Begin typing your search above and press return to search.

ਅਮਰੀਕਾ ਦੇ ‘ਵੀਜ਼ਾ’ ਲਈ ਡਾਕੇ ਮਾਰਨ ਵਾਲੇ ਭਾਰਤੀਆਂ ਨੇ ਕਬੂਲਿਆ ਗੁਨਾਹ

ਅਮਰੀਕਾ ਦੇ ‘ਯੂ ਵੀਜ਼ਾ’ ਲਈ ਫ਼ਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿਚ ਘਿਰੇ 2 ਭਾਰਤੀ ਨਾਗਰਿਕਾਂ ਵਿਚੋਂ ਇਕ ਨੇ ਗੁਨਾਹ ਕਬੂਲ ਕਰ ਲਿਆ ਹੈ

ਅਮਰੀਕਾ ਦੇ ‘ਵੀਜ਼ਾ’ ਲਈ ਡਾਕੇ ਮਾਰਨ ਵਾਲੇ ਭਾਰਤੀਆਂ ਨੇ ਕਬੂਲਿਆ ਗੁਨਾਹ
X

Upjit SinghBy : Upjit Singh

  |  21 May 2025 5:54 PM IST

  • whatsapp
  • Telegram

ਬੋਸਟਨ : ਅਮਰੀਕਾ ਦੇ ‘ਯੂ ਵੀਜ਼ਾ’ ਲਈ ਫ਼ਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿਚ ਘਿਰੇ 2 ਭਾਰਤੀ ਨਾਗਰਿਕਾਂ ਵਿਚੋਂ ਇਕ ਨੇ ਗੁਨਾਹ ਕਬੂਲ ਕਰ ਲਿਆ ਹੈ ਜਦਕਿ ਦੂਜਾ 22 ਮਈ ਨੂੰ ਗੁਨਾਹ ਕਬੂਲ ਕਰ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਨੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ ਘੱਟੋ ਘੱਟ 9 ਡਾਕੇ ਮਾਰੇ। ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ। ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ ਜਿਨ੍ਹਾਂ ਵੱਲੋਂ ਰਾਮਭਾਈ ਅਤੇ ਬਲਵਿੰਦਰ ਸਿੰਘ ਨੂੰ 20 ਹਜ਼ਾਰ ਡਾਲਰ ਤੱਕ ਅਦਾਇਗੀ ਕੀਤੀ ਗਈ।

ਰਾਮ ਭਾਈ ਪਟੇਲ ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ

ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਡਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਫਰਜ਼ੀ ਲੁਟੇਰਾ ਹਥਿਆਰ ਲਹਿਰਾਉਂਦਾ ਹੋਇਆ ਸਟੋਰ ਅੰਦਰ ਦਾਖਲ ਹੁੰਦਾ ਹੈ ਅਤੇ ਨਕਦੀ ਲੁੱਟ ਕੇ ਫਰਾਰ ਹੋ ਜਾਂਦਾ ਹੈ। ਫਰਜ਼ੀ ਡਾਕੇ ਵਾਸਤੇ ਸਟੋਰ ਵਰਤਣ ਦੇ ਇਵਜ਼ ਵਿਚ ਰਾਮਭਾਈ ਪਟੇਲ ਵੱਲੋਂ ਸਟੋਰ ਮਾਲਕ ਨੂੰ ਅਦਾਇਗੀ ਕੀਤੀ ਜਾਂਦੀ ਸੀ ਅਤੇ ਮੁਲਾਜ਼ਮ ‘ਯੂ ਵੀਜ਼ਾ’ ਵਾਸਤੇ ਅਰਜ਼ੀ ਦਾਇਰ ਕਰ ਦਿੰਦੇ। ਰਾਮਭਾਈ ਪਟੇਲ ਨੂੰ ਨਿਊ ਯਾਰਕ ਦੇ ਕੁਈਨਜ਼ ਇਲਾਕੇ ਅਤੇ ਬਲਵਿੰਦਰ ਸਿੰਘ ਨੂੰ ਸਿਐਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਰੁੱਧ ਬੋਸਟਨ ਦੀ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ ਅਤੇ ਪੰਜ ਸਾਲ ਤੱਕ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।

ਬਲਵਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਦਾਖਲ ਕੀਤਾ ਜਾ ਸਕਦੈ ਕਬੂਲਨਾਮਾ

ਦੱਸ ਦੇਈਏ ਕਿ ਅਮਰੀਕਾ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਕੁਝ ਖਾਸ ਅਪਰਾਧਾਂ ਦੇ ਪੀੜਤਾਂ ਨੂੰ ਯੂ ਵੀਜ਼ਾ ਦਿਤਾ ਜਾਂਦਾ ਹੈ। ਇਹ ਵੀਜ਼ਾ ਸਾਲ 2000 ਵਿਚ ਆਰੰਭ ਕੀਤਾ ਗਿਆ ਅਤੇ ਇਸ ਦਾ ਮੁੱਖ ਮਕਸਦ ਹਿੰਸਾ ਪੀੜਤਾਂ ਨੂੰ ਰਾਹਤ ਦੇਣਾ ਸੀ ਪਰ ਕੁਝ ਸ਼ਾਤਰ ਦਿਮਾਗ ਵਾਲੇ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿਤਾ। ਨਿਊ ਯਾਰਕ ਦੇ ਵਸਨੀਕ ਰਾਮਭਾਈ ਪਟੇਲ ਨੇ ਬੋਸਟਨ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਵੀਜ਼ਾ ਫਰੌਡ ਦੀ ਸਾਜ਼ਿਸ਼ ਦਾ ਦੋਸ਼ ਪ੍ਰਵਾਨ ਕਰ ਲਿਆ ਜਿਸ ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ ਕੀਤਾ ਜਾਵੇਗਾ। ਮੈਸਾਚਿਊਸੈਟਸ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਫ਼ਰਜ਼ੀ ਡਾਕਿਆਂ ਦੇ ਇਸ ਮਾਮਲੇ ਦੀ ਪੜਤਾਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੈਨਸਿਲਵੇਨੀਆ, ਕੈਂਟਕੀ ਅਤੇ ਟੈਨੇਸੀ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਦੀ ਮਦਦ ਨਾਲ ਕੀਤੀ ਗਈ।

Next Story
ਤਾਜ਼ਾ ਖਬਰਾਂ
Share it