ਹਾਰਨ ਤੋਂ ਬਾਅਦ ਜਗਮੀਤ ਸਿੰਘ ਨੇ ਐੱਨਡੀਪੀ ਲੀਡਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

By : Makhan shah
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਕੈਨੇਡਾ ਦੀਆਂ ਸੰਸਦੀ ਚੋਣਾਂ 'ਤੇ ਕੈਨੇਡਾ ਹੀ ਨਹੀਂ ਪੂਰੀ ਦੁਨੀਆਂ ਦੀਆਂ ਨਿਗ੍ਹਾਹਾਂ ਟਿਕੀਆਂ ਹੋਈਆਂ ਸਨ ਤੇ ਇਸ ਦੇ ਨਤੀਜਿਆਂ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।ਜਦੋਂ ਇਹਨਾਂ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤੀ ਰੁਝਾਨਾਂ ਵਿੱਚ ਹੀ ਲਿਬਰਲ ਪਾਰਟੀ ਦੇ ਵਲੋਂ ਆਪਣਾ ਝੰਡਾ ਬੁਲੰਦ ਕਰ ਦਿੱਤਾ ਗਿਆ ਸੀ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਦੇ ਵਲੋਂ ਵੀ ਸਖ਼ਤ ਮੁਕਾਬਲਾ ਬਹੁਤ ਸਾਰੀਆਂ ਸੀਟਾਂ ਤੋਂ ਦਿੱਤਾ ਗਿਆ ਪਰ ਇਹਨਾਂ ਦੋਹਾਂ ਪਾਰਟੀਆਂ ਤੋਂ ਸਿਵਾਏ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਵੀ ਵੱਡਾ ਮੁਕਾਬਲਾ ਦੇਵੇਗੀ ਅਜਿਹੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਮੁਕਾਬਲਾ ਤਾਂ ਕੀ ਦੇਣਾ ਸੀ ਜਗਮੀਤ ਸਿੰਘ ਆਪਣੀ ਹੀ ਸੀਟ ਬਚਾ ਨਹੀਂ ਪਾਏ ਤੇ ਉਹਨਾਂ ਦੇ ਵਲੋਂ ਹੁਣ ਆਪਣੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ।
ਉੱਥੇ ਹੀ ਜੇਕਰ ਗੱਲ ਕਰੀਏ ਜੇਕਰ ਪਿਛਲੀਆਂ ਚੋਣਾਂ ਦੀ ਤਾਂ ਪਿਛਲੀਆਂ ਚੋਣਾਂ ਦੌਰਾਨ ਐੱਨ.ਡੀ.ਪੀ. ਪਾਰਟੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ। ਇਸ ਘਟਨਾਕ੍ਰਮ ਨੂੰ ਕੈਨੇਡਾ ਵਿੱਚ ਵੱਖਵਾਦੀ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੂੰ ਵੱਖਵਾਦੀ ਹਮਦਰਦ ਵਜੋਂ ਜਾਣਿਆ ਜਾਂਦਾ ਹੈ। ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ। ਸਥਾਨਕ ਮੀਡੀਆ ਤੋਂ ਹੁਣ ਤੱਕ ਪ੍ਰਾਪਤ ਸੀਟਾਂ ਦੇ ਰੁਝਾਨਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ। 343 ਸੀਟਾਂ 'ਤੇ ਲਿਬਰਲ ਪਾਰਟੀ ਨੂੰ ਫੈਸਲਾਕੁੰਨ ਲੀਡ ਮਿਲ ਗਈ ਹੈ।
ਹੁਣ ਨਵੀਂ ਬਣਨ ਵਾਲੀ ਸਰਕਾਰ ਤੋਂ ਲਾਈਆਂ ਉਮੀਦਾਂ ਲੋਕਾਂ ਨੂੰ ਕਦੋਂ ਤੱਕ ਪੂਰੀਆਂ ਹੁੰਦੀਆਂ ਦਿਖਾਲ਼ੀ ਦਿੰਦਿਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਕਿਉਂਕਿ ਕੈਨੇਡੀਅਨ ਲੋਕਾਂ ਦੇ ਵਲੋਂ ਬਹੁਤ ਸਾਰੀਆਂ ਚੀਜ਼ਾਂ ਤੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਬਰਲ ਪਾਰਟੀ ਨੂੰ ਇੱਕ ਹੋਰ ਮੌਕਾ ਸੱਤਾ 'ਤੇ ਕਾਬਜ ਹੋਣ ਦਾ ਦਿੱਤਾ ਗਿਆ ਹੈ।


