ਵਾਸ਼ਿੰਗਟਨ ’ਚ ਪਹਿਲੀ ਵਾਰ ਰਾਜ ਪੱਧਰ ’ਤੇ ਮਨਾਇਆ ਖਾਲਸਾ ਸਾਜਨਾ ਦਿਹਾੜਾ
ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਪਹਿਲੀ ਵਾਰ ਖਾਲਸਾ ਸਾਜਨਾ ਦਿਹਾੜਾ ਅਤੇ ਵਿਸਾਖੀ ਦਾ ਤਿਉਹਾਰ ਸੂਬਾ ਪੱਧਰ ’ਤੇ ਮਨਾਇਆ ਗਿਆ।

ਓਲੰਪੀਆ : ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਪਹਿਲੀ ਵਾਰ ਖਾਲਸਾ ਸਾਜਨਾ ਦਿਹਾੜਾ ਅਤੇ ਵਿਸਾਖੀ ਦਾ ਤਿਉਹਾਰ ਸੂਬਾ ਪੱਧਰ ’ਤੇ ਮਨਾਇਆ ਗਿਆ। ਸਿਐਟਲ ਵਿਖੇ ਸਥਿਤ ਭਾਰਤੀ ਕੌਂਸਲੇਟ ਦੀ ਮੇਜ਼ਬਾਨੀ ਵਾਲੇ ਸਮਾਗਮ ਵਿਚ ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗਸਨ , ਲੈਫਟੀਨੈਂਟ ਗਵਰਨਰ ਡੈਨੀ ਹੈਕ, ਸੂਬੇ ਦੇ ਵਿਦੇਸ਼ ਮੰਤਰੀ ਸਟੀਵ ਹੌਬਜ਼ ਅਤੇ ਵੱਡੀ ਗਿਣਤੀ ਵਿਚ ਸੈਨੇਟ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬੌਬ ਫਰਗਸਨ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਵਿਚ ਪਾਏ ਯੋਗਦਾਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਰਾਜਧਾਨੀ ਵਿਚ ਵਿਸਾਖੀ ਸਮਾਗਮਾਂ ਵਿਚ ਸ਼ਾਮਲ ਹੁੰਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਹੁਣ ਹਰ ਸਾਲ 14 ਅਪ੍ਰੈਲ ਨੂੰ ਵਾਸ਼ਿੰਗਟਨ ਦੀ ਕਿੰਗ ਕਾਊਂਟੀ ਅਤੇ ਸਨੋਹੋਮਿਸ਼ ਕਾਊਂਟੀ ਵਿਚ ਵਿਸਾਖੀ ਦਾ ਤਿਉਹਾਰ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ।
ਗਵਰਨਰ ਸਣੇ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ
ਦੱਸ ਦੇਈਏ ਕਿ ਇਨ੍ਹਾਂ ਦੋਹਾਂ ਕਾਊਂਟੀਜ਼ ਵਿਚ 40 ਤੋਂ ਵੱਧ ਸ਼ਹਿਰ ਆਉਂਦੇ ਹਨ ਜਿਨ੍ਹਾਂ ਵਿਚ ਸਿਐਟਲ, ਕੈਂਟ, ਔਬਰਨ ਅਤੇ ਮੈਰੀਜ਼ਵਿਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਜਾ ਸਕਦਾ ਹੈ। ਵਾਸ਼ਿੰਗਟਨ ਵਿਚ ਹਜ਼ਾਰਾਂ ਸਿੱਖ ਵਸਦੇ ਹਨ ਜੋ ਕਾਰੋਬਾਰ ਦੇ ਖੇਤਰ ਵਿਚ ਸਰਗਰਮ ਹੋਣ ਤੋਂ ਇਲਾਵਾ ਸੂਬੇ ਦੇ ਵੱਖ ਵੱਖ ਮਹਿਕਮਿਆਂ ਵਿਚ ਨੌਕਰੀ ਕਰ ਰਹੇ ਹਨ। ਵਿਸਾਖੀ ਸਮਾਗਮ ਦੌਰਾਨ ਸਿੱਖ ਭਾਈਚਾਰੇ ਦੀਆਂ ਕਈ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਜੋ ਲੰਮੇ ਸਮੇਂ ਤੋਂ ਗਰੇਟਰ ਸਿਐਟਲ ਏਰੀਆ ਵਿਚ ਸਮਾਜਿਕ ਯੋਗਦਾਨ ਪਾਉਂਦੇ ਆ ਰਹੇ ਹਨ। ਇਸੇ ਦੌਰਾਨ ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਅਸੈਂਬਲੀ ਵਿਚ ਵੀ ਖਾਲਸਾ ਸਾਜਨਾ ਦਿਹਾੜਾ ਮਨਾਇਆ ਗਿਆ।
ਸਿਐਟਲ ਸਥਿਤ ਭਾਰਤੀ ਕੌਂਸਲੇਟ ਦੀ ਮੇਜ਼ਬਾਨੀ ਵਿਚ ਹੋਇਆ ਸਮਾਗਮ
ਸੂਬਾ ਅਸੈਂਬਲੀ ਦਾ ਇਜਲਾਸ ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਆਰੰਭ ਹੋਇਆ ਅਤੇ ਅਸੈਂਬਲੀ ਮੈਂਬਰਾਂ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਉਧਰ ਯੂਰਪੀ ਮੁਲਕ ਬੈਲਜੀਅਮ ਦੇ ਐਂਟਵਰਪ ਸ਼ਹਿਰ ਵਿਚ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਵੱਡਾ ਇਕੱਠ ਹੋਇਆ। ਸਮਾਗਮ ਦੌਰਾਨ ਅਫਗਾਨਿਸਤਾਨ ਤੋਂ ਪ੍ਰਵਾਸ ਕਰਨ ਲਈ ਮਜਬੂਰ ਹੋਏ ਸਿੱਖ ਭਾਈਚਾਰੇ ਦਾ ਖਾਸ ਤੌਰ ’ਤੇ ਜ਼ਿਕਰ ਹੋਇਆ ਜੋ ਆਪਣਾ ਘਰ-ਬਾਰ ਛੱਡ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਰਹੇ ਹਨ।