Begin typing your search above and press return to search.

ਅਮਰੀਕਾ ’ਚ ਭਾਰਤੀ ਨੌਜਵਾਨ ਦੀ ਮੌਤ ਦਾ ਮਾਮਲਾ ਉਲਝਿਆ

ਅਮਰੀਕਾ ਦੀ ਵੱਡੀ ਕੰਪਨੀ ’ਤੇ ਠੱਗੀ-ਠੋਰੀ ਦੇ ਦੋਸ਼ ਲਾਉਣ ਵਾਲੇ ਸੁਚਿਰ ਬਾਲਾਜੀ ਦੇ ਮਾਪਿਆਂ ਵੱਲੋਂ ਚੀਫ਼ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਨੂੰ ਸਿੱਧੇ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ।

ਅਮਰੀਕਾ ’ਚ ਭਾਰਤੀ ਨੌਜਵਾਨ ਦੀ ਮੌਤ ਦਾ ਮਾਮਲਾ ਉਲਝਿਆ
X

Upjit SinghBy : Upjit Singh

  |  19 Feb 2025 6:53 PM IST

  • whatsapp
  • Telegram

ਸੈਨ ਫਰਾਂਸਿਸਕੋ : ਅਮਰੀਕਾ ਦੀ ਵੱਡੀ ਕੰਪਨੀ ’ਤੇ ਠੱਗੀ-ਠੋਰੀ ਦੇ ਦੋਸ਼ ਲਾਉਣ ਵਾਲੇ ਸੁਚਿਰ ਬਾਲਾਜੀ ਦੇ ਮਾਪਿਆਂ ਵੱਲੋਂ ਚੀਫ਼ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਨੂੰ ਸਿੱਧੇ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ। ਸੁਚਿਰ ਦੀ ਮਾਤਾ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ ਸਾਡਾ ਵਕੀਲ ਅਤੇ ਅਸੀਂ ਪੋਸਟਮਾਰਟਮ ਰਿਪੋਰਟ ਨਾਲ ਬਿਲਕੁਲ ਵੀ ਸਹਿਮਤ ਨਹੀਂ ਜਿਸ ਵਿਚ ਬੇਅੰਤ ਕਮੀਆਂ ਸਾਫ਼ ਤੌਰ ’ਤੇ ਨਜ਼ਰ ਆ ਰਹੀਆਂ ਹਨ।ਪੂਰਨਿਮਾ ਰਾਮਾਰਾਓ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਨੇ ਖੁਦਕੁਸ਼ੀ ਨਹੀਂ ਕੀਤੀ ਅਤੇ ਮਾਮਲੇ ਦੀ ਪੜਤਾਲ ਜਾਰੀ ਰੱਖੀ ਜਾਵੇਗੀ। ਆਪਣੇ ਦਾਅਵੇ ਦੇ ਹੱਕ ਵਿਚ ਪੂਰਨਿਮਾ ਰਾਮਾਰਾਓ ਵੱਲੋਂ ਸੁਚਿਰ ਦੀ ਲਾਸ਼ ਨੇੜੇ ਮਿਲੇ ਸਿੰਥੈਟਿਕ ਵਾਲਾਂ ਦੇ ਦੋ ਗੁੱਛਿਆਂ ਦੀ ਮਿਸਾਲ ਪੇਸ਼ ਕੀਤੀ ਜਿਨ੍ਹਾਂ ਨੂੰ ਪੜਤਾਲ ਵਾਸਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਪਰਵਾਰ ਦੇ ਵਕੀਲ ਕੈਵਿਨ ਰੂਨੀ ਵੱਲੋਂ ਸੈਨ ਫਰਾਂਸਿਸਕੋ ਪੁਲਿਸ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਜਾ ਰਿਹਾ ਹੈ।

ਮਾਪਿਆਂ ਨੇ ਖੁਦਕੁਸ਼ੀ ਮੰਨਣ ਤੋਂ ਕੀਤਾ ਇਨਕਾਰ

ਇਸੇ ਦੌਰਾਨ ਕੈਵਿਨ ਰੂਨੀ ਨੇ ਕਿਹਾ ਕਿ ਮੌਕਾ ਏ ਵਾਰਦਾਤ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਦੇ ਬੌਡੀ ਕੈਮਰਿਆਂ ਦੀ ਫੁਟੇਜ ਮੰਗੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸੈਨ ਫਰਾਂਸਿਸਕੋ ਦੇ ਚੀਫ਼ ਮੈਡੀਕਲ ਐਗਜ਼ਾਮੀਨਰ ਵੱਲੋਂ ਪੇਸ਼ ਪੋਸਟ ਮਾਰਟਮ ਵਿਚ ਸੁਚਿਰ ਬਾਲਾਜੀ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿਤਾ ਗਿਆ। ਰਿਪੋਰਟ ਵਿਚ ਕੁਝ ਨਵੇਂ ਤੱਥ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਮੁਤਾਬਕ ਸੁਚਿਰ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮਾਮਲਾ ਬੰਦ ਕਰ ਦਿਤਾ ਹੈ ਅਤੇ ਹੁਣ ਇਸ ਨੂੰ ਤਾਂ ਹੀ ਮੁੜ ਖੋਲਿ੍ਹਆ ਜਾਵੇਗਾ ਜੇ ਕੋਈ ਠੋਸ ਸਬੂਤ ਸਾਹਮਣੇ ਆਉਂਦਾ ਹੈ। ਪੋਸਟ ਮਾਰਟਮ ਰਿਪੋਰਟ ਰਾਹੀਂ ਬਾਲਾਜੀ ਦੇ ਮਾਪਿਆਂ ਦਾ ਇਕ ਦਾਅਵਾ ਸੱਚ ਸਾਬਤ ਹੋਇਆ ਕਿ ਗੋਲੀ ਲੱਗਣ ਮਗਰੋਂ ਉਸ ਦੀ ਤੁਰਤ ਮੌਤ ਨਹੀਂ ਹੋਈ। ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ਓਪਨ ਏ.ਆਈ. ’ਤੇ ਗੰਭੀਰ ਦੋਸ਼ ਲਾਉਣ ਵਾਲੇ ਸੁਚਿਰ ਦੀ ਮਾਤਾ ਪੂਰਨਿਮਾ ਰਾਮਾਰਾਓ ਨੇ ਕਿਹਾ ਸੀ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਦੂਜੀ ਪੋਸਟਮਾਰਟਮ ਰਿਪੋਰਟ ਬਹੁਤ ਕੁਝ ਬਿਆਨ ਕਰ ਰਹੀ ਹੈ। ਇਹ ਖੁਦਕੁਸ਼ੀ ਦਾ ਮਾਮਲਾ ਨਹੀਂ, ਸਗੋਂ ਸਿੱਧੇ ਤੌਰ ’ਤੇ ਕਤਲ ਹੈ। ਸੁਚਿਰ ਦੇ ਮਾਪਿਆਂ ਮੁਤਾਬਕ ਨਿਊ ਯਾਰਕ ਟਾਈਮਜ਼ ਨੂੰ ਦਿਤੀ ਇੰਟਰਵਿਊ ਉਸ ਦੀ ਮੌਤ ਦਾ ਕਾਰਨ ਬਣੀ।

ਦਾਅਵਾ ਕੀਤਾ, ਲਾਸ਼ ਨੇੜਿਉਂ ਸਿੰਥੈਟਿਕ ਵਾਲਾਂ ਦੇ ਗੁੱਛੇ ਮਿਲੇ

ਦੱਸ ਦੇਈਏ ਕਿ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇਕ ਅਪਾਰਟਮੈਂਟ ਵਿਚੋਂ ਮਿਲੀ ਪਰ ਪੁਲਿਸ ਵੱਲੋਂ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ। ਪਹਿਲੀ ਰਿਪੋਰਟ ਵਿਚ ਮੈਡੀਕਲ ਐਗਜ਼ਾਮੀਨਰ ਨੂੰ ਸੁਚਿਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਗਿਆ। ਨਵੰਬਰ 2020 ਤੋਂ ਅਗਸਤ 2024 ਤੱਕ ‘ਓਪਨ ਏ.ਆਈ.’ ਵਾਸਤੇ ਕੰਮ ਕਰਨ ਵਾਲਾ ਸੁਚਿਰ ਬਾਲਾਜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਉਸ ਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁੰਨ ਖੁਲਾਸੇ ਕਰ ਦਿਤੇ। ਨਿਊ ਯਾਰਕ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਸੁਚਿਰ ਨੇ ਕਿਹਾ ਸੀ ਕਿ ਓਪਨ ਏ.ਆਈ. ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਅਤੇ ਇੰਟਰਨੈਟ ਇਕੋਸਿਸਟਮ ਵਾਸਤੇ ਬੇਹੱਦ ਨੁਕਸਾਨਦੇਹ ਹੈ। ਸੁਚਿਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡੈਵਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿਤਾ।

Next Story
ਤਾਜ਼ਾ ਖਬਰਾਂ
Share it