ਅਮਰੀਕਾ ਵਿਚ ਇੰਮੀਗ੍ਰੇਸ਼ਨ ਵਾਲਿਆਂ ਨੇ ਚੁੱਕਿਆ 8 ਬੱਚਿਆਂ ਦਾ ਪਿਉ
30 ਸਾਲ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ 8 ਬੱਚਿਆਂ ਦਾ ਪਿਤਾ ਡਰਾਈਵਿੰਗ ਲਾਇਸੰਸ ਕਰ ਕੇ ਇੰਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਆ ਗਿਆ ਅਤੇ ਹੁਣ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।

By : Upjit Singh
ਮੈਰੀਲੈਂਡ : 30 ਸਾਲ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ 8 ਬੱਚਿਆਂ ਦਾ ਪਿਤਾ ਡਰਾਈਵਿੰਗ ਲਾਇਸੰਸ ਕਰ ਕੇ ਇੰਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਆ ਗਿਆ ਅਤੇ ਹੁਣ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅਮਰੀਕਾ ਤੋਂ ਗਲਤੀ ਨਾਲ ਡਿਪੋਰਟ ਕੀਤੇ ਪ੍ਰਵਾਸੀ ਦੀ ਵਾਪਸੀ ਕਰਵਾਉਣ ਅਲ ਸਲਵਾਡੋਰ ਪੁੱਜੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਮੈਂਬਰ ਕ੍ਰਿਸ ਵੈਨ ਹੌਲਨ ’ਤੇ ਸ਼ਰਾਬ ਦੀਆਂ ਚੁਸਕੀਆਂ ਲੈਣ ਦੇ ਦੋਸ਼ ਲੱਗੇ ਹਨ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨਈਬ ਬੁਕੇਲੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਕ੍ਰਿਸ ਵੈਨ ਹੌਲਨ ਨੂੰ ਕਿਲਮਰ ਅਬਰੈਗੋ ਨਾਲ ਮੁਲਾਕਾਤ ਕਰਦਿਆਂ ਦੇਖਿਆ ਜਾ ਸਕਦਾ ਹੈ ਪਰ ਮੇਜ਼ ’ਤੇ ਪਏ ਗਿਲਾਸਾਂ ਵਿਚ ਮਾਰਗਰੀਟਸ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।
ਡਰਾਈਵਿੰਗ ਲਾਇਸੰਸ ਨੇ ਪਰਵਾਰ ਕਰ ਦਿਤਾ ਖੇਰੂੰ-ਖੇਰੂੰ
ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਹੜ੍ਹ ਆ ਚੁੱਕਾ ਹੈ ਅਤੇ ਲੋਕ ਮਾਰਗਰੀਟਸ ਦੇ ਸੁਆਦ ਬਾਰੇ ਪੁੱਛ ਰਹੇ ਹਨ। ਵੈਨ ਹੌਲਨ ਵੱਲੋਂ ਸੋਸ਼ਲ ਮੀਡੀਆ ਟਿੱਪਣੀਆਂ ਦਾ ਕੋਈ ਜਵਾਬ ਨਹੀਂ ਦਿਤਾ ਗਿਆ ਪਰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕੀ ਅਲ ਸਲਵਾਡੋਰ ਦੇ ਰਾਸ਼ਟਰਪਤੀ ਅਬਰੈਗੋ ਨੂੰ ਛੱਡਣ ਵਾਸਤੇ ਰਾਜ਼ੀ ਹਨ। ਇਸੇ ਦੌਰਾਨ ਟਰੰਪ ਸਰਕਾਰ ਦੇ ਇਕ ਬੁਲਾਰੇ ਕੁਸ਼ ਦੇਸਾਈ ਨੇ ‘ਡੇਲੀ ਮੇਲ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕ੍ਰਿਸ ਵੈਨ ਹੌਲਨ ਨੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਤੋਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਜਾਂ ਐਮ.ਐਸ.-13 ਗਿਰੋਹ ਦੇ ਮੈਂਬਰਾਂ ਦੀ ਭਲਾਈ ਨੂੰ ਤਰਜੀ ਦਿੰਦੀ ਆਈ ਹੈ। ਦੱਸ ਦੇਈਏ ਕਿ ਵੈਨ ਹੌਲਨ ਨੂੰ ਉਸ ਜੇਲ ਵੱਲ ਜਾਣ ਤੋਂ ਰੋਕ ਦਿਤਾ ਗਿਆ ਜਿਥੇ ਅਬਰੈਗੋ ਬੰਦ ਹੈ। ਗੁੱਸੇ ਵਿਚ ਆਏ ਅਮੈਰਿਕਨ ਸੈਨੇਟ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਕਾਰ ਨੂੰ ਜਾਣ ਬੁੱਝ ਕੇ ਰੋਕਿਆ ਗਿਆ ਜਦਕਿ ਹੋਰ ਗੱਡੀਆਂ ਅੱਗੇ ਜਾ ਰਹੀਆਂ ਸਨ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਅਲ ਸਲਵਾਡੋਰ ਸਰਕਾਰ ਨੇ ਮੁਲਾਕਾਤ ਦਾ ਪ੍ਰਬੰਧ ਕਰ ਦਿਤਾ। ਟਰੰਪ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਅਬਰੈਗੋ ਨੂੰ ਗਲਤੀ ਨਾਲ ਡਿਪੋਰਟ ਕੀਤਾ ਗਿਆ ਅਤੇ ਸੁਪਰੀਮ ਕੋਰਟ ਉਸ ਨੂੰ ਵਾਪਸ ਲਿਆਉਣ ਦੇ ਹੁਕਮ ਵੀ ਦੇ ਚੁੱਕੀ ਹੈ ਪਰ ਅਲ ਸਲਵਾਡੋਰ ਦੇ ਰਾਸ਼ਟਰਪਤੀ ਸਾਫ ਤੌਰ ’ਤੇ ਆਖ ਚੁੱਕੇ ਹਨ ਕਿ ਉਹ ਕਿਸੇ ਨੂੰ ਵਾਪਸ ਨਹੀਂ ਭੇਜਣਗੇ।
ਡਿਪੋਰਟ ਪ੍ਰਵਾਸੀ ਨੂੰ ਲੈਣ ਗਿਆ ਸੈਨੇਟ ਮੈਂਬਰ ਵਿਵਾਦਾਂ ਵਿਚ ਘਿਰਿਆ
ਉਧਰ ਮੈਰੀਲੈਂਡ ਸੂਬੇ ਵਿਚ ਹੈਰਾਨਕੁੰਨ ਘਟਨਾ ਸਾਹਮਣੇ ਆਈ ਜਿਥੇ 8 ਬੱਚਿਆ ਦਾ ਪਿਉ ਆਈਸ ਨੇ ਚੁੱਕ ਲਿਆ। ਅੱਲ੍ਹੜ ਉਮਰ ਵਿਚ ਅਮਰੀਕਾ ਪੁੱਜੇ ਅਲੈਕਸਿਸ ਕਾਨਾ ਨੂੰ ਕਦੇ ਕੋਈ ਦਿੱਕਤ ਨਹੀਂ ਸੀ ਆਈ ਪਰ ਸਸਪੈਂਡਡ ਡਰਾਈਵਿੰਗ ਲਾਇਸੰਸ ’ਤੇ ਗੱਡੀ ਚਲਾਉਣਾ ਮਹਿੰਗਾ ਪੈ ਗਿਆ। ਹੁਣ ਉਸ ਨੂੰ ਮਿਸੀਸਿਪੀ ਦੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। 49 ਸਾਲ ਦੇ ਕਾਨਾ ਦੀ ਬੇਟੀ ਨੇ ਮੰਨਿਆ ਕਿ ਮਨਾਹੀ ਦੇ ਬਾਵਜੂਦ ਗੱਡੀ ਚਲਾਉਣਾ ਵਾਜਬ ਨਹੀਂ ਪਰ ਇਸ ਗੁਨਾਹ ਦੀ ਐਨੀ ਵੱਡੀ ਸਜ਼ਾ ਨਹੀਂ ਹੋਣੀ ਚਾਹੀਦੀ। ਕੋਈ ਅਪਰਾਧਕ ਪਿਛੋਕੜ ਨਾ ਹੋਣ ਦੇ ਬਾਵਜੂਦ ਇੰਮੀਗ੍ਰੇਸ਼ਨ ਅਦਾਲਤ ਦੇ ਜੱਜ ਨੇ ਕਾਨਾ ਨੂੰ ਖਤਰਨਾਕ ਸ਼ੱਕੀ ਕਰਾਰ ਦਿਤਾ। ਫਰੈਡਰਿਕ ਕਾਊਂਟੀ ਦੇ ਸ਼ੈਰਿਫ ਚਾਰਲਸ ਜੈਨਕਿਨਜ਼ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਸਖਤੀ ਵਰਤ ਰਿਹਾ ਹੈ ਅਤੇ ਅਜਿਹੇ ਵਿਚ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਸਪੁਰਦ ਕਰ ਦਿਤਾ ਗਿਆ। ਦੂਜੇ ਪਾਸੇ ਪਰਵਾਰ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਅਤੇ 15 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ।


