ਵਿਕੀਲੀਕਸ ਦੇ ਬਾਨੀ ਜੂਲੀਅਨ ਅਸੈਂਜ 5 ਸਾਲ ਬਾਅਦ ਹੋਏ ਰਿਹਾਅ
ਅਮਰੀਕਾ ਦੀ ਜਾਸੂਸੀ ਦੇ ਦੋਸ਼ ਹੇਠ ਜੇਲ ਵਿਚ ਬੰਦ ਵਿਕੀਲੀਕਸ ਦੇ ਬਾਨੀ ਜੂਲੀਅਨ ਅਸੈਂਜ ਪੰਜ ਸਾਲ ਬਾਅਦ ਅੱਜ ਲੰਡਨ ਦੀ ਜੇਲ ਤੋਂ ਰਿਹਾਅ ਹੋ ਗਏ। ਅਮਰੀਕਾ ਸਰਕਾਰ ਨਾਲ ਇਕ ਸਮਝੌਤੇ ਤਹਿਤ ਜੂਲੀਅਨ ਨੇ ਜਾਸੂਸੀ ਦੀ ਗੱਲ ਕਬੂਲ ਕਰ ਲਈ ਹੈ।
By : Upjit Singh
ਲੰਡਨ : ਅਮਰੀਕਾ ਦੀ ਜਾਸੂਸੀ ਦੇ ਦੋਸ਼ ਹੇਠ ਜੇਲ ਵਿਚ ਬੰਦ ਵਿਕੀਲੀਕਸ ਦੇ ਬਾਨੀ ਜੂਲੀਅਨ ਅਸੈਂਜ ਪੰਜ ਸਾਲ ਬਾਅਦ ਅੱਜ ਲੰਡਨ ਦੀ ਜੇਲ ਤੋਂ ਰਿਹਾਅ ਹੋ ਗਏ। ਅਮਰੀਕਾ ਸਰਕਾਰ ਨਾਲ ਇਕ ਸਮਝੌਤੇ ਤਹਿਤ ਜੂਲੀਅਨ ਨੇ ਜਾਸੂਸੀ ਦੀ ਗੱਲ ਕਬੂਲ ਕਰ ਲਈ ਹੈ। ਅਮਰੀਕਾ ਦੀ ਜ਼ਿਲ੍ਹਾ ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ 52 ਸਾਲ ਦੇ ਜੂਲੀਅਨ ਅਸੈਂਜ ਵੱਲੋਂ ਕੀਤੇ ਸਮਝੌਤੇ ਤਹਿਤ ਉਹ ਬੁੱਧਵਾਰ ਨੂੰ ਅਮਰੀਕੀ ਅਦਾਲਤ ਵਿਚ ਪੇਸ਼ ਹੋਣਗੇ ਅਤੇ ਇਥੇ ਉਹ ਅਮਰੀਕਾ ਦੇ ਖੁਫੀਆ ਦਸਤਾਵੇਜ਼ ਹਾਸਲ ਕਰਨ ਲਈ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਕਰਨਗੇ। ਗੁਨਾਹ ਕਬੂਲ ਕਰਨ ਮਗਰੋਂ ਅਸੈਂਜ ਨੂੰ 5 ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਜਾਵੇਗੀ ਜੋ ਉਹ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ। ਜੂਲੀਅਨ ਅਸੈਂਜ ਬਰਤਾਨਵੀ ਜੇਲ ਵਿਚ 1,901 ਦਿਨ ਕੱਟ ਚੁੱਕੇ ਹਨ। ਅਮਰੀਕਾ ਨਾਲ ਸਮਝੌਤੇ ਮਗਰੋਂ ਜੂਲੀਅਨ ਨੂੰ ਉਚ ਸੁਰੱਖਿਆ ਵਾਲੀ ਜੇਲ ਤੋਂ ਰਿਹਾਅ ਕਰ ਦਿਤਾ ਗਿਆ ਅਤੇ ਇਥੋਂ ਉਹ ਸਿੱਧਾ ਆਪਣੇ ਮੁਲਕ ਆਸਟ੍ਰੇਲੀਆ ਰਵਾਨਾ ਹੋ ਗਏ।
ਅਮਰੀਕਾ ਨਾਲ ਅੰਦਰਖਾਤੇ ਸਮਝੌਤੇ ਦੀ ਗੱਲ ਕਬੂਲ ਕੀਤੀ
ਵਿਕੀਲੀਕਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਦਿਆਂ ਲਿਖਿਆ, ‘‘ਜੂਲੀਅਨ ਇਜ਼ ਫ੍ਰੀ।’’ ਇਸੇ ਦੌਰਾਨ ਜੂਲੀਅਨ ਦੀ ਪਤਨੀ ਸਟੈਲਾ ਨੇ ਕਿਹਾ ਕਿ ਐਨਾ ਲੰਮਾ ਸਾਥ ਦੇਣ ਵਾਲਿਆਂ ਦਾ ਉਹ ਦਿਲੋਂ ਧੰਨਵਾਦ ਕਰਦੀ ਹੈ। ਹਮਾਇਤੀਆਂ ਦੇ ਪਿਆਰ ਸਦਕਾ ਹੀ ਜੂਲੀਅਨ ਆਪਣੇ ਘਰ ਪਰਤ ਰਹੇ ਹਨ। ਚੇਤੇ ਰਹੇ ਕਿ ਆਸਟ੍ਰੇਲੀਅਨ ਨਾਗਰਿਕ ਜੂਲੀਅਨ ਵੱਲੋਂ 2010-11 ਵਿਚ ਹਜ਼ਾਰਾਂ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰ ਦਿਤਾ ਗਿਆ ਜਿਨ੍ਹਾਂ ਵਿਚ ਅਫਗਾਨਿਸਤਾਨ ਜੰਗ ਅਤੇ ਇਰਾਕ ਜੰਗ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਸਨ। ਜੂਲੀਅਨ ਵੱਲੋਂ ਅਮਰੀਕਾ, ਇੰਗਲੈਂਡ ਅਤੇ ਨਾਟੋ ਫੌਜਾਂ ’ਤੇ ਜੰਗੀ ਅਪਰਾਧ ਕਰਨ ਦੇ ਦੋਸ਼ ਲਾਏ ਗਏ। ਵਿਕੀਲੀਕਸ ਦੇ ਹੈਰਾਨਕੁੰਨ ਖੁਲਾਸੇ ਮਗਰੋਂ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਜੂਲੀਅਨ ਨੇ ਉਨ੍ਹਾਂ ਦੇ ਮੁਲਕ ਦੀ ਜਾਸੂਸੀ ਕੀਤੀ ਅਤੇ ਗੁਪਤ ਫਾਈਲਾਂ ਨੂੰ ਪਬਲਿਸ਼ ਕੀਤਾ ਜਿਸ ਕਰ ਕੇ ਕਈ ਲੋਕਾਂ ਦੀ ਜਾਨ ਖਤਰੇ ਵਿਚ ਪੈ ਗਈ। ਬਾਅਦ ਵਿਚ ਜੂਲੀਅਨ ’ਤੇ ਇਹ ਦੋਸ਼ ਵੀ ਲੱਗੇ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੌਰਾਨ ਰੂਸੀ ਖੁਫੀਆ ਏਜੰਸੀਆਂ ਨੇ ਹਿਲੇਰੀ ਕÇਲੰਟਨ ਦੇ ਪ੍ਰਚਾਰ ਨਾਲ ਸਬੰਧਤ ਈਮੇਲਜ਼ ਹੈਕ ਕਰ ਕੇ ਵਿਕੀਲੀਕਸ ਨੂੰ ਦਿਤੀਆਂ। ਵਿਕੀਲੀਕਸ ਨੇ ਭਾਰਤੀ ਸਿਆਸਤ ਵਿਚ ਵੀ ਸਨਸਨੀ ਫੈਲਾਅ ਦਿਤੀ ਜਦੋਂ ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਬਾਰੇ ਵੱਡਾ ਦਾਅਵਾ ਕੀਤਾ। ਦਾਅਵੇ ਵਿਚ ਕਿਹਾ ਗਿਆ ਸੀ ਕਿ ਮਾਇਆਵਤੀ ਨੇ ਆਪਣੇ ਮਨਪਸੰਦ ਸੈਂਡਲ ਮੰਗਵਾਉਣ ਲਈ ਨਿਜੀ ਜਹਾਜ਼ ਮੁੰਬਈ ਭੇਜਿਆ। ਸਿਰਫ ਐਨਾ ਹੀ ਨਹੀਂ, ਉਨ੍ਹਾਂ ਦੇ ਮਨ ਵਿਚ ਡਰ ਐਨਾ ਜ਼ਿਆਦਾ ਸੀ ਕਿ ਉਨ੍ਹਾਂ ਦੀ ਰਸੋਈ ਵਿਚ ਰੋਟੀ ਬਣਾਉਣ ਵਾਲੇ ਖਾਨਸਾਮਿਆਂ ਦੀ ਨਿਗਰਾਨੀ ਹੁੰਦੀ ਹੈ। ਜੂਲੀਅਨ ਅਸੈਂਜ 2012 ਤੋਂ 2019 ਦਰਮਿਆਨ ਇਕੁਆਡੋਰ ਦੀ ਅੰਬੈਸੀ ਵਿਚ ਰਹੇ ਅਤੇ ਬਾਅਦ ਵਿਚ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਪਨਾਹ ਦੇਣ ਤੋਂ ਨਾਂਹ ਕਰ ਦਿਤੀ। 2019 ਵਿਚ ਅੰਬੈਸੀ ਵਿਚੋਂ ਬਾਹਰ ਆਉਣ ’ਤੇ ਬਰਤਾਨਵੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।