ਯੂ.ਕੇ. ਵਿਚ ਭਾਰਤੀ ਮੁਟਿਆਰ ਦਾ ਕਤਲ, ਪੰਕਜ ਲਾਂਬਾ ਦੀ ਭਾਲ ਕਰ ਰਹੀ ਪੁਲਿਸ
ਯੂ.ਕੇ. ਵਿਚ ਭਾਰਤੀ ਮੁਟਿਆਰ ਦਾ ਕਥਿਤ ਤੌਰ ’ਤੇ ਕਤਲ ਕਰ ਕੇ ਫਰਾਰ ਹੋਏ ਪੰਕਜ ਲਾਂਬਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
By : Upjit Singh
ਲੰਡਨ : ਯੂ.ਕੇ. ਵਿਚ ਭਾਰਤੀ ਮੁਟਿਆਰ ਦਾ ਕਥਿਤ ਤੌਰ ’ਤੇ ਕਤਲ ਕਰ ਕੇ ਫਰਾਰ ਹੋਏ ਪੰਕਜ ਲਾਂਬਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ 24 ਸਾਲ ਦੀ ਹਰਸ਼ਿਤਾ ਦੀ ਲਾਸ਼ ਲੰਡਨ ਵਿਖੇ ਕਾਰ ਦੀ ਡਿਕੀ ਵਿਚੋਂ ਮਿਲੀ ਜਦਕਿ ਉਸ ਦਾ ਕਤਲ ਨੌਰਥੈਂਪਟਨਸ਼ਾਇਰ ਵਿਖੇ ਕੀਤਾ ਗਿਆ। ਯੂ.ਕੇ. ਪੁਲਿਸ ਦਾ ਮੰਨਣਾ ਹੈ ਕਿ ਪੰਕਜ ਲਾਂਬਾ ਮੁਲਕ ਛੱਡ ਕੇ ਫਰਾਰ ਹੋ ਚੁੱਕਾ ਹੈ ਅਤੇ ਉਸ ਨੂੰ ਕਾਬੂ ਕਰਨ ਲਈ 60 ਅਫਸਰਾਂ ਦੀ ਟੀਮ ਕੰਮ ਕਰ ਰਹੀ ਹੈ। ਹਰਸ਼ਿਤਾ ਦੇ ਗੁਆਂਢੀਆਂ ਨੇ ਦੱਸਿਆ ਕਿ ਇਕ ਮਕਾਨ ਵਿਚ ਤਕਰੀਬਨ 12 ਜਣੇ ਰਹਿੰਦੇ ਸਨ ਅਤੇ ਪਿਛਲੇ ਦਿਨੀਂ ਦੋ ਜਣਿਆਂ ਦੇ ਉਚੀ ਆਵਾਜ਼ ਵਿਚ ਬਹਿਸਣ ਦੀਆਂ ਆਵਾਜ਼ਾਂ ਵੀ ਆਈਆਂ। ਹਰਸ਼ਿਤਾ ਕਈ ਦਿਨ ਤੱਕ ਨਜ਼ਰ ਨਾ ਆਈ ਤਾਂ ਉਸ ਦੇ ਕਿਸੇ ਜਾਣਕਾਰੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਅਫਸਰਾਂ ਨੇ ਘਰ ਜਾ ਕੇ ਦੇਖਿਆ ਤਾਂ ਕੋਈ ਜਵਾਬ ਨਾ ਮਿਲਿਆ ਜਦਕਿ ਇਸੇ ਦੌਰਾਨ ਈਸਟ ਲੰਡਨ ਵਿਚ ਇਕ ਕਾਰ ਦੀ ਡਿਕੀ ਵਿਚੋਂ ਔਰਤ ਦੀ ਲਾਸ਼ ਬਰਾਮਦ ਕੀਤੀ ਗਈ।
ਕਾਰ ਦੀ ਡਿਕੀ ਵਿਚੋਂ ਮਿਲੀ 24 ਸਾਲ ਦੀ ਹਰਸ਼ਿਤਾ ਦੀ ਲਾਸ਼
ਹਰਸ਼ਿਤਾ ਪਹਿਲਾਂ ਵੀ ਕਈ ਵਾਰ ਘਰੇਲੂ ਹਿੰਸਾ ਦਾ ਸ਼ਿਕਾਰ ਬਣ ਚੁੱਕੀ ਸੀ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਨੌਰਥੈਂਪਟਨ ਦੀ ਅਦਾਲਤ ਨੇ ਡੋਮੈਸਟਿਕ ਵਾਇਲੈਂਸ ਪ੍ਰੋਟੈਕਸ਼ਨ ਆਰਡਰ ਵੀ ਜਾਰੀ ਕੀਤੇ। ਇਸੇ ਦੌਰਾਨ ਹਰਸ਼ਿਤਾ ਦੇ ਇਕ ਹੋਰ ਗੁਆਂਢੀ ਨੇ ਦੱਸਿਆ ਕਿ ਪਿਛਲੇ ਦਿਨੀਂ ਔਰਤ ਦੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਆਈਆਂ। ਅੰਗਰੇਜ਼ੀ ਭਾਸ਼ਾ ਨਾ ਹੋਣ ਕਾਰਨ ਗੁਆਂਢੀ ਨੂੰ ਗੱਲਾਂ ਦੀ ਸਮਝ ਨਾ ਲੱਗੀ ਪਰ ਮਸਲਾ ਬੇਹੱਦ ਗੰਭੀਰ ਮਹਿਸੂਸ ਹੋ ਰਿਹਾ ਸੀ। ਪੁਲਿਸ ਮੁਤਾਬਕ ਪੰਕਜ ਲਾਂਬਾ ਭਾਵੇਂ ਮੁਲਕ ਵਿਚੋਂ ਫਰਾਰ ਹੋ ਚੁੱਕਾ ਹੈ ਪਰ ਈਸਟ ਲੰਡਨ ਵਿਚ ਮਿਲੀ ਕਾਰ ਅਤੇ ਨੌਰਥੈਂਪਟਨਸ਼ਾਇਰ ਤੋਂ ਇਥੋਂ ਤੱਕ ਦੇ ਸਫਰ ਬਾਰੇ ਹਰ ਚੀਜ਼ ਪਤਾ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤ ਇਕੱਤਰ ਕੀਤੇ ਜਾ ਰਹੇ ਹਨ।
ਗੁਆਂਢੀਆਂ ਨੇ ਕਈ ਵਾਰ ਸੁਣੀ ਚੀਕ ਚਿਹਾੜੇ ਦੀ ਆਵਾਜ਼
ਪੁਲਿਸ ਨੇ ਇਸ ਵਾਰਦਾਤ ਮਗਰੋਂ ਲੋਕਾਂ ਦੀ ਸੁਰੱਖਿਆ ਵਾਸਤੇ ਕਿਸਮ ਖਤਰਾ ਨਹੀਂ ਦੱਸਿਆ ਅਤੇ ਅਹਿਤਿਆਤ ਵਜੋਂ ਪੁਲਿਸ ਦੀ ਗਸ਼ਤ ਵਧਾਈ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 101 ’ਤੇ ਕਾਲ ਕਰਦਿਆਂ ਅਪ੍ਰੇਸ਼ਨ ਵੈਸਟਕੌਟ ਦਾ ਜ਼ਿਕਰ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 0800 555 111 ’ਤੇ ਸੰਪਰਕ ਕੀਤਾ ਜਾ ਸਕਦਾ ਹੈ।