Begin typing your search above and press return to search.

ਹਾਰ ਕੇ ਵੀ ਲਿਬਰਲ ਨੂੰ ਕਿਵੇਂ ਬਚਾ ਗਏ ਜਗਮੀਤ ਸਿੰਘ, ਦੇਖੋ ਖ਼ਾਸ ਰਿਪੋਰਟ

ਕੈਨੇਡਾ ਦੀਆਂ ਚੋਣਾਂ ਵਿਚ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰਦਿਆਂ ਸੱਤਾ ਹਾਸਲ ਕਰ ਲਈ ਐ ਪਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕੁੱਝ ਸਿਆਸੀ ਮਾਹਿਰਾਂ ਦੇ ਅਨੁਸਾਰ ਇਨ੍ਹਾਂ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਲਿਬਰਲ ਦਾ ਬੁਰਾ ਹਾਲ ਹੋਵੇਗਾ ਅਤੇ ਉਹ ਚੌਥੇ ਸਥਾਨ ’ਤੇ ਰਹੇਗੀ ਪਰ ਮਾਰਕ ਕਾਰਨੀ ਦੀ ਅਗਵਾਈ ਵਿਚ ਲਿਬਰਲ ਪਾਰਟੀ ਨੇ ਚੋਣਾਂ ਦੌਰਾਨ ਕਮਾਲ ਕਰ ਦਿੱਤਾ।

ਹਾਰ ਕੇ ਵੀ ਲਿਬਰਲ ਨੂੰ ਕਿਵੇਂ ਬਚਾ ਗਏ ਜਗਮੀਤ ਸਿੰਘ, ਦੇਖੋ ਖ਼ਾਸ ਰਿਪੋਰਟ
X

Makhan shahBy : Makhan shah

  |  2 May 2025 5:27 PM IST

  • whatsapp
  • Telegram

ਬ੍ਰੈਂਪਟਨ : ਕੈਨੇਡਾ ਦੀਆਂ ਆਮ ਚੋਣਾਂ ਵਿਚ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰ ਲਈ ਐ ਅਤੇ ਉਹ 169 ਸੀਟਾਂ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਐ, ਜਦਕਿ ਕੰਜ਼ਰਵੇਟਿਵ ਪਾਰਟੀ 144 ਸੀਟਾਂ ਲੈ ਕੇ ਦੂਜੇ ਸਥਾਨ ’ਤੇ ਰਹੀ, ਬਲਾਕ ਕਿਊਬੇਕ ਨੂੰ 22 ਸੀਟਾਂ ਅਤੇ ਐਨਡੀਪੀ ਨੂੰ ਮਹਿਜ਼ 7 ਸੀਟਾਂ ਹੀ ਮਿਲ ਸਕੀਆਂ। ਕੁੱਝ ਮਹੀਨੇ ਪਹਿਲਾਂ ਹੋਏ ਇਕ ਸਰਵੇ ਵਿਚ ਲਿਬਰਲ ਪਾਰਟੀ ਕਾਫ਼ੀ ਪਿੱਛੇ ਦਿਖਾਈ ਦੇ ਰਹੀ ਸੀ ਪਰ ਜਦੋਂ ਮਾਰਕ ਕਾਰਨੀ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਤਾਂ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਨਵਾਂ ਜੋਸ਼ ਆ ਗਿਆ ਅਤੇ ਉਹ ਫਿਰ ਤੋਂ ਸੱਤਾ ’ਤੇ ਕਾਬਜ਼ ਹੋ ਗਈ। ਸੋ ਆਓ ਜਾਣਦੇ ਆਂ ਕਿ ਨਵੀਂ ਸਰਕਾਰ ਦਾ ਪਰਵਾਸੀਆਂ ’ਤੇ ਕੀ ਪਵੇਗਾ ਅਸਰ ਅਤੇ ਜਗਮੀਤ ਸਿੰਘ ਦੀ ਕਿਉਂ ਹੋਈ ਕਰਾਰੀ ਹਾਰ?


ਕੈਨੇਡਾ ਦੀਆਂ ਚੋਣਾਂ ਵਿਚ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰਦਿਆਂ ਸੱਤਾ ਹਾਸਲ ਕਰ ਲਈ ਐ ਪਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕੁੱਝ ਸਿਆਸੀ ਮਾਹਿਰਾਂ ਦੇ ਅਨੁਸਾਰ ਇਨ੍ਹਾਂ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਲਿਬਰਲ ਦਾ ਬੁਰਾ ਹਾਲ ਹੋਵੇਗਾ ਅਤੇ ਉਹ ਚੌਥੇ ਸਥਾਨ ’ਤੇ ਰਹੇਗੀ ਪਰ ਮਾਰਕ ਕਾਰਨੀ ਦੀ ਅਗਵਾਈ ਵਿਚ ਲਿਬਰਲ ਪਾਰਟੀ ਨੇ ਚੋਣਾਂ ਦੌਰਾਨ ਕਮਾਲ ਕਰ ਦਿੱਤਾ।


ਬੇਸ਼ੱਕ ਉਹ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਅਤੇ ਗਠਜੋੜ ਦੀ ਸਰਕਾਰ ਬਣਾਏਗੀ ਪਰ ਫਿਰ ਵੀ ਲਿਬਰਲ ਕੋਲ 169 ਦਾ ਇਕ ਵੱਡਾ ਅੰਕੜਾ ਮੌਜੂਦ ਐ। ਦਰਅਸਲ ਲਿਬਰਲ ਅਤੇ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਨੂੰ ਆਧਾਰ ਬਣਾ ਕੇ ਚੋਣ ਲੜੀ,, ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਲੈ ਗਈ। ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਟਰੰਪ ਨੇ ਜਦੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਆਖੀ ਤਾਂ ਇਸ ਬਿਆਨ ਤੋਂ ਬਾਅਦ ਕੈਨੇਡੀਅਨ ਇਕਜੁੱਟ ਹੋ ਗਏ, ਜਿਨ੍ਹਾਂ ਨੂੰ ਕੈਚ ਕਰਨ ਵਿਚ ਮਾਰਕ ਕਾਰਨੀ ਕਾਮਯਾਬ ਰਹੇ।


ਭਾਵੇਂ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਲਿਬਰਲ ਪਾਰਟੀ ਦੀ ਕਾਫ਼ੀ ਆਲੋਚਨਾ ਹੋਈ ਪਰ ਪਾਰਟੀ ਫਿਰ ਵੀ ਸੱਤਾ ਵਿਚ ਵਾਪਸ ਆ ਗਈ। ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਦੇ ਦੋ ਮੁੱਖ ਕਾਰਨ ਨੇ, ਇਕ ਲਿਬਰਲ ਪਾਰਟੀ ਦਾ ਮੁੱਖ ਆਗੂ ਟਰੂਡੋ ਲੋਕਾਂ ਦੇ ਮਨਾਂ ਤੋਂ ਉਤਰ ਗਿਆ ਸੀ, ਜਿਸ ਕਾਰਨ ਉਸ ਨੂੰ ਪਿੱਛੇ ਕਰ ਦਿੱਤਾ ਗਿਆ ਅਤੇ ਦੂਜਾ ਟਰੰਪ ਵੱਲੋਂ ਅਮਰੀਕਾ ਦਾ ਰਾਸ਼ਟਰਪਤੀ ਬਣਨਾ। ਦਰਅਸਲ ਟਰੰਪ ਦੀਆਂ ਬਿਆਨਬਾਜ਼ੀਆਂ ਤੋਂ ਬਾਅਦ ਕੈਨੇਡੀਅਨ ਲੋਕਾਂ ਦੇ ਮਨਾਂ ਵਿਚ ਇਹ ਗੱਲ ਚੱਲ ਰਹੀ ਸੀ ਕਿ ਆਖ਼ਰਕਾਰ ਟਰੰਪ ਦੇ ਸਾਹਮਣੇ ਕਿਹੜਾ ਆਗੂ ਡਟ ਕੇ ਖੜ੍ਹ ਸਕਦਾ ਏ ਜੋ ਸਿਰਫ਼ ਤੇ ਸਿਰਫ਼ ਕੈਨੇਡਾ ਦੀ ਗੱਲ ਕਰ ਸਕੇ। ਕੈਨੇਡੀਅਨ ਲੋਕਾਂ ਨੂੰ ਸਾਰਿਆਂ ਵਿਚੋਂ ਮਾਰਕ ਕਾਰਨੀ ਦਾ ਅਕਸ ਮਜ਼ਬੂਤ ਲੱਗਿਆ, ਜਿਸ ਦਾ ਫ਼ਾਇਦਾ ਲਿਬਰਲ ਪਾਰਟੀ ਨੂੰ ਮਿਲਿਆ ਅਤੇ ਉਸ ਨੂੰ ਫਿਰ ਤੋਂ ਸੱਤਾ ਵਿਚ ਆਉਣ ਦਾ ਮੌਕਾ ਮਿਲ ਗਿਆ। ਕੰਜ਼ਰਵੇਟਿਵ ਪਾਰਟੀ ਨੇ ਬੇਸ਼ੱਕ 144 ਸੀਟਾਂ ਹਾਸਲ ਕੀਤੀਆਂ ਪਰ ਉਹ ਸਰਕਾਰ ਬਣਾਉਣ ਵਿਚ ਲਿਬਰਲ ਤੋਂ ਪਿਛੜ ਗਈ।


ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਦੇ ਪਿੱਛੇ ਦਾ ਮੁੱਖ ਕਾਰਨ ਐਨਡੀਪੀ ਦਾ ਕਮਜ਼ੋਰ ਹੋਣਾ ਐ। ਦਰਅਸਲ ਲਿਬਰਲ ਪਾਰਟੀ ਦੀਆਂ ਵੋਟਾਂ ਵਿਚ ਜੋ ਵਾਧਾ ਹੋਇਆ ਏ, ਉਹ ਵੋਟਾਂ ਉਸ ਨੇ ਕੰਜ਼ਰਵੇਟਿਵ ਪਾਰਟੀ ਤੋਂ ਨਹੀਂ ਲਈਆਂ ਬਲਕਿ ਉਹ ਜ਼ਿਆਦਾਤਰ ਐਨਡੀਪੀ ਵੱਲੋਂ ਆਈਆਂ ਨੇ ਅਤੇ ਕੁੱਝ ਬਲਾਕ ਕਿਊਬੇਕ ਤੋਂ ਮਿਲੀਆਂ ਨੇ। ਯਾਨੀ ਕਿ ਪਹਿਲਾਂ ਜਗਮੀਤ ਸਿੰਘ ਨੇ ਬਾਹਰੋਂ ਸੁਪੋਰਟ ਕਰਕੇ ਲਿਬਰਲ ਪਾਰਟੀ ਦੀ ਸਰਕਾਰ ਨੂੰ ਬਚਾਇਆ ਸੀ ਅਤੇ ਹੁਣ ਉਹ ਹਾਰ ਕੇ ਵੀ ਲਿਬਰਲ ਪਾਰਟੀ ਨੂੰ ਬਚਾ ਗਏ।


ਨਿਊ ਡੈਮੋਕੇ੍ਰਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਇਸ ਵਾਰ ਆਪਣੀ ਸੀਟਾਂ ਤੱਕ ਨਹੀਂ ਬਚਾ ਸਕੇ, ਜਿਸ ਕਰਕੇ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਏ। ਵੱਡਾ ਸਵਾਲ ਇਹ ਐ ਕਿ ਆਖ਼ਰਕਾਰ ਜਗਮੀਤ ਸਿੰਘ ਚੋਣ ਕਿਉਂ ਹਾਰ ਗਏ? ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਕਈ ਕਾਰਨ ਨੇ। ਪਹਿਲਾ ਇਹ ਕਿ ਉਹ ਜਿਹੜੇ ਹਲਕੇ ਤੋਂ ਜਿੱਤਦੇ ਆ ਰਹੇ ਸੀ, ਉਹ ਹਲਕਾ ਹੀ ਭੰਗ ਹੋ ਗਿਆ, ਜਿਸ ਕਰਕੇ ਉਹ ਇਸ ਵਾਰ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਸੀ, ਜਿੱਥੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


ਦੂਜਾ ਕਾਰਨ ਇਹ ਐ ਕਿ ਐਨਡੀਪੀ ਦੀ ਵੋਟ ਦਾ ਵੰਡਿਆ ਜਾਣਾ। ਦਰਅਸਲ ਐਨਡੀਪੀ ਵਿਚ ਇਕ ਯੂਨੀਅਨ ਵਰਕਰ ਨੇ ਅਤੇ ਦੂਜੇ ਕੁੱਝ ਪੜ੍ਹੇ ਲਿਖੇ ਖੱਬੇ ਪੱਖੀ ਸੋਚ ਦੇ ਲੋਕ ਮੌਜੂਦ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਤਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਚਾਹੁੰਦੇ ਸੀ ਜੋ ਕੰਜ਼ਰਵੇਟਿਵ ਲਈ ਭੁਗਤੇ। ਇਕ ਸਭ ਤੋਂ ਵੱਡਾ ਪ੍ਰਮੁੱਖ ਕਾਰਨ ਇਹ ਵੀ ਐ ਕਿ ਐਨਡੀਪੀ ਦੇ ਸਮਰਥਕਾਂ ਨੂੰ ਇਹ ਲੱਗਣ ਲੱਗਿਆ ਕਿ ਜੇ ਅਸੀਂ ਲਿਬਰਲ ਪਾਰਟੀ ਦੀ ਹੀ ਸਰਕਾਰ ਬਣਾਉਣੀ ਐ, ਫਿਰ ਕਿਉਂ ਨਾ ਸਿੱਧੇ ਲਿਬਰਲ ਨੂੰ ਹੀ ਕਿਉਂ ਨਾ ਵੋਟ ਪਾਈ ਜਾਵੇ। ਇਹ ਵੀ ਐਨਡੀਪੀ ਅਤੇ ਜਗਮੀਤ ਦੀ ਹਾਰ ਦਾ ਵੱਡਾ ਕਾਰਨ ਬਣਿਆ।


ਲਿਬਰਲ ਪਾਰਟੀ ਦੀ ਮੁੜ ਤੋਂ ਹੋਈ ਜਿੱਤ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਇਸ ਗੱਲ ਦੇ ਵੱਲ ਲੱਗ ਗਿਆ ਹੈ ਕਿ ਨਵੀਂ ਸਰਕਾਰ ਪਰਵਾਸੀ ਭਾਰਤੀ ਭਾਈਚਾਰੇ ਦੇ ਲਈ ਕੀ ਨੀਤੀਆਂ ਲੈ ਕੇ ਆਵੇਗੀ। ਪਿਛਲੀ ਲਿਬਰਲ ਸਰਕਾਰ ਵਿਚ ਜਸਟਿਨ ਟਰੂਡੋ ਵਿਦੇਸ਼ ਨੀਤੀ ਵਿਚ ਫੇਲ੍ਹ ਸਾਬਤ ਹੋਏ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਵਿਰੋਧ ਵੀ ਹੁੰਦਾ ਰਿਹਾ। ਉਹ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਡੂੰਘਾਈ ਨਾਲ ਨਹੀਂ ਸਮਝ ਸਕੇ, ਜਦਕਿ ਮਾਰਕ ਕਾਰਨੀ ਵੱਲੋਂ ਭਾਰਤ ਨਾਲ ਸਬੰਧ ਸੁਧਾਰਨ ਬਾਰੇ ਬਿਆਨ ਦਿੱਤਾ ਗਿਆ ਏ।


ਆਰਥਿਕ ਮਾਹਿਰਾਂ ਦਾ ਕਹਿਣਾ ਏ ਕਿ ਮਾਰਕ ਕਾਰਨੀ ਵਪਾਰ ਅਤੇ ਫਾਈਨਾਂਸ ਦੀ ਦੁਨੀਆ ਵਿਚੋਂ ਆਏ ਨੇ, ਜਿਸ ਕਰਕੇ ਮੌਜੂਦਾ ਸਮੇਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੀ ਆਰਥਿਕ ਪੱਖ ਕੀ ਅਹਿਮੀਅਤ ਹੈ, ਉਹ ਬਾਖ਼ੂਬੀ ਸਮਝਦੇ ਨੇ। ਜਿਸ ਕਰਕੇ ਇਹ ਮੰਨਿਆ ਜਾ ਰਿਹਾ ਏ ਕਿ ਟਰੂੋਡ ਦੇ ਕਾਰਜਕਾਲ ਨਾਲੋਂ ਮਾਰਕ ਕਾਰਨੀ ਦੀ ਸਰਕਾਰ ਵਿਚ ਭਾਰਤ ਨਾਲ ਸਬੰਧਾਂ ਵਿਚ ਪਹਿਲਾਂ ਨਾਲੋਂ ਸੁਧਾਰ ਆਵੇਗਾ। ਟਰੂਡੋ ਸਰਕਾਰ ਵਿਚ ਪਰਵਾਸ ਨਿਯਮ ਬਦਲੇ ਗਏ, ਜਿਸ ਕਾਰਨ ਕੌਮਾਂਤਰੀ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਂਝ ਨਵੀਂ ਸਰਕਾਰ ਵਿਚ ਵੀ ਇਸ ਤੋਂ ਕੁੱਝ ਰਾਹਤ ਮਿਲਣ ਦੇ ਘੱਟ ਹੀ ਆਸਾਰ ਜਾਪਦੇ ਨੇ,, ਪਰ ਇਕ ਗੱਲ ਜ਼ਰੂਰ ਐ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਸੱਤਾ ਵਿਚ ਆ ਜਾਂਦੀ ਤਾਂ ਉਸ ਨੇ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧਾ ਦੇਣੀਆਂ ਸੀ।


ਦੱਸ ਦਈਏ ਕਿ ਕੈਨੇਡਾ ਦੇ ਲੋਕਾਂ ਨੂੰ ਲਿਬਰਲ ਪਾਰਟੀ ਨੂੰ ਇਸ ਕਰਕੇ ਫਤਵਾ ਦਿੱਤਾ ਹੈ ਤਾਂ ਜੋ ਮਾਰਕ ਕਾਰਨੀ ਆਪਣੀਆਂ ਨੀਤੀਆਂ ਜ਼ਰੀਏ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇ ਸਕਣ। ਇਸ ਤੋਂ ਇਲਾਵਾ ਅਪਰਾਧ, ਮਹਿੰਗਾਈ ਅਤੇ ਪਰਵਾਸੀਆਂ ਦੀ ਆਮਦ ਵਰਗੇ ਮੁੱਦੇ ਵੀ ਮਾਰਕ ਕਾਰਨੀ ਦੇ ਅੱਗੇ ਪਹਾੜ ਬਣ ਖਲੋਤੇ ਨੇ, ਜਿਨ੍ਹਾਂ ਦਾ ਹੱਲ ਵੀ ਉਨ੍ਹਾਂ ਨੂੰ ਕੱਢਣਾ ਪਵੇਗਾ। ਯਾਨੀ ਕਿ ਮਾਰਕ ਕਾਰਨੀ ਬੇਸ਼ੱਕ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣ ਜਾ ਰਹੇ ਨੇ ਪਰ ਉਨ੍ਹਾਂ ਲਈ ਰਸਤਾ ਪੂਰੀ ਤਰ੍ਹਾਂ ਚੁਣੌਤੀਆਂ ਨਾਲ ਭਰਿਆ ਹੋਇਆ ਏ,, ਦੇਖਣਾ ਹੋਵੇਗਾ ਕਿ ਉਹ ਇਨ੍ਹਾਂ ਚੁਣੌਤੀਆਂ ਨਾਲ ਕਿਵੇਂ ਨਿਪਟਣਗੇ।

ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it