ਅਮਰੀਕਾ ’ਚ ਭਾਰਤੀ ਡਾਕਟਰ ਲੱਖਾਂ ਡਾਲਰ ਦੀ ਠੱਗੀ ਦਾ ਦੋਸ਼ੀ ਕਰਾਰ
ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਲੱਖਾਂ ਡਾਲਰ ਦੇ ਹੈਲਥ ਕੇਅਰ ਫਰੌਡ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਅਦਾਲਤ ਵੱਲੋਂ 130 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

By : Upjit Singh
ਹੈਰਿਸਬਰਗ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਲੱਖਾਂ ਡਾਲਰ ਦੇ ਹੈਲਥ ਕੇਅਰ ਫਰੌਡ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਅਦਾਲਤ ਵੱਲੋਂ 130 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪੈਨਸਿਲਵੇਨੀਆ ਸੂਬੇ ਨਾਲ ਸਬੰਧਤ 48 ਸਾਲ ਦਾ ਨੀਲ ਕੇ. ਆਨੰਦ ਆਪਣੇ ਮਰੀਜ਼ਾਂ ਨੂੰ ਗੈਰਜ਼ਰੂਰੀ ਦਵਾਈਆਂ ਲਿਖ ਕੇ ਦਿੰਦਾ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਵੀ ਕਰਦਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨੀਲ ਆਨੰਦ ਵੱਲੋਂ ਮੈਡੀਕੇਅਰ ਤੋਂ ਬੀਮਾ ਰਕਮ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਦਾਖਲ ਕੀਤੇ ਗਏ ਅਤੇ ਅਮਰੀਕਾ ਦੇ ਅਮਲਾ ਵਿਭਾਗ ਵੱਲੋਂ ਜਾਰੀ ਹੈਲਥ ਪਲੈਨਜ਼ ਦੀ ਦੁਰਵਰਤੋਂ ਕੀਤੀ ਗਈ।
130 ਸਾਲ ਤੱਕ ਦੀ ਹੋ ਸਕਦੀ ਹੈ ਕੈਦ
ਜਾਅਲੀ ਪਰਚੀਆਂ ਰਾਹੀਂ ਹਾਸਲ ਦਵਾਈਆਂ ਨੂੰ ਡਾ. ਨੀਲ ਆਨੰਦ ਮੁੜ ਆਪਣੀ ਮਾਲਕੀ ਵਾਲੀਆਂ ਫਾਰਮੇਸੀਆਂ ਰਾਹੀਂ ਵੇਚਦਾ। ਮੁਕੱਦਮੇ ਦੌਰਾਨ ਪੇਸ਼ ਸਬੂਤਾਂ ਰਾਹੀਂ ਪਤਾ ਲੱਗਾ ਕਿ ਨਸ਼ੇ ਵਾਲੀਆਂ ਗੋਲੀਆਂ ਵੇਚਣ ਲਈ ਮਰੀਜ਼ਾਂ ਨੂੰ ਗੂਡੀ ਬੈਗਜ਼ ਲੈਣ ਵਾਸਤੇ ਮਜਬੂਰ ਕੀਤਾ ਜਾਂਦਾ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ ਹੁੰਦੀ। ਸਿਰਫ਼ ਗੂਡੀ ਬੈਗਜ਼ ਵਾਸਤੇ ਮੈਡੀਕੇਅਰ, ਓ.ਪੀ.ਐਮ., ਆਈ.ਬੀ.ਸੀ. ਅਤੇ ਐਂਥਮ ਵੱਲੋਂ 23 ਲੱਖ ਡਾਲਰ ਦੀ ਅਦਾਇਗੀ ਕੀਤੀ ਗਈ। ਦੂਜੇ ਪਾਸੇ ਪ੍ਰੋਫੈਸ਼ਨਲ ਪ੍ਰੈਕਟਿਸ ਦੇ ਉਲਟ ਜਾਂਦਿਆਂ ਔਕਸੀਕੋਡੋਨ ਦੀਆਂ ਗੋਲੀਆਂ ਵੇਚਣ ਦੀ ਸਾਜ਼ਿਸ਼ ਘੜੀ ਜਾਂਦੀ। ਨੀਲ ਆਨੰਦ ਵੱਲੋਂ 9 ਮਰੀਜ਼ਾਂ ਨੂੰ ਔਕਸੀਕੋਡੋਨ ਦੀਆਂ 20,850 ਗੋਲੀਆਂ ਦੀਆਂ ਪਰਚੀਆਂ ਲਿਖ ਕੇ ਦਿਤੀਆਂ ਗਈਆਂ।
ਲੋਕਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਵੀ ਵੇਚਦਾ ਸੀ
ਠੱਗੀ ਦਾ ਪਰਦਾ ਫ਼ਾਸ਼ ਹੋਣ ਲੱਗਾ ਤਾਂ ਨੀਲ ਆਨੰਦ ਨੇ ਆਪਣੇ ਪਿਤਾ ਦੇ ਖਾਤੇ ਵਿਚ 12 ਲੱਖ ਡਾਲਰ ਤਬਦੀਲ ਕਰਵਾ ਦਿਤੇ ਜਦਕਿ ਨਾਬਾਲਗ ਬੇਟੀ ਦੇ ਖਾਤੇ ਵਿਚ ਵੀ ਕੁਝ ਰਕਮ ਜਮ੍ਹਾਂ ਕਰਵਾਈ। ਨੀਲ ਆਨੰਦ ਨੂੰ ਹੈਲਥ ਕੇਅਰ ਫਰੌਡ ਦੇ ਤਿੰਨ, ਮਨੀ ਲਾਂਡਰਿੰਗ ਦੇ ਇਕ, ਗੈਰਕਾਨੂੰਨੀ ਲੈਣ-ਦੇਣ ਕਰਨ ਦੇ ਚਾਰ ਅਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਦੀ ਸਾਜ਼ਿਸ਼ ਦੇ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ। ਅਦਾਲਤ ਵੱਲੋਂ ਨੀਲ ਆਨੰਦ ਨੂੰ ਸਜ਼ਾ ਦਾ ਐਲਾਨ 19 ਅਗਸਤ ਨੂੰ ਕੀਤਾ ਜਾਵੇਗਾ।


