India In Geneva: ਜੇਨੇਵਾ ਵਿੱਚ ਭਾਰਤ ਦਾ ਪਲਟਵਾਰ, ਪਾਕਿਸਤਾਨ ਨੂੰ ਦਸਿਆ "ਕੂੜਾ ਢੋਹਣ ਵਾਲਾ ਟਰੱਕ", ਸਵਿਟਜ਼ਰਲੈਂਡ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ
ਜਾਣੋ ਭਾਰਤ ਨੇ ਆਪਣੇ ਬਿਆਨ ਵਿੱਚ ਕੀ ਕਿਹਾ

By : Annie Khokhar
India In Geneva: ਭਾਰਤ ਨੇ ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਦੇ 60ਵੇਂ ਸੈਸ਼ਨ ਦੀ 5ਵੀਂ ਮੀਟਿੰਗ ਵਿੱਚ ਪਾਕਿਸਤਾਨ ਅਤੇ ਸਵਿਟਜ਼ਰਲੈਂਡ ਨੂੰ ਢੁਕਵਾਂ ਜਵਾਬ ਦਿੱਤਾ। ਭਾਰਤੀ ਡਿਪਲੋਮੈਟ ਕਸ਼ਿਤਿਜ ਤਿਆਗੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਅੱਤਵਾਦ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਸਨੂੰ ਕਿਸੇ ਤੋਂ ਸਿੱਖਣ ਜਾਂ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ।
'ਅਸੀਂ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰਾਂਗੇ'
ਕਸ਼ਿਤਿਜ ਤਿਆਗੀ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ, 'ਸਾਡੇ ਸੰਤੁਲਿਤ ਅਤੇ ਢੁਕਵੇਂ ਜਵਾਬ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗਾ। ਅਸੀਂ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰਾਂਗੇ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਇੱਕ ਅਸਫਲ ਦੇਸ਼ ਦੇ ਝੂਠੇ ਪ੍ਰਚਾਰ ਨੂੰ ਵਾਰ-ਵਾਰ ਬੇਨਕਾਬ ਕਰਦੇ ਰਹਾਂਗੇ।'
ਪਾਕਿਸਤਾਨ ਦਾ ਵਜੂਦ ਅੱਤਵਾਦ ਅਤੇ ਝੂਠੇ ਪ੍ਰਚਾਰ 'ਤੇ ਅਧਾਰਤ : ਭਾਰਤ
ਉਨ੍ਹਾਂ ਪਾਕਿਸਤਾਨ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਇਸਦਾ ਵਜੂਦ ਅੱਤਵਾਦ ਅਤੇ ਝੂਠੇ ਪ੍ਰਚਾਰ 'ਤੇ ਅਧਾਰਤ ਹੈ। 'ਅਸੀਂ ਫਿਰ ਤੋਂ ਇੱਕ ਅਜਿਹੇ ਦੇਸ਼ ਦੀ ਭੜਕਾਹਟ ਦਾ ਜਵਾਬ ਦੇਣ ਲਈ ਮਜਬੂਰ ਹਾਂ ਜਿਸ ਦੇ ਨੇਤਾ ਨੇ ਹਾਲ ਹੀ ਵਿੱਚ ਆਪਣੇ ਦੇਸ਼ ਦੀ ਤੁਲਨਾ ਕੂੜੇ ਦੇ ਟਰੱਕ ਨਾਲ ਕੀਤੀ ਹੈ। ਇਹ ਤੁਲਨਾ ਢੁਕਵੀਂ ਹੈ ਕਿਉਂਕਿ ਪਾਕਿਸਤਾਨ ਇਸ ਪਲੇਟਫਾਰਮ 'ਤੇ ਪੁਰਾਣੇ ਝੂਠ ਅਤੇ ਫਾਲਤੂ ਪ੍ਰਚਾਰ ਲਿਆਉਂਦਾ ਰਹਿੰਦਾ ਹੈ।' ਕਸ਼ਿਤਿਜ ਤਿਆਗੀ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਇਸਲਾਮਿਕ ਸਹਿਯੋਗ ਸੰਗਠਨ ਨੂੰ ਆਪਣੇ ਫਾਇਦੇ ਲਈ ਵੀ ਵਰਤਦਾ ਹੈ ਅਤੇ ਭਾਰਤ ਵਿਰੁੱਧ ਉਸਦੀ ਬਿਮਾਰ ਜਨੂੰਨੀ ਸੋਚ ਉਸ ਲਈ ਬਚਾਅ ਦਾ ਸਾਧਨ ਬਣ ਗਈ ਹੈ।
ਸਵਿਟਜ਼ਰਲੈਂਡ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ
ਸਵਿਟਜ਼ਰਲੈਂਡ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਤਿਆਗੀ ਨੇ ਕਿਹਾ ਕਿ ਭਾਰਤ ਦਾ ਕਰੀਬੀ ਦੋਸਤ ਹੋਣ ਦੇ ਬਾਵਜੂਦ, ਸਵਿਟਜ਼ਰਲੈਂਡ ਨੇ ਗਲਤ ਅਤੇ ਸਤਹੀ ਟਿੱਪਣੀਆਂ ਕੀਤੀਆਂ ਹਨ। 'UNHRC ਦੇ ਪ੍ਰਧਾਨ ਹੋਣ ਦੇ ਨਾਤੇ, ਸਵਿਟਜ਼ਰਲੈਂਡ ਨੂੰ ਝੂਠੇ ਬਿਰਤਾਂਤ ਫੈਲਾਉਣ ਦੀ ਬਜਾਏ ਆਪਣੇ ਦੇਸ਼ ਦੀਆਂ ਸਮੱਸਿਆਵਾਂ, ਜਿਵੇਂ ਕਿ ਨਸਲਵਾਦ, ਵਿਤਕਰਾ ਅਤੇ ਵਿਦੇਸ਼ੀਆਂ ਪ੍ਰਤੀ ਨਫ਼ਰਤ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਵਿਭਿੰਨ ਲੋਕਤੰਤਰ ਹੈ, ਜਿੱਥੇ ਬਹੁਲਵਾਦ ਦੀ ਡੂੰਘੀ ਪਰੰਪਰਾ ਹੈ। 'ਭਾਰਤ ਹਮੇਸ਼ਾ ਲੋੜ ਪੈਣ 'ਤੇ ਸਵਿਟਜ਼ਰਲੈਂਡ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਤਿਆਰ ਰਹਿੰਦਾ ਹੈ।'


