆ ਦਾ ਕਿੱਸਾ ਵੀ ਕਾਫ਼ੀ ਦਿਲਚਸਪ ਐ। ਸਟਾਰਮਰ ਨੇ ਆਪਣੀ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਨ੍ਹਾਂ ਨੇ ਇਕ ਕੇਸ ਦੇ ਮਾਮਲੇ ਵਿਚ ਉਸ ਕੰਪਨੀ ਨੂੰ ਫ਼ੋਨ ਕੀਤਾ, ਜਿੱਥੇ ਵਿਕਟੋਰੀਆ ਕੰਮ ਕਰਦੀ ਸੀ। ਉਹ ਇਕ ਦਸਤਾਵੇਜ਼ ਨੂੰ ਦੁਬਾਰਾ ਚੈੱਕ ਕਰਵਾਉਣਾ ਚਾਹੁੰਦੇ ਸੀ। ਇਤਫ਼ਾਕ ਨਾਲ ਉਸ ਦਸਤਾਵੇਜ਼ ’ਤੇ ਵਿਕਟੋਰੀਆ ਨੇ ਹੀ ਕੰਮ ਕੀਤਾ ਸੀ। ਸਟਾਰਮਰ ਦੀ ਇੰਕੁਆਰੀ ਤੋਂ ਵਿਕਟੋਰੀਆ ਚਿੜ ਗਈ, ਉਸ ਨੇ ਸਟਾਰਮਰ ਨੂੰ ਬੁਰਾ ਭਲਾ ਆਖਿਆ। ਸਟਾਰਮਰ ਨੂੰ ਜਦੋਂ ਵਿਕਟੋਰੀਆ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਮੁਆਫ਼ੀ ਮੰਗੀ ਅਤੇ ਉਸ ਨੂੰ ਡੇਟ ’ਤੇ ਜਾਣ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਵਿਕਟੋਰੀਆ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਸਾਲ 2002 ਵਿਚ ਦੋਵਾਂ ਦਾ ਵਿਆਹ ਹੋ ਗਿਆ ਅਤੇ ਅੱਜ ਦੋਵੇਂ ਜਣੇ ਆਪਣੇ ਦੋ ਬੱਚਿਆਂ ਦੇ ਨਾਲ ਲੰਡਨ ਵਿਖੇ 18 ਕਰੋੜ ਰੁਪਏ ਦੇ ਘਰ ਵਿਚ ਰਹਿ ਰਹੇ ਨੇ।
ਇਕ ਹੋਰ ਕਿੱਸਾ ਵੀ ਸਟਾਰਮਰ ਨਾਲ ਜੁੜਿਆ ਹੋਇਆ ਏ। ਸਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਟਾਰਮਰ ਜਦੋਂ ਲੀਡਸ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਲੰਡਨ ਗਏ ਤਾ ਉਨ੍ਹਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ। ਇਸ ਕਾਰਨ ਉਨ੍ਹਾਂ ਨੂੰ ਵੇਸਵਾ ਘਰ ਦੀ ਛੱਤ ’ਤੇ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਰਹਿਣਾ ਪਿਆ ਸੀ ਜੋ ਕਾਫ਼ੀ ਗੰਦਾ ਸੀ ਅਤੇ ਆਸਪਾਸ ਕਾਫ਼ੀ ਸ਼ੋਰ ਸ਼ਰਾਬਾ ਹੁੰਦਾ ਸੀ ਪਰ ਕਿਰਾਇਆ ਘੱਟ ਹੋਣ ਕਰਕੇ ਸਟਾਰਮਰ ਨੂੰ ਇਹ ਕਮਰਾ ਫਿੱਟ ਬੈਠਦਾ ਸੀ। ਕਈ ਵਾਰ ਉਸ ਦੇ ਦੋਸਤ ਵੀ ਉਸ ਦੇ ਕੋਲ ਆ ਜਾਂਦੇ ਸੀ। ਸਟਾਰਮਰ ਦੇ ਇਕ ਦੋਸਤ ਦੇ ਪਿਤਾ ਨੇ ਜਦੋਂ ਇਕ ਦਿਨ ਸਟਾਰਮਰ ਨੂੰ ਕਮਰੇ ਦੀ ਛੱਤ ’ਤੇ ਜਾਂਦੇ ਦੇਖਿਆ ਤਾ ਉਸ ਨੇ ਕਾਫ਼ੀ ਨਾਰਾਜ਼ਗੀ ਜਤਾਈ ਸੀ,, ਪਰ ਸਟਾਰਮਰ ਨੇ ਇਕ ਇੰਟਰਵਿਊ ਵਿਚ ਆਖਿਆ ਕਿ ਕਮਰੇ ਦੇ ਹੇਠਾਂ ਰਹਿਣ ਵਾਲੀ ਔਰਤ ਦੇ ਨਾਲ ਉਨ੍ਹਾਂ ਦੀ ਕਾਫ਼ੀ ਬਣਦੀ ਸੀ ਅਤੇ ਉਹ ਉਸ ਨੂੰ ਅਕਸਰ ਚੁਟਕੁਲੇ ਸੁਣਾਇਆ ਕਰਦੇ ਸੀ।
ਸਾਬਕਾ ਵਕੀਲ ਕੀਅਰ ਸਟਾਰਮਰ ਨੇ ਸਾਲ 2015 ਵਿਚ ਸੰਸਦ ਵਿਚ ਐਂਟਰੀ ਕੀਤੀ ਸੀ ਅਤੇ ਸਾਲ 2020 ਵਿਚ ਉਨ੍ਹਾਂ ਨੇ ਲੇਬਰ ਪਾਰਟੀ ਦੀ ਕਮਾਨ ਸੰਭਾਲੀ। ਉਨ੍ਹਾਂ ਦੀ ਅਗਵਾਈ ਵਿਚ ਹੀ ਲੇਬਰ ਪਾਰਟੀ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋ ਸਕੀ ਐ। ਬ੍ਰਿਟੇਨ ਵਿਚ ਲੇਬਰ ਪਾਰਟੀ ਦੀ ਸੱਤਾ ਵਿਚ ਵਾਪਸੀ 14 ਸਾਲਾਂ ਮਗਰੋਂ ਹੋਣ ਜਾ ਰਹੀ ਐ। ਸਟਾਰਮਰ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਬਣਾਏ ਰੱਖਦਿਆਂ ਜਨਤਕ ਸੇਵਾਵਾਂ ਨੂੰ ਵਾਪਸ ਬਹਾਲ ਕਰਨ ਦੀ ਵਕਾਲਤ ਕੀਤੀ ਗਈ ਐ।
ਦੇਸ਼ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਹੀ ਸਟਾਰਮਰ ਨੇ ਰੂਸ ਦੇ ਖ਼ਿਲਾਫ਼ ਯੂਕ੍ਰੇਨ ਨੂੰ ਸਹਾਇਤਾ ਦਿੰਦੇ ਰਹਿਣ ਦੀ ਗੱਲ ਆਖੀ ਐ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਜ਼ਾ ਵਿਚ ਯੁੱਧ ਵਿਰਾਮ ਦਾ ਸੱਤਾ ਵੀ ਦਿੱਤਾ ਅਤੇ ਹੱਮਾਸ ਵੱਲੋਂ ਬੰਦੀ ਬਣਾਏ ਗਏ ਇਜ਼ਰਾਈਲੀ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਪਹਿਲਾਂ ਵਾਲੀ ਸਰਕਾਰ ਵੀ ਇਸੇ ਨੀਤੀ ’ਤੇ ਕੰਮ ਕਰ ਰਹੀ ਸੀ। ਭਾਰਤ ਦੀ ਗੱਲ ਕਰੀਏ ਤਾਂ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਕੀਅਰ ਸਟਾਰਮਰ ਦਾ ਰੁਖ਼ ਭਾਰਤ ਨੂੰ ਲੈ ਕੇ ਦੋਸਤਾਨਾ ਰਹਿਣ ਵਾਲਾ ਏ। ਇਹ ਵੀ ਕਿਹਾ ਜਾ ਰਿਹਾ ਏ ਕਿ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋਣਗੇ।