ਇੰਮੀਗ੍ਰੇਸ਼ਨ ਵਾਲਿਆਂ ਨੇ ਰੈਸਟੋਰੈਂਟਾਂ ’ਤੇ ਮਾਰੇ ਛਾਪੇ
ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਹੁਣ ਨਿਜੀ ਕਿੜ ਕੱਢਣ ਵਾਸਤੇ ਵੀ ਵਰਤੇ ਜਾ ਰਹੇ ਹਨ।

ਵਾਸ਼ਿੰਗਟਨ : ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਹੁਣ ਨਿਜੀ ਕਿੜ ਕੱਢਣ ਵਾਸਤੇ ਵੀ ਵਰਤੇ ਜਾ ਰਹੇ ਹਨ। ਜੀ ਹਾਂ, ਅਮਰੀਕਾ ਦੀ ਰਾਜਧਾਨੀ ਵਿਚ ਛਾਪਿਆਂ ਦੌਰਾਨ ਸੀ.ਬੀ.ਐਸ. ਨਿਊਜ਼ ਦੀ ਮੈਨੇਜਿੰਗ ਐਡੀਟਰ ਨੌਰਾਹ ਓ ਡੌਨਲ ਦੇ ਪਤੀ ਨਾਲ ਸਬੰਧਤ ਰੈਸਟੋਰੈਂਟ ਵਿਚ ਆਈਸ ਏਜੰਟ ਪੁੱਜੇ ਅਤੇ ਸਟਾਫ਼ ਦੇ ਵੇਰਵੇ ਮੰਗਣ ਲੱਗੇ। ਛਾਪੇ ਦੌਰਾਨ ਵੱਖ ਵੱਖ ਏਜੰਸੀਆਂ ਦੇ ਇਕ ਦਰਜਨ ਅਧਿਕਾਰੀ ਮੌਜੂਦ ਰਹੇ ਪਰ ਰੈਸਟੋਰੈਂਟ ਦੇ ਕਿਸੇ ਮੁਲਾਜ਼ਮ ਨੂੰ ਹਿਰਾਸਤ ਵਿਚ ਲਾਏ ਜਾਣ ਦੀ ਰਿਪੋਰਟ ਨਹੀਂ ਹੈ। ਦੱਸ ਦੇਈਏ ਕਿ ਡੌਨਲਡ ਟਰੰਪ ਵੱਲੋਂ ਪਿਛਲੇ ਸਾਲ ਕਮਲਾ ਹੈਰਿਸ ਦੀ ਇਕ ਇੰਟਰਵਿਊ ਦੇ ਮੁੱਦੇ ’ਤੇ ਸੀ.ਬੀ.ਐਸ. ਨਿਊਜ਼ ਵਿਰੁੱਧ 20 ਅਰਬ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਕੀਤਾ ਗਿਆ ਸੀ। ਜ਼ਿਆਦਾਤਰ ਕਾਨੂੰਨੀ ਮਾਹਰ ਟਰੰਪ ਦੇ ਮੁਕੱਦਮੇ ਨੂੰ ਥੋਥਾ ਦੱਸ ਰਹੇ ਹਨ ਪਰ ਪਿਛਲੇ ਹਫ਼ਤੇ ਸੀ.ਬੀ.ਐਸ. ਨਿਊਜ਼ ਦੀ ਮਾਲਕ ਕੰਪਨੀ ਪੈਰਾਮਾਊਂਟ ਵੱਲੋਂ ਮਾਮਲਾ ਅਦਾਲਤ ਦੇ ਬਾਹਰ ਨਿਬੇੜਨ ਦੇ ਯਤਨ ਆਰੰਭ ਦਿਤੇ ਗਏ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਪੈਰਾਮਾਊਂਟ ਨੂੰ ਕੋਈ ਸਮਝੌਤਾ ਕਰਨ ਦੀ ਸਲਾਹ ਦਿਤੀ ਜਾ ਰਹੀ ਹੈ।
ਗਲਤ ਪਾਸੇ ਗੱਡੀ ਮੋੜਨ ਵਾਲੀ ਕੁੜੀ ਇੰਮੀਗ੍ਰੇਸ਼ਨ ਹਿਰਾਸਤ ਵਿਚ
ਫਿਲਹਾਲ ਆਈਸ ਵੱਲੋਂ ਨੌਰਾਹ ਓ ਡੌਨਲ ਦੇ ਪਤੀ ਜੈਫ਼ ਟ੍ਰੇਸੀ ਦੇ ਰੈਸਟੋਰੈਂਟ ਵਿਚ ਛਾਪੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸੇ ਦੌਰਾਨ ਲਾਲ ਬੱਤੀ ’ਤੇ ਮਾਮੂਲੀ ਗਲਤੀ ਕਰਨ ਵਾਲੀ 19 ਸਾਲ ਦੀ ਵਿਦਿਆਰਥਣ ਨੂੰ ਆਈਸ ਵਾਲਿਆਂ ਨੇ ਫੜ ਲਿਆ ਅਤੇ ਹੁਣ ਉਸ ਨੂੰ ਜਾਰਜੀਆ ਦੇ ਸਟੀਵਰਟ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਚਾਰ ਸਾਲ ਦੀ ਉਮਰ ਵਿਚ ਅਮਰੀਕਾ ਪੁੱਜੀ ਜ਼ਿਮਨਾ ਆਰੀਅਸ ਕ੍ਰਿਸਟਾਬੈਲ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਣ ਦੇ ਬਾਵਜੂਦ ਉਸ ਨੂੰ ਬੇੜੀਆਂ ਜਕੜ ਕੇ ਰੱਖਿਆ ਗਿਆ ਅਤੇ ਇਕ ਮਹੀਨੇ ਬਾਅਦ ਜੱਜ ਸਾਹਮਣੇ ਪੇਸ਼ ਕੀਤਾ। ਆਨਲਾਈਨ ਰਿਕਾਰਡ ਮੁਤਾਬਕ ਕ੍ਰਿਸਟਾਬੈਲ ਨੂੰ ਬਗੈਰ ਲਾਇਸੰਸ ਤੋਂ ਗੱਡੀ ਚਲਾਉਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਡਾਲਟਨ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਵਿਟਫੀਲਡ ਕਾਊਂਟੀ ਜੇਲ ਲੈ ਗਏ ਅਤੇ ਜਦੋਂ ਇੰਮੀਗ੍ਰੇਸ਼ਨ ਸਟੇਟਸ ਬਾਰੇ ਪੁੱਛਿਆ ਗਿਆ ਤਾਂ ਪੂਰਾ ਮਾਮਲਾ ਹੀ ਬਦਲ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਕ੍ਰਿਸਟਾਬੈਲ ਨੂੰ ਉਸੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਜਿਥੇ ਉਸ ਦਾ ਪਿਤਾ ਬੰਦ ਹੈ। ਉਸ ਦੇ ਪਿਤਾ ਨੂੰ ਦੋ ਹਫ਼ਤੇ ਪਹਿਲਾਂ ਟਨਲ ਹਿਲ ਇਲਾਕੇ ਤੋਂ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਕ੍ਰਿਸਟਾਬੈਲ ਦੀ ਆਰਥਿਕ ਮਦਦ ਵਾਸਤੇ ਹਾਨਾਹ ਜੋਨਜ਼ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਹੁਣ ਤੱਕ 32 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ।
4 ਸਾਲ ਦੀ ਉਮਰ ਵਿਚ ਪੁੱਜੀ ਸੀ ਅਮਰੀਕਾ
ਇਸ ਰਕਮ ਦੀ ਮਦਦ ਨਾਲ ਇੰਮੀਗ੍ਰੇਸ਼ਨ ਵਕੀਲ ਦੀ ਫ਼ੀਸ ਅਤੇ ਜ਼ਮਾਨਤ ਵਾਸਤੇ ਅਦਾਇਗੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਕ੍ਰਿਸਟਾਬੈਲ ਦੀ ਛੋਟੀ ਭੈਣ ਅਮਰੀਕਾ ਦੀ ਨਾਗਰਿਕ ਹੈ ਅਤੇ ਉਸ ਤੋਂ ਦੂਰ ਨਹੀਂ ਹੋਣਾ ਚਾਹੁੰਦੀ। ਵੱਡੀ ਭੈਣ ਦੀਆਂ ਸਿਫ਼ਤਾਂ ਕਰਦਿਆਂ ਉਸ ਨੇ ਕਿਹਾ ਕਿ ਉਹ ਪੜ੍ਹਾਈ ਵਿਚ ਬਹੁਤ ਚੰਗੀ ਹੈ ਅਤੇ ਹੋਸ਼ ਸੰਭਾਲਣ ਤੋਂ ਬਾਅਦ ਅਮਰੀਕਾ ਵਿਚ ਹੀ ਰਹਿ ਰਹੀ ਹੈ। ਕਿਸੇ ਗੈਰ ਮੁਲਕ ਵਿਚ ਡਿਪੋਰਟ ਕੀਤਾ ਗਿਆ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਕ੍ਰਿਸਟਾਬੈਲ ਨੇ ਡੈਫਰਡ ਐਕਸ਼ਨ ਫੌਰ ਚਾਈਲਡਹੁੱਡ ਅਰਾਈਵਲਜ਼ ਯਾਨੀ ਡਾਕਾ ਅਧੀਨ ਅਰਜ਼ੀ ਦਾਇਰ ਕਰਨ ਦਾ ਯਤਨ ਕੀਤਾ ਪਰ 2010 ਵਿਚ ਦਾਖਲ ਹੋਏ ਨਾਬਾਲਗ ਇਸ ਦੇ ਘੇਰੇ ਵਿਚ ਨਹੀਂ ਸਨ ਆਉਂਦੇ।