Imran ਖ਼ਾਨ ਨੂੰ ਤੋਸ਼ਾਖਾਨਾ ਮਾਮਲੇ ਵਿਚ 17 ਸਾਲ ਦੀ ਕੈਦ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਮਾਮਲੇ ਵਿਚ 17-17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ

By : Upjit Singh
ਰਾਵਲਪਿੰਡੀ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਮਾਮਲੇ ਵਿਚ 17-17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੀ ਅਦਾਲਤ ਵੱਲੋਂ ਦੋਹਾਂ ਨੂੰ 16.4 ਕਰੋੜ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਰਾਵਲਪਿੰਡੀ ਦੀ ਅਡਿਆਲਾ ਜੇਲ ਵਿਚ ਹੋਈ ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਅਰਜੁਮੰਦ ਵੱਲੋਂ ਸੁਣਾਈ ਸਜ਼ਾ ਮਗਰੋਂ ਪਾਕਿਸਤਾਨ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਮਰਾਨ ਖਾਨ ਨੂੰ ਭ੍ਰਿਸ਼ਟਚਾਰ ਐਕਟ ਅਧੀਨ 10 ਸਾਲ ਅਤੇ ਵਿਸਾਹਘਾਤ ਦੇ ਦੋਸ਼ ਤਹਿਤ 7 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
ਅਦਾਲਤ ਨੇ ਪਤਨੀ ਬੀਬੀ ਬੁਸ਼ਰਾ ਨੂੰ ਵੀ 17 ਸਾਲ ਦੀ ਸਜ਼ਾ ਸੁਣਾਈ
ਜੱਜ ਨੇ ਕਿਹਾ ਕਿ 73 ਸਾਲ ਦੀ ਉਮਰ ਹੋਣ ਕਰ ਕੇ ਇਮਰਾਨ ਖਾਨ ਨਾਲ ਨਰਮੀ ਵਰਤੀ ਗਈ ਹੈ ਜਦਕਿ ਬੀਬੀ ਬੁਸ਼ਰਾ ਨੂੰ ਮਹਿਲਾ ਹੋਣ ਦੇ ਨਾਤੇ ਰਿਆਇਤ ਮਿਲੀ। ਇਥੇ ਦਸਣਾ ਬਣਦਾ ਹੈ ਕਿ 2018 ਵਿਚ ਬਤੌਰ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਊਦੀ ਅਰਬ ਦੇ ਦੌਰੇ ’ਤੇ ਗਏ ਸਨ ਅਤੇ ਪ੍ਰਿੰਸ ਮੁਹੰਮਦ ਬਿਲ ਸਲਮਾਨ ਵੱਲੋਂ ਸੋਨੇ ਅਤੇ ਹੀਰਿਆਂ ਨਾਲ ਜੜੀ ਇਕ ਘੜੀ ਤੋਹਫ਼ੇ ਵਜੋਂ ਦਿਤੀ ਗਈ। ਪਾਕਿਸਤਾਨ ਪਰਤਣ ਮਗਰੋਂ ਬੀਬੀ ਬੁਸ਼ਰਾ ਨੇ ਘੜੀ ਦੀ ਕੀਮਤ ਪਤਾ ਕਰਨ ਦੇ ਯਤਨ ਕੀਤੇ ਅਤੇ ਮਾਮਲਾ ਸਾਊਦੀ ਅਰਬ ਦੇ ਪ੍ਰਿੰਸ ਤੱਕ ਪੁੱਜ ਗਿਆ ਜਿਨ੍ਹਾਂ ਨੇ ਪਾਕਿਸਤਾਨ ਨਾਲ ਸੰਪਰਕ ਕਰਦਿਆਂ ਅਸਲੀਅਤ ਪਤਾ ਕਰਨ ਦਾ ਯਤਨ ਕੀਤਾ। ਇਸ ਮਗਰੋਂ ਪੂਰਾ ਮਾਮਲਾ ਸਾਹਮਣੇ ਆਇਆ ਅਤੇ ਘੜੀ ਦੀ ਕੀਮਤ 2 ਕਰੋੜ ਰੁਪਏ ਦੱਸੀ ਗਈ।
ਦੋਹਾਂ ਨੂੰ 16.4 ਕਰੋੜ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ
ਪਾਕਿਸਤਾਨ ਦੇ ਕਾਨੂੰਨ ਮੁਤਾਬਕ ਪ੍ਰਧਾਨ ਮੰਤਰੀ , ਰਾਸ਼ਟਰਪਤੀ ਜਾਂ ਹੋਰਨਾਂ ਉਚ ਅਹੁਦਿਆਂ ’ਤੇ ਬੈਠੇ ਲੋਕਾਂ ਵਾਸਤੇ ਲਾਜ਼ਮੀ ਹੈ ਕਿ ਉਹ ਤੋਹਫ਼ਿਆਂ ਦੀ ਜਾਣਕਾਰੀ ਨੈਸ਼ਨਲ ਆਰਕਾਈਵ ਨੂੰ ਦੇਣ ਅਤੇ ਤੋਹਫ਼ੇ ਨੂੰ ਤੋਸ਼ਾਖਾਨੇ ਵਿਚ ਜਮ੍ਹਾਂ ਕਰਵਾਇਆ ਜਾਵੇ। ਜੇ ਤੋਹਫ਼ਾ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲਾ ਹੈ ਤਾਂ ਸਬੰਧਤ ਸ਼ਖਸ ਇਸ ਨੂੰ ਆਪਣੇ ਕੋਲ ਰੱਖ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਹੁੰਦਿਆਂ 108 ਤੋਹਫ਼ੇ ਮਿਲੇ ਜੋ ਵਿਵਾਦ ਦਾ ਕਾਰਨ ਬਣ ਗਏ। ਸਾਬਕਾ ਪ੍ਰਧਾਨ ਮੰਤਰੀ ਵਿਰੁੱਘ 100 ਤੋਂ ਵੱਧ ਕੇਸ ਚੱਲ ਰਹੇ ਹਨ ਅਤੇ ਤਕਰੀਬਨ ਢਾਈ ਸਾਲ ਤੋਂ ਜੇਲ ਵਿਚ ਬੰਦ ਹਨ। ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਇਮਰਾਨ ਖ਼ਾਨ ਨੂੰ 14 ਸਾਲ ਦੀ ਸਜ਼ਾ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ।


