ਅਮਰੀਕਾ ਦੀ ਜੇਲ ਵਿਚ ਬੰਦ ਭਾਰਤੀ ਨੂੰ ਮਿਲੀ ਰਾਹਤ
ਅਮਰੀਕਾ ਵਿਚ ਬੱਚਾ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਭਾਰਤੀ ਮੂਲ ਦੇ ਮਹਿੰਦਰ ਪਟੇਲ ਨੂੰ ਰਾਹਤ ਮਿਲਣ ਦੇ ਆਸਾਰ ਹਨ।

ਐਟਲਾਂਟਾ : ਅਮਰੀਕਾ ਵਿਚ ਬੱਚਾ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਭਾਰਤੀ ਮੂਲ ਦੇ ਮਹਿੰਦਰ ਪਟੇਲ ਨੂੰ ਰਾਹਤ ਮਿਲਣ ਦੇ ਆਸਾਰ ਹਨ। ਜੀ ਹਾਂ, ਵਾਲਮਾਰਟ ਸਟੋਰ ਵਿਚ ਵਾਪਰੀ ਘਟਨਾ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਰਾਹੀਂ ਬੱਚੇ ਦੀ ਮਾਂ ਵੱਲੋਂ ਕੀਤਾ ਦਾਅਵਾ ਥੋਥਾ ਸਾਬਤ ਹੋ ਸਕਦਾ ਹੈ। 56 ਸਾਲ ਦੇ ਮਹਿੰਦਰ ਪਟੇਲ ਦੀ ਵਕੀਲ ਐਸ਼ਲੀ ਮਰਚੈਂਟ ਨੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਸ ਦਾ ਮੁਵੱਕਲ ਬੇਕਸੂਰ ਹੈ। ਇਥੇ ਦਸਣਾ ਬਣਦਾ ਹੈ ਕਿ ਆਪਣੇ ਦੋ ਬੱਚਿਆਂ ਨਾਲ ਸ਼ੌਪਿੰਗ ਕਰ ਰਹੀ ਕੈਰੋਲਾਈਨ ਮਿਲਰ ਨੇ ਦੋਸ਼ ਲਾਇਆ ਸੀ ਕਿ ਮਹਿੰਦਰ ਪਟੇਲ ਉਸ ਕੋਲ ਆਇਆ ਅਤੇ ਦਰਦ ਹਟਾਉਣ ਵਾਲੀਆਂ ਗੋਲੀਆਂ ਬਾਰੇ ਪੁੱਛਣ ਲੱਗਾ। ਕੈਰੋਲਾਈਨ ਮੁਤਾਬਕ ਉਸ ਨੇ ਜਿਉਂ ਇਸ਼ਾਰਾ ਕਰਨ ਲਈ ਆਪਣੀ ਬਾਂਹ ਚੁੱਕੀ ਤਾਂ ਮਹਿੰਦਰ ਪਟੇਲ ਨੇ ਉਸ ਦੇ ਬੇਟੇ ਨੂੰ ਖੋਹਣ ਦਾ ਯਤਨ ਕੀਤਾ।
ਮਹਿੰਦਰ ਪਟੇਲ ’ਤੇ ਲੱਗੇ ਸਨ ਬੱਚਾ ਅਗਵਾ ਦੀ ਕੋਸ਼ਿਸ਼ ਦੇ ਦੋਸ਼
ਕੈਰੋਲਾਈਨ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਮਹਿੰਦਰ ਪਟੇਲ ਨਾਲ ਸੰਘਰਸ਼ ਕਰਦਿਆਂ ਆਪਣੇ ਬੱਚੇ ਨੂੰ ਉਸ ਦੀ ਗ੍ਰਿਫ਼ਤ ਵਿਚੋਂ ਆਜ਼ਾਦ ਕਰਵਾ ਲਿਆ ਪਰ ਨਵੀਂ ਵੀਡੀਓ ਵੱਖਰੀ ਕਹਾਣੀ ਬਿਆਨ ਕਰ ਰਹੀ ਹੈ। ਐਸ਼ਲੀ ਮਰਚੈਂਟ ਨੇ ਕਿਹਾ ਕਿ ਵੀਡੀਓ ਵਿਚ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ ਕਿ ਕੋਈ ਸੰਘਰਸ਼ ਨਹੀਂ ਹੋਇਆ ਜਿਵੇਂ ਕਿ ਕੈਰੋਲਾਈਨ ਮਿਲਰ ਦਾਅਵਾ ਕਰ ਰਹੀ ਹੈ। ਐਸ਼ਲੀ ਨੇ ਅੱਗੇ ਕਿਹਾ ਕਿ ਸੰਭਾਵਤ ਤੌਰ ’ਤੇ ਕੈਰੋਲਾਈਨ ਦਾ ਬੇਟਾ ਡਿੱਗਣ ਵਾਲਾ ਸੀ ਅਤੇ ਮਹਿੰਦਰ ਪਟੇਲ ਨੂੰ ਉਸ ਨੂੰ ਬਚਾਉਣ ਦੇ ਇਰਾਦੇ ਨਾਲ ਹੱਥ ਅੱਗੇ ਵਧਾ ਦਿਤਾ। ਹੈਰਾਨੀ ਇਸ ਗੱਲ ਦੀ ਹੈ ਕਿ ਮੌਕੇ ’ਤੇ ਕੈਰੋਲਾਈਨ ਨੇ ਕੋਈ ਰੌਲਾ ਨਹੀਂ ਪਾਇਆ ਅਤੇ ਵਾਲਮਾਰਟ ਵਿਚ ਲੱਗੇ ਕੈਮਰਿਆਂ ਰਾਹੀਂ ਰਿਕਾਰਡ ਫੁਟੇਜ ਵਿਚ ਮਹਿੰਦਰ ਪਟੇਲ ਨੂੰ ਗੋਲੀਆਂ ਵਾਲੀ ਡੱਬੀ ਲੈ ਕੇ ਜਾਂਦਿਆਂ ਦੇਖਿਆ ਜਾ ਸਕਦਾ ਹੈ। ਇਸ ਦੇ ਉਲਟ ਕੈਰੋਲਾਈਨ ਨੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਸੀ ਕਿ ਮਹਿੰਦਰ ਪਟੇਲ ਮੌਕੇ ਤੋਂ ਫਰਾਰ ਹੋ ਗਿਆ। ਮਹਿੰਦਰ ਪਟੇਲ ਦੀ ਵਕੀਲ ਨੇ ਕਿਹਾ ਕਿ ਜੇ ਤੁਸੀਂ ਵਾਲਮਾਰਟ ਵਿਚ ਮੌਜੂਦ ਹੋ ਅਤੇ ਕੋਈ ਮੁਸ਼ਕਲ ਵਿਚ ਨਜ਼ਰ ਆਉਂਦਾ ਹੈ ਤਾਂ ਤੁਸੀਂ ਮਦਦ ਕਰਨ ਦਾ ਯਤਨ ਕਰੋਗੇ। ਦੂਜੇ ਪਾਸੇ ਸਮੱਸਿਆ ਦੀ ਜੜ ਉਹ ਸਕੂਟਰ ਵੀ ਦੱਸਿਆ ਜਾ ਰਿਹਾ ਹੈ ਜੋ ਕੈਰੋਲਾਈਨ ਵਰਤ ਰਹੀ ਸੀ। ਮੁਢਲੇ ਤੌਰ ’ਤੇ ਉਸ ਨੂੰ ਅਪਾਹਜ ਮੰਨਿਆ ਗਿਆ ਪਰ ਪਿਛਲੇ ਦਿਨੀਂ ਉਸ ਨੇ ਇਕ ਇੰਟਰਵਿਊ ਦੌਰਾਨ ਸਪੱਸ਼ਟ ਕਰ ਦਿਤਾ ਕਿ ਉਹ ਅਪਾਹਜ ਨਹੀਂ ਅਤੇ ਸਿਰਫ ਬੱਚਿਆਂ ਦੀ ਜ਼ਿਦ ਕਾਰਨ ਸਟੋਰ ਵਿਚ ਸਕੂਟਰ ਦੀ ਵਰਤੋਂ ਕੀਤੀ।
ਨਵੀਂ ਵੀਡੀਓ ਨੇ ਬਦਲ ਦਿਤੇ ਹਾਲਾਤ
ਇਕ ਮੌਕੇ ’ਤੇ ਕੈਰੋਲਾਈਨ ਦੇ ਸਕੂਟਰ ਹੇਠ ਉਸ ਦੀ ਬੇਟੀ ਦਾ ਪੈਰ ਵੀ ਆ ਜਾਣਾ ਸੀ ਪਰ ਉਥੇ ਮੌਜੂਦ ਇਕ ਸ਼ਖਸ ਨੇ ਅੱਗੇ ਵਧ ਕੇ ਉਸ ਨੂੰ ਬਚਾ ਲਿਆ। ਘਨਵੀਂ ਵੀਡੀਓ ਨੇ ਬਦਲ ਦਿਤੇ ਹਾਲਾਤਟਨਾ ਤੋਂ ਬਾਅਦ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕੈਰੋਲਾਈਨ ਮਿਲਰ ਨੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਹਾਲਾਤ ਵਿਚ ਆਪਣਾ ਬਚਾਅ ਕਰਨ ਦੀ ਸਿਖਲਾਈ ਦੇ ਰਹੀ ਹੈ। ਸਿਰਫ ਐਨਾ ਹੀ ਨਹੀਂ, ਉਸ ਨੇ ਵਾਲਮਾਰਟ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਨਸੀਹਤ ਵੀ ਦਿਤੀ ਪਰ ਨਵੀਂ ਵੀਡੀਓ ਬਾਰੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ। ਦੱਸ ਦੇਈਏ ਕਿ 18 ਮਾਰਚ ਦੀ ਘਟਨਾ ਤੋਂ ਤਿੰਨ ਦਿਨ ਬਾਅਦ ਮਹਿੰਦਰ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੁਣ ਤੱਕ ਉਹ ਜੇਲ ਵਿਚ ਹੈ। ਮਹਿੰਦਰ ਪਟੇਲ ਵਿਰੁੱਧ ਅਗਵਾ ਦਾ ਯਤਨ ਕਰਨ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ ਪਰ ਮੁਕੱਦਮਾ ਰੱਦ ਕਰਨ ਵਾਸਤੇ ਲਾਜ਼ਮੀ ਹੈ ਕਿ ਸਰਕਾਰੀ ਵਕੀਲ ਸਾਰੇ ਦੋਸ਼ ਵਾਪਸ ਲੈ ਲੈਣ।