Begin typing your search above and press return to search.

ਅਮਰੀਕਾ ਦੇ ਹਸਪਤਾਲਾਂ ’ਚ ਪੁੱਛਿਆ ਜਾਵੇਗਾ ਪ੍ਰਵਾਸੀਆਂ ਦਾ ਇੰਮੀਗ੍ਰੇਸ਼ਨ ਸਟੇਟਸ

ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਨਵਾਂ ਰਾਹ ਅਖਤਿਆਰ ਕੀਤਾ ਗਿਆ ਹੈ।

ਅਮਰੀਕਾ ਦੇ ਹਸਪਤਾਲਾਂ ’ਚ ਪੁੱਛਿਆ ਜਾਵੇਗਾ ਪ੍ਰਵਾਸੀਆਂ ਦਾ ਇੰਮੀਗ੍ਰੇਸ਼ਨ ਸਟੇਟਸ
X

Upjit SinghBy : Upjit Singh

  |  9 Aug 2024 5:26 PM IST

  • whatsapp
  • Telegram

ਟੈਕਸਸ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਨਵਾਂ ਰਾਹ ਅਖਤਿਆਰ ਕੀਤਾ ਗਿਆ ਹੈ। ਜੀ ਹਾਂ, ਟੈਕਸਸ ਦੇ ਗਵਰਨਰ ਵੱਲੋਂ ਹਸਪਤਾਲਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਲਾਜ ਕਰਵਾਉਣ ਪੁੱਜੇ ਹਰ ਮਰੀਜ਼ ਦਾ ਇੰਮੀਗ੍ਰੇਸ਼ਨ ਸਟੇਟਸ ਪੁੱਛਿਆ ਜਾਵੇ ਅਤੇ ਸੂਬਾ ਸਰਕਾਰ ਨੂੰ ਇਸ ਬਾਰੇ ਇਤਲਾਹ ਦਿਤੀ ਜਾਵੇ। ਦੂਜੇ ਪਾਸੇ 2 ਲੱਖ ਡਾਕਾ ਪ੍ਰਵਾਸੀਆਂ ਨੂੰ ਹੈਲਥ ਇੰਸ਼ੋਰੈਂਸ ਦਿਤੇ ਜਾਣ ਬਾਰੇ ਜੋਅ ਬਾਇਡਨ ਸਰਕਾਰ ਦੇ ਫੈਸਲੇ ਵਿਰੁੱਧ ਰਿਪਬਲਿਕਨ ਰਾਜਾਂ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਵੱਲੋਂ ਕਾਰਜਕਾਰੀ ਹੁਕਮ ਜਾਰੀ ਕਰਦਿਆਂ ਹੈਲਥ ਐਂਡ ਹਿਊਮਨ ਸਰਵਿਸਿਜ਼ ਕਮਿਸ਼ਨ ਨੂੰ ਹਦਾਇਤ ਦਿਤੀ ਗਈ ਹੈ ਕਿ 1 ਨਵੰਬਰ ਤੋਂ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇ। ਹੈਰਾਨਕੁੰਨ ਹੁਕਮ ਜਾਰੀ ਕਰਨ ਪਿੱਛੇ ਦਲੀਲ ਇਹ ਦਿਤੀ ਗਈ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਦਾ ਖਰਚਾ ਟੈਕਸਸ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਹੈ ਜਦਕਿ ਕੌਮਾਂਤਰੀ ਬਾਰਡਰ ਤੋਂ ਵੱਡੀ ਪੱਧਰ ’ਤੇ ਨਾਜਾਇਜ਼ ਪ੍ਰਵਾਸ ਲਗਾਤਾਰ ਜਾਰੀ ਹੈ।

ਟੈਕਸਸ ਦੇ ਗਵਰਨਰ ਨੇ ਜਾਰੀ ਕੀਤੇ ਹੈਰਾਨਕੁੰਨ ਹੁਕਮ

ਐਬਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਸਮਝਾਇਆ ਜਾਵੇਗਾ ਕਿ ਇੰਮੀਗ੍ਰੇਸ਼ਨ ਬਾਰੇ ਜਾਣਕਾਰੀ ਦੇਣ ਨਾਲ ਉਨ੍ਹਾਂ ਦੇ ਇਲਾਜ ’ਤੇ ਕੋਈ ਅਸਰ ਨਹੀਂ ਪੈਣਾ। ਦੱਸ ਦੇਈਏ ਕਿ ਅਮਰੀਕਾ ਦੇ ਕੌਮੀ ਕਾਨੂੰਨ ਤਹਿਤ ਹਸਪਤਾਲ ਵਿਚ ਇਲਾਜ ਦੌਰਾਨ ਕਿਸੇ ਵੀ ਇਨਸਾਨ ਤੋਂ ਇੰਮੀਗ੍ਰੇਸ਼ਨ ਸਟੇਟਸ ਬਾਰੇ ਨਹੀਂ ਪੁੱਛਿਆ ਜਾਂਦਾ। ਦੂਜੇ ਪਾਸੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਹੁਕਮਾਂ ਦੇ ਨਾਂਹਪੱਖੀ ਅਸਰ ਪੈਣਗੇ ਅਤੇ ਬੇਹੱਦ ਜ਼ਰੂਰੀ ਹੋਣ ’ਤੇ ਵੀ ਪ੍ਰਵਾਸੀ ਹਸਪਤਾਲ ਜਾਣ ਤੋਂ ਟਾਲਾ ਵੱਟਣਗੇ ਪਰ ਗ੍ਰੈਗਟ ਐਬਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਗੈਰਕਾਨੂੰਨੀ ਪ੍ਰਵਾਸੀਆਂ ਦੇ ਇਲਾਜ ਦਾ ਖਰਚਾ ਫੈਡਰਲ ਸਰਕਾਰ ਤੋਂ ਵਸੂਲ ਕਰਨਾ ਹੈ। ਇਹ ਖਰਚਾ ਕਿਵੇਂ ਵਸੂਲ ਕੀਤਾ ਜਾਵੇਗਾ, ਇਸ ਬਾਰੇ ਤਾਜ਼ਾ ਹੁਕਮਾਂ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸੇ ਦੌਰਾਨ ਰਿਪਬਲਿਕਨ ਸਰਕਾਰਾਂ ਵਾਲੇ ਰਾਜਾਂ ਵੱਲੋਂ ਵੀਰਵਾਰ ਨੂੰ ਇਕ ਮੁਕੱਦਮਾ ਦਾਇਰ ਕਰਦਿਆਂ ਬਾਇਡਨ ਸਰਕਾਰ ਦੇ ਉਸ ਕਦਮ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ ਜਿਸ ਤਹਿਤ ਡੈਫਰਡ ਐਕਸ਼ਨ ਫੌਰਡ ਚਾਈਲਡਹੁੱਡ ਅਰਾਈਵਲਜ਼ ਪ੍ਰੋਗਰਾਮ ਅਧੀਨ ਆਉਂਦੇ ਪ੍ਰਵਾਸੀਆਂ ਦੇ ਸਿਹਤ ਬੀਮੇ ਦੀ ਮਿਆਦ ਵਧਾਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਡਾਕਾ ਦੀ ਸ਼ੁਰੂਆਤ 2012 ਵਿਚ ਉਨ੍ਹਾਂ ਪ੍ਰਵਾਸੀਆਂ ਵਾਸਤੇ ਕੀਤੀ ਗਈ ਜੋ ਆਪਣੇ ਮਾਪਿਆਂ ਨਾਲ ਨਾਬਾਲਗ ਉਮਰ ਵਿਚ ਅਮਰੀਕਾ ਵਿਚ ਦਾਖਲ ਹੋਏ। ਇਨ੍ਹਾਂ ਨੂੰ ਓਬਾਮਾਕੇਅਰ ਵਿਚ ਸ਼ਾਮਲ ਹੋਣ ਦਾ ਮੌਕਾ ਦਿਤਾ ਗਿਆ ਅਤੇ ਹੁਣ ਇਸ ਮਿਆਦ ਵਿਚ ਵਾਧਾ ਕੀਤੇ ਜਾਣ ’ਤੇ ਰਿਪਬਲਿਕਨ ਸਰਕਾਰਾਂ ਵਾਲੇ ਰਾਜ ਔਖੇ-ਭਾਰੇ ਨਜ਼ਰ ਆ ਰਹੇ ਹਨ। ਉਧਰ ਵਾਈਟ ਹਾਊਸ ਜਾਂ ਸਿਹਤ ਮੰਤਰਾਲੇ ਵੱਲੋਂ ਫਿਲਹਾਲ ਇਸ ਮਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਵੇਲੇ 5 ਲੱਖ 30 ਹਜ਼ਾਰ ਪ੍ਰਵਾਸੀ ਡਾਕਾ ਅਧੀਨ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਪੱਕਾ ਇੰਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਲਈ ਸੰਘਰਸ਼ ਜਾਰੀ ਹੈ।

Next Story
ਤਾਜ਼ਾ ਖਬਰਾਂ
Share it