ਰਾਸ਼ਟਰਪਤੀ ਬਣਨ ’ਤੇ ਰਿਪਬਲਿਕਨ ਆਗੂ ਨੂੰ ਮੰਤਰੀ ਬਣਾਉਣਗੇ ਕਮਲਾ ਹੈਰਿਸ
ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਮਗਰੋਂ ਪਹਿਲੀ ਟੀ.ਵੀ. ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਕਿ ਜੇਤੂ ਰਹਿਣ ਦੀ ਸੂਰਤ ਵਿਚ ਉਹ ਰਿਪਬਲਿਕਨ ਪਾਰਟੀ ਦੇ ਇਕ ਆਗੂ ਨੂੰ ਆਪਣੀ ਕੈਬਨਿਟ ਵਿਚ ਜ਼ਰੂਰ ਸ਼ਾਮਲ ਕਰਨਗੇ।
By : Upjit Singh
ਵਾਸ਼ਿੰਗਟਨ : ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਮਗਰੋਂ ਪਹਿਲੀ ਟੀ.ਵੀ. ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਕਿ ਜੇਤੂ ਰਹਿਣ ਦੀ ਸੂਰਤ ਵਿਚ ਉਹ ਰਿਪਬਲਿਕਨ ਪਾਰਟੀ ਦੇ ਇਕ ਆਗੂ ਨੂੰ ਆਪਣੀ ਕੈਬਨਿਟ ਵਿਚ ਜ਼ਰੂਰ ਸ਼ਾਮਲ ਕਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਮੈਂਬਰ ਮੰਤਰੀ ਮੰਡਲ ਵਿਚ ਹੋਣਾ ਅਮਰੀਕਾ ਦੇ ਲੋਕਾਂ ਵਾਸਤੇ ਚੰਗਾ ਹੋਵੇਗਾ। ਕਮਲਾ ਹੈਰਿਸ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਡੌਨਾ ਬੈਸ਼ ਸਨ ਜਿਨ੍ਹਾਂ ਨੇ ਜੋਅ ਬਾਇਡਨ ਅਤੇ ਡੌਨਲਡ ਟਰੰਪ ਦਰਮਿਆਨ ਬਹਿਸ ਕਰਵਾਉਣ ਦੀ ਜ਼ਿੰਮੇਵਾਰੀ ਸੰਭਾਲੀ। ਇੰਟਰਵਿਊ ਦੌਰਾਨ ਕਮਾਲਾ ਹੈਰਿਸ ਨੇ ਦੱਸਿਆ ਕਿ ਉਹ ਆਪਣੇ ਪਰਵਾਰ ਨਾਲ ਕੇਕ ਤਿਆਰ ਕਰ ਰਹੇ ਸਨ ਜਦੋਂ ਜੋਅ ਬਾਇਡਨ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚੋਂ ਪਿੱਛੇ ਹਟ ਰਹੇ ਹਨ।
ਉਮੀਦਵਾਰ ਹਾਸਲ ਕਰਨ ਮਗਰੋਂ ਪਹਿਲੀ ਇੰਟਰਵਿਊ ਦੌਰਾਨ ਕਈ ਅਹਿਮ ਪ੍ਰਗਟਾਵੇ
ਇਸ ਮਗਰੋਂ ਜੋਅ ਬਾਇਡਨ ਨੇ ਕਮਲਾ ਹੈਰਿਸ ਨੂੰ ਬਤੌਰ ਉਮੀਦਵਾਰ ਹਮਾਇਤ ਦੇਣ ਦੀ ਗੱਲ ਵੀ ਕੀਤੀ। ਗਾਜ਼ਾ ਦੇ ਮੁੱਦੇ ’ਤੇ ਕਮਲਾ ਹੈਰਿਸ ਨੇ ਕਿਹਾ ਕਿ ਭਾਵੇਂ ਜੰਗ ਦੌਰਾਨ ਹਜ਼ਾਰਾਂ ਮਾਸੂਮਾਂ ਦੀ ਜਾਨ ਗਈ ਪਰ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਹੱਕ ਹੈ। ਹੁਣ ਇਹ ਸਭ ਬੰਦ ਹੋਣਾ ਚਾਹੀਦਾ ਹੈ ਅਤੇ ਬੰਦੀਆਂ ਦੀ ਰਿਹਾਈ ਵਾਸਤੇ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਵੇ। ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਕੀਤੇ ਜਾਣ ਵਾਲੇ ਕੰਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੱਧ ਵਰਗੀ ਪਰਵਾਰਾਂ ਦੀ ਆਰਥਿਕ ਬਿਹਤਰੀ ਵਾਸਤੇ ਕੰਮ ਕਰਨਗੇ ਅਤੇ ਇਸ ਵਾਸਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਸਸਤੀਆਂ ਕਰਨ ਦੇ ਯਤਨ ਕੀਤੇ ਜਾਣਗੇ। ਕਮਲਾ ਹੈਰਿਸ ਨੇ ਅੱਗੇ ਕਿਹਾ ਕਿ ਜੇ ਮੁਲਕ ਨੂੰ ਅੱਗੇ ਲਿਜਾਣਾ ਹੈ ਤਾਂ ਸਰਕਾਰ ਵਿਚ ਵੱਖੋ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ। ਦੱਖਣੀ ਬਾਰਡਰ ਰਾਹੀਂ ਹੋ ਰਹੇ ਨਾਜਾਇਜ਼ ਪ੍ਰਵਾਸ ਬਾਰੇ ਪੁੱਛੇ ਜਾਣ ’ਤੇ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣਾ ਸਟੈਂਡ ਨਹੀਂ ਬਦਲਿਆ ਅਤੇ ਸਰਹੱਦ ਪਾਰ ਕਰ ਕੇ ਆਉਣ ਵਾਲੇ ਅਪਰਾਧਕ ਬਿਰਤੀ ਵਾਲੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਟਰੰਪ ਨੇ ਕਮਲਾ ਹੈਰਿਸ ਦੀ ਇੰਟਰਵਿਊ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਭ ਕੁਝ ਲਾਈਵ ਕਿਉਂ ਨਹੀਂ ਦਿਖਾਇਆ ਗਿਆ। ਟਰੰਪ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਨੂੰ ਇੰਟਰਵਿਊ ਦੇਣ ਦਾ ਤਰੀਕਾ ਵੀ ਨਹੀਂ ਪਤਾ ਤਾਂ ਉਹ ਮੁਲਕ ਕਿਥੋਂ ਸੰਭਾਲ ਲਵੇਗੀ।