ਅਮਰੀਕਾ ਵਿਚ ਭਾਰਤੀ ਔਰਤ ਵੱਲੋਂ ਬੇਟੇ ਦਾ ਕਤਲ
ਅਮਰੀਕਾ ਵਿਚ ਭਾਰਤੀ ਮੂਲ ਦੀ ਔਰਤ ਨੂੰ ਆਪਣੇ 11 ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਭਾਰਤੀ ਮੂਲ ਦੀ ਔਰਤ ਨੂੰ ਆਪਣੇ 11 ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 48 ਸਾਲ ਦੀ ਸਰਿਤਾ ਰਾਮਰਾਜੂ ਨੇ ਖੁਦ ਹੀ ਪੁਲਿਸ ਨੂੰ ਫੋਨ ਕਰ ਕੇ ਵਾਰਦਾਤ ਬਾਰੇ ਦੱਸਿਆ। ਸਰਿਤਾ ਅਤੇ ਉਸ ਦੇ ਪਤੀ ਦਾ ਤਲਾਕ ਹੋ ਚੁੱਕਾ ਹੈ ਅਤੇ ਪਿਤਾ ਕੋਲ ਰਹਿ ਰਹੇ ਬੇਟੇ ਨੂੰ ਸਰਿਤਾ ਡਿਜ਼ਨੀਲੈਂਡ ਘੁਮਾਉਣ ਦੇ ਬਹਾਨੇ ਲੈ ਕੇ ਆਈ ਸੀ। ਪਿਤਾ ਕੋਲ ਜਾਣ ਤੋਂ ਕੁਝ ਘੰਟੇ ਪਹਿਲਾਂ ਸਰਿਤਾ ਨੇ 11 ਸਾਲ ਦੇ ਜਤਿਨ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ।
11 ਸਾਲ ਦੇ ਜਤਿਨ ਨੂੰ ਘੁਮਾਉਣ ਦੇ ਬਹਾਨੇ ਡਿਜ਼ਨੀਲੈਂਡ ਲੈ ਗਏ ਸਰਿਤਾ
ਪੁਲਿਸ ਅਫ਼ਸਰ ਮੌਕੇ ’ਤੇ ਪੁੱਜੇ ਤਾਂ ਸਰਿਤਾ ਦੇ ਹੱਥ ਖੂਨ ਨਾਲ ਰੰਗੇ ਨਜ਼ਰ ਆਏ ਅਤੇ ਸਾਰਾ ਘਟਨਾਕ੍ਰਮ ਬੌਡੀ ਕੈਮਰਿਆਂ ਵਿਚ ਕੈਦ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਸਰਿਤਾ ਰਾਮਰਾਜੂ ਨੂੰ ਹਥਕੜੀ ਲਾਈ ਜਾ ਰਹੀ ਸੀ ਤਾਂ ਉਸ ਦੇ ਹੱਥਾਂ ’ਤੇ ਲੱਗਾ ਖੂਨ ਸਾਫ ਨਜ਼ਰ ਆ ਰਿਹਾ ਸੀ। ਸਰਿਤਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਕੋਈ ਚੀਜ਼ ਨਿਗਲੀ ਹੈ ਜਿਸ ਦੇ ਮੱਦੇਨਜ਼ਰ ਗ੍ਰਿਫਤਾਰੀ ਤੋਂ ਤੁਰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਸੈਂਟਾ ਐਨਾ ਦੇ ਇਕ ਹੋਟਲ ਦੇ ਕਮਰੇ ਵਿਚੋਂ ਜਤਿਨ ਦੀ ਲਾਸ਼ ਬਰਾਮਦ ਕੀਤੀ ਗਈ ਜਿਸ ਨੂੰ ਗਲ ਵੱਢ ਕੇ ਮਾਰਿਆ ਗਿਆ।
2018 ਵਿਚ ਪਤੀ ਨਾਲ ਹੋ ਗਿਆ ਸੀ ਤਲਾਕ
ਔਰੇਂਜ ਕਾਊਂਟੀ ਦੀ ਲੋਕ ਸੰਪਰਕ ਅਫ਼ਸਰ ਕਿੰਬਰਲੀ ਐਡਜ਼ ਨੇ ਦੱਸਿਆ ਕਿ ਅਦਾਲਤੀ ਹੁਕਮਾਂ ’ਤੇ ਜਤਿਨ ਨੂੰ ਸਰਿਤਾ ਰਾਮਰਾਜੂ ਦੇ ਸਪੁਰਦ ਕੀਤਾ ਗਿਆ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਇਕ ਦਿਨ ਪਹਿਲਾਂ ਸਰਿਤਾ ਨੇ ਤੇਜ਼ਧਾਰ ਛੁਰਾ ਖਰੀਦਿਆ ਸੀ ਅਤੇ ਸੰਭਾਵਤ ਤੌਰ ’ਤੇ ਇਸੇ ਦੀ ਵਰਤੋਂ ਕਰਦਿਆਂ ਜਤਿਨ ਦਾ ਕਤਲ ਕੀਤਾ। ਉਧਰ ਮੈਡੀਕਲ ਐਗਜ਼ਾਮਿਨਰ ਨੇ ਦੱਸਿਆ ਕਿ ਐਮਰਜੰਸੀ ਕਾਮਿਆਂ ਦੇ ਪੁੱਜਣ ਤੋਂ ਕਈ ਘੰਟੇ ਪਹਿਲਾਂ ਜਤਿਨ ਦੀ ਮੌਤ ਹੋ ਚੁੱਕੀ ਸੀ।


