59 ਮੁਲਕਾਂ ਵਿਚ ਬਗੈਰ ਵੀਜ਼ਾ ਜਾ ਸਕਦੇ ਨੇ ਭਾਰਤੀ ਨਾਗਰਿਕ
ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ ਕੌਮਾਂਤਰੀ ਦਰਜਾਬੰਦੀ ਵਿਚ ਭਾਰਤੀ ਪਾਸਪੋਰਟ ਨੂੰ 77ਵਾਂ ਸਥਾਨ ਮਿਲਿਆ ਹੈ ਅਤੇ ਇਹ ਤਬਦੀਲੀ ਪਿਛਲੇ 6 ਮਹੀਨੇ ਦੌਰਾਨ ਆਈ ਹੈ।

By : Upjit Singh
ਨਵੀਂ ਦਿੱਲੀ : ਭਾਰਤੀ ਨਾਗਰਿਕ ਹੁਣ ਬਗੈਰ ਵੀਜ਼ਾ ਤੋਂ ਦੁਨੀਆਂ ਦੇ 59 ਮੁਲਕਾਂ ਦਾ ਸਫ਼ਰ ਕਰ ਸਕਦੇ ਹਨ। ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ ਕੌਮਾਂਤਰੀ ਦਰਜਾਬੰਦੀ ਵਿਚ ਭਾਰਤੀ ਪਾਸਪੋਰਟ ਨੂੰ 77ਵਾਂ ਸਥਾਨ ਮਿਲਿਆ ਹੈ ਅਤੇ ਇਹ ਤਬਦੀਲੀ ਪਿਛਲੇ 6 ਮਹੀਨੇ ਦੌਰਾਨ ਆਈ ਹੈ। ਦੁਨੀਆਂ ਦਾ ਸਭ ਤੋਂ ਤਾਕਤਵਾਰ ਪਾਸਪੋਰਟ ਹੁਣ ਵੀ ਸਿੰਗਾਪੁਰ ਨਾਲ ਸਬੰਧਤ ਹੈ ਜਿਸ ਦੇ ਨਾਗਰਿਕ 193 ਮੁਲਕਾਂ ਵਿਚ ਵੀਜ਼ਾ ਮੁਕਤ ਸਫ਼ਰ ਕਰ ਸਕਦੇ ਹਨ।
ਪਾਸਪੋਰਟ ਰੈਕਿੰਗ ਨੂੰ ਮਿਲਿਆ 77ਵਾਂ ਸਥਾਨ
190 ਮੁਲਕਾਂ ਦੇ ਵੀਜ਼ਾ ਮੁਕਤ ਸਫ਼ਰ ਨਾਲ ਜਾਪਾਨ ਅਤੇ ਸਾਊਥ ਕੋਰੀਆ ਦੂਜੇ ਸਥਾਨ ’ਤੇ ਕਾਇਮ ਹਨ ਜਦਕਿ ਤੀਜੇ ਸਥਾਨ ’ਤੇ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਸਾਂਝੇ ਤੌਰ ’ਤੇ ਕਾਇਮ ਹਨ। ਇਨ੍ਹਾਂ ਮੁਲਕਾਂ ਦੇ ਨਾਗਰਿਕ 189 ਮੁਲਕਾਂ ਵਿਚ ਬਗੈਰ ਵੀਜ਼ਾ ਤੋਂ ਦਾਖਲ ਹੋ ਸਕਦੇ ਹਨ। ਪਿਛਲੇ ਸਾਲ ਭਾਰਤ 85ਵੇਂ ਸਥਾਨ ’ਤੇ ਸੀ ਅਤੇ ਇਸ ਵਾਰ 77ਵੇਂ ਸਥਾਨ ’ਤੇ ਆ ਗਿਆ ਹੈ। ਵੀਜ਼ਾ ਮੁਕਤ ਸਫਰ ਵਾਲੇ ਮੁਲਕਾਂਵਿਚ 19 ਏਸ਼ੀਅਨ, 19 ਅਫਰੀਕੀ ਅਤੇ ਲੈਟਿਨ ਅਮੈਰਿਕਾ ਦੇ 10 ਦੇਸ਼ ਸ਼ਾਮਲ ਹਨ।
ਸਿੰਗਾਪੁਰ ਦਾ ਪਾਸਪੋਰਟ ਮੁੜ ਸਿਖਰਲੀ ਪੌੜੀ ’ਤੇ
ਕੌਮਾਂਤਰੀ ਪੱਧਰ ’ਤੇ ਮੌਜੂਦਾ ਸਮੇਂ ਦੌਰਾਨ ਵੀਜ਼ਾ ਮੁਕਤ ਨੀਤੀਆਂ ਦਾ ਘੇਰਾ ਵਧਾਇਆ ਜਾ ਰਿਹਾ ਹੈ ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਰਜਨਾਂ ਮੁਲਕਾਂ ਦੇ ਲੋਕਾਂ ਦਾ ਵੀਜ਼ਾ ਸਣੇ ਦਾਖਲਾ ਵੀ ਬੰਦ ਕਰ ਰਹੇ ਹਨ। ਵੀਜ਼ਾ ਮੁਕਤ ਸਫਰ ਨਾਲ ਸੈਰ ਸਪਾਟੇ ਅਤੇ ਵਪਾਰ ਦੋਹਾਂ ਖੇਤਰਾਂ ਵਿਚ ਫਾਇਦਾ ਹੁੰਦਾ ਹੈ ਪਰ ਭਾਰਤ ਦੇ ਨਜ਼ਰੀਏ ਤੋਂ ਹਾਲੇ ਵੀ ਵੀਜ਼ਾ ਮੁਕਤ ਸਫ਼ਰ ਵਾਲੇ ਮੁਲਕਾਂ ਦੀ ਗਿਣਤੀ ਜ਼ਿਆਦਾ ਨਹੀਂ।


