ਅਮਰੀਕਾ ਵਿਚ ਗ੍ਰਿਫ਼ਤਾਰ ਭਾਰਤੀ ਵਿਦਿਆਰਥੀ ਹੋਇਆ ਰਿਹਾਅ
ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ ਭਾਰਤੀ ਵਿਦਿਆਰਥੀ ਬਦਰ ਖਾਨ ਸੂਰੀ ਨੂੰ ਆਖਰਕਾਰ ਰਿਹਾਅ ਕਰ ਦਿਤਾ ਗਿਆ ਹੈ ਪਰ ਡਿਪੋਰਟੇਸ਼ਨ ਦਾ ਖਤਰਾ ਹਾਲੇ ਟਲਿਆਂ ਨਹੀਂ।

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ ਭਾਰਤੀ ਵਿਦਿਆਰਥੀ ਬਦਰ ਖਾਨ ਸੂਰੀ ਨੂੰ ਆਖਰਕਾਰ ਰਿਹਾਅ ਕਰ ਦਿਤਾ ਗਿਆ ਹੈ ਪਰ ਡਿਪੋਰਟੇਸ਼ਨ ਦਾ ਖਤਰਾ ਹਾਲੇ ਟਲਿਆਂ ਨਹੀਂ। ਵਾਸ਼ਿੰਗਟਨ ਡੀ.ਸੀ. ਦੀ ਜਾਰਜਟਾਊਨ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪਾਰਟ ਟਾਈਮ ਪ੍ਰੋਫੈਸਰ ਬਦਰ ਖਾਨ ਸੂਰੀ ਦੇ ਵਕੀਲਾਂ ਨੇ ਦਲੀਲ ਦਿਤੀ ਕਿ ਫਲਸਤੀਨੀ ਪਰਵਾਰ ਨਾਲ ਰਿਸ਼ਤੇਦਾਰੀ ਦੀ ਸਜ਼ਾ ਉਨ੍ਹਾਂ ਦੇ ਮੁਵੱਕਲ ਨੂੰ ਭੁਗਤਣੀ ਪੈ ਰਹੀ ਹੈ। ਉਧਰ ਨਿਆਂ ਵਿਭਾਗ ਨੇ ਦਾਅਵਾ ਕੀਤਾ ਕਿ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਣ ਤੱਕ ਬਦਰ ਖਾਨ ਸੂਰੀ ਨੂੰ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ ਪਰ ਜ਼ਿਲ੍ਹਾ ਜੱਜ ਪੈਟ੍ਰਿਸ਼ੀਆ ਟੌਲਾਈਵਰ ਜਾਈਲਜ਼ ਨੇ ਫੈਸਲਾ ਸੁਣਾ ਦਿਤਾ ਕਿ ਬਦਰ ਖਾਨ ਦੀ ਗ੍ਰਿਫ਼ਤਾਰੀ ਬੋਲਣ ਦੀ ਆਜ਼ਾਦੀ ਵਰਗੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦੀ ਹੈ।
ਇੰਮੀਗ੍ਰੇਸ਼ਨ ਵਾਲਿਆਂ ਨੇ ਤੁਰਕੀ ਦੀ ਵਿਦਿਆਰਥਣ ਵੀ ਰਿਹਾਅ ਕੀਤੀ
ਅਦਾਲਤ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਕਿ ਬਦਰ ਖਾਨ ਨੇ ਹਮਾਸ ਦੇ ਹੱਕ ਵਿਚ ਕੋਈ ਬਿਆਨ ਦਿਤਾ। ਦੱਸ ਦੇਈਏ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਵਰਜੀਨੀਆ ਦੇ ਰੌਸਲਿਨ ਸ਼ਹਿਰ ਵਿਚ ਛਾਪੇ ਦੌਰਾਨ ਬਦਰ ਖਾਨ ਨੂੰ ਹਿਰਾਸਤ ਵਿਚ ਲਿਆ। ਬਦਰ ਖਾਨ ਦੀ ਪਤਨੀ ਮਾਫ਼ੀਜ਼ ਅਹਿਮਦ ਯੂਸਫ ਹਮਾਸ ਆਗੂ ਇਸਮਾਈਲ ਹਾਨੀਏ ਦੇ ਸਲਾਹਕਾਰ ਰਹਿ ਚੁੱਕੇ ਅਹਿਮਦ ਯੂਸਫ ਦੀ ਬੇਟੀ ਹੈ। ਬਦਰ ਖਾਨ ਦੀ ਪਤਨੀ ਯੂ.ਐਸ. ਸਿਟੀਜ਼ਨ ਹੈ ਅਤੇ ਉਸ ਵੱਲੋਂ ਕਈ ਵਾਰ ਸੋਸ਼ਲ ਮੀਡੀਆ ’ਤੇ ਹਮਾਸ ਦੀ ਹਮਾਇਤ ਕੀਤੀ ਗਈ। ਅਰਬੀ ਭਾਸ਼ਾ ਵਿਚ ਉਸ ਨੇ ਕਿਹਾ ਕਿ ਗਾਜ਼ਾ ਵਿਚੋਂ ਇਜ਼ਰਾਇਲੀ ਗਲਬਾ ਖਤਮ ਕਰਨ ਲਈ ਬਣਾਈ ਕਮੇਟੀ ਦੀ ਉਹ ਮੈਂਬਰ ਰਹਿ ਚੁੱਕੀ ਹੈ। ਉਧਰ ਅਦਾਲਤੀ ਹੁਕਮਾਂ ਮਗਰੋਂ ਬਦਰ ਖਾਨ ਨੂੰ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚੋਂ ਰਿਹਾਅ ਕੀਤਾ ਗਿਆ ਤਾਂ ਉਸ ਦੀ ਪਤਨੀ ਦੀਆਂ ਅੱਖਾਂ ਵਿਚ ਹੰਝੂ ਆ ਗਏ। ਮਾਫ਼ੀਜ਼ ਨੇ ਕਿਹਾ ਕਿ ਫਲਸਤੀਨ ਵਿਚ ਵਾਪਰ ਰਹੇ ਘਟਨਾਕ੍ਰਮ ਦਾ ਜ਼ਿਕਰ ਕਰਨਾ ਕੋਈ ਗੁਨਾਹ ਨਹੀਂ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਦੀ ਭਾਰਤੀ ਵਿਦਿਆਰਥਣ ਰੰਜਨੀ ਸ੍ਰੀਨਿਵਾਸਨ ਦਾ ਵੀਜ਼ਾ ਰੱਦ ਕਰ ਦਿਤਾ ਗਿਆ ਸੀ ਜਿਸ ਮਗਰੋਂ ਉਹ ਸੈਲਫ ਡਿਪੋਰਟ ਹੋ ਕੇ ਕੈਨੇਡਾ ਪੁੱਜ ਗਈ।
4 ਜੁਲਾਈ ਨੂੰ ਲਾਗੂ ਹੋ ਸਕਦਾ ਹੈ ਨਵਾਂ ਕਾਨੂੰਨ
ਰੰਜਨੀ ਸ੍ਰੀਨਿਵਾਸਨ ਡਾਕਟਰੇਟ ਦੀ ਪੜ੍ਹਾਈ ਕਰ ਰਹੀ ਸੀ ਅਤੇ ਪਿਛਲੇ ਸਮੇਂ ਦੌਰਾਨ ਇਜ਼ਰਾਈਲ ਵਿਰੁੱਧ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਰਹੀ ਜਿਸ ਦੇ ਮੱਦੇਨਜ਼ਰ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਨੇ ਉਸ ਵਿਰੁੱਧ ਹਿੰਸਾ ਅਤੇ ਅਤਿਵਾਦ ਦੀ ਵਕਾਲਤ ਕਰਨ ਦੇ ਦੋਸ਼ ਲਾਉਂਦਿਆਂ ਸਟੱਡੀ ਵੀਜ਼ਾ ਰੱਦ ਕਰ ਦਿਤਾ। ਮਹਿਮੂਦ ਖਲੀਲ ਵਰਗੇ ਗਰੀਨ ਕਾਰਡ ਹੋਲਡਰ ਵੀ ਇੰਮੀਗ੍ਰੇਸ਼ਨ ਵਾਲਿਆਂ ਨੇ ਨਹੀਂ ਬਖ਼ਸ਼ੇ ਅਤੇ ਤੁਰਕੀ ਦੀ 30 ਸਾਲਾ ਰੁਮੇਜ਼ਾ ਓਜ਼ਟਰਕ ਨੂੰ ਹੈਰਾਨਕੁੰਨ ਤਰੀਕੇ ਨਾਲ ਕਾਬੂ ਕੀਤਾ। ਰੁਮੇਜ਼ਾ, ਮੈਸਾਚਿਊਸੈਟਸ ਦੀ ਟਫ਼ਟਸ ਯੂਨੀਵਰਸਿਟੀ ਪੀ.ਐਚ.ਡੀ. ਕਰ ਰਹੀ ਹੈ ਅਤੇ ਉਸ ਦੀ ਵਕੀਲ ਮਾਹਸਾ ਖਾਨਬਬਾਈ ਨੇ ਦੱਸਿਆ ਕਿ ਉਸ ਦੀ ਮੁਵੱਕਲ ਇਫ਼ਤਾਰ ਦੌਰਾਨ ਆਪਣੀਆਂ ਸਹੇਲੀਆਂ ਨੂੰ ਮਿਲਣ ਪੁੱਜੀ ਸੀ ਜਦੋਂ ਇੰਮੀਗ੍ਰੇਸ਼ਨ ਵਾਲਿਆਂ ਨੇ ਘੇਰਾ ਪਾ ਲਿਆ। ਹੁਣ ਉਸ ਨੂੰ ਵੀ ਅਦਾਲਤੀ ਹੁਕਮਾਂ ’ਤੇ ਰਿਹਾਅ ਕਰ ਦਿਤਾ ਗਿਆ।


