ਇੰਮੀਗ੍ਰੇਸ਼ਨ ਵਾਲਿਆਂ ਨੇ ਕੁੱਟੇ ਪ੍ਰਵਾਸੀਆਂ ਦੇ ਹਮਾਇਤੀ
ਸ਼ਿਕਾਗੋ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਬਾਹਰ ਖਿਲਾਰਾ ਪੈ ਗਿਆ ਜਦੋਂ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਇਕ ਮੇਅਰ ਦੀ ਅਗਵਾਈ ਹੇਠ ਮੁਜ਼ਾਹਰਾਕਾਰੀ, ਫੈਡਰਲ ਏਜੰਟਾਂ ਨਾਲ ਭਿੜ ਗਏ।

By : Upjit Singh
ਸ਼ਿਕਾਗੋ : ਸ਼ਿਕਾਗੋ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਬਾਹਰ ਖਿਲਾਰਾ ਪੈ ਗਿਆ ਜਦੋਂ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਇਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੇ ਇਕ ਉਮੀਦਵਾਰ ਦੀ ਅਗਵਾਈ ਹੇਠ ਮੁਜ਼ਾਹਰਾਕਾਰੀ, ਫੈਡਰਲ ਏਜੰਟਾਂ ਨਾਲ ਭਿੜ ਗਏ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਫ਼ਸਰਾਂ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਹਿੰਸਕ ਟਕਰਾਅ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਵਨਸਟਨ ਦੇ ਮੇਅਰ ਡੈਨੀਅਲ ਬਿਸ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਉਮੀਦਵਾਰ ਕੈਟ ਅਬੂਗਾਜ਼ਾਲੇਹ ਨੂੰ ਚੁੱਕ ਚੁੱਕ ਕੇ ਸੁੱਟਿਆ ਜਾ ਰਿਹਾ ਹੈ।
ਸ਼ਿਕਾਗੋ ਵਿਖੇ ਡਿਟੈਨਸ਼ਨ ਸੈਂਟਰ ਦੇ ਬਾਹਰ ਖੜਕਾ-ਦੜਕਾ
ਡੈਨੀਅਲ ਬਿਸ ਨੇ ਦੋਸ਼ ਲਾਇਆ ਕਿ ਆਈਸ ਵਾਲਿਆਂ ਨੇ ਇਕ ਸ਼ਾਂਤਮਈ ਮੁਜ਼ਾਹਰੇ ਦੌਰਾਨ ਲੋਕਾਂ ਨੂੰ ਦਬਾਉਣ ਦਾ ਯਤਨ ਕੀਤਾ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮੁਜ਼ਾਹਕਾਰੀਆਂ ਨੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਗੇਟ ਬਲੌਕ ਕਰਨ ਦਾ ਯਤਨ ਕੀਤਾ ਪਰ ਫੈਡਰਲ ਏਜੰਟਸ ਨੇ ਬਗੈਰ ਦੇਰ ਕੀਤਿਆਂ ਰਾਹ ਖੁਲ੍ਹਵਾਉਣ ਲਈ ਤਾਕਤ ਦੀ ਵਰਤੋਂ ਆਰੰਭ ਦਿਤੀ। ਕੈਟ ਅਬੂਗਾਜ਼ਾਲੇਹ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸਨ ਅਤੇ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਪਰ ਆਈਸ ਦੇ ਅਧਿਕਾਰੀਆਂ ਨੇ ਧੱਕੇਸ਼ਾਹੀ ਸ਼ੁਰੂ ਕਰ ਦਿਤੀ। ਇਸ ਦੇ ਉਲਟ ਆਈਸ ਵਾਲਿਆਂ ਨੇ ਵੱਖਰੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਮੁਜ਼ਾਹਕਾਰੀ ਅਸਲ ਵਿਚ ਦੰਗਾ ਕਰਨ ਦੇ ਇਰਾਦੇ ਨਾਲ ਪੁੱਜੇ ਅਤੇ ਗੱਡੀਆਂ ਦੇ ਟਾਇਰ ਵੱਢਣੇ ਸ਼ੁਰੂ ਕਰ ਦਿਤੇ। ਇਕ ਮੁਜ਼ਾਹਕਾਰੀ ਹੰਝੂ ਗੈਸ ਵਾਲਾ ਡੱਬਾ ਫੈਡਰਲ ਏਜੰਟਾਂ ਵੱਲ ਸੁੱਟਦਾ ਨਜ਼ਰ ਆਇਆ ਜਿਸ ਨੂੰ ਗ੍ਰਿਫਤਾਰ ਕਰ ਲਿਆ।
ਹੰਝੂ ਗੈਸ ਦੇ ਗੋਲੇ ਦਾਗੇ, ਰਬੜ ਦੀਆਂ ਗੋਲੀਆਂ ਚਲਾਈਆਂ
ਇਸੇ ਦੌਰਾਨ ਲੈਫ਼ਟੀਨੈਂਟ ਗਵਰਨਰ ਜੂਲੀਆਨਾ ਸਟ੍ਰੈਟਨ ਵੀ ਮੌਕੇ ’ਤੇ ਪੁੱਜ ਗਈ ਅਤੇ ਦੋਸ਼ ਲਾਇਆ ਕਿ ਲੋਕਾਂ ਦੀ ਖਿੱਚਧੂਹ ਕੀਤੀ ਗਈ ਅਤੇ ਅਣਪਛਾਤੀਆਂ ਗੱਡੀਆਂ ਵਿਚ ਤੁੰਨ ਕੇ ਲਿਜਾਇਆ ਗਿਆ। ਉਧਰ ਫੈਡਰਲ ਏਜੰਟਾਂ ਨੇ ਕਿਹਾ ਕਿ ਬਰੌਡਵਿਊ ਪੁਲਿਸ ਮੌਕੇ ’ਤੇ ਪੁੱਜਣ ਵਿਚ ਅਸਫ਼ਲ ਰਹੀ ਪਰ ਪੁਲਿਸ ਮਹਿਕਮੇ ਵੱਲੋਂ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ ਗਿਆ। ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਢੇ ਗਿਆਰਾਂ ਵਜੇ ਤੋਂ ਬਾਅਦ ਕਾਲ ਆਈ ਅਤੇ ਇਹ ਨਹੀਂ ਦੱਸਿਆ ਕਿ ਮੁਜ਼ਾਹਰਾਕਾਰੀਆਂ ਵਿਰੁੱਧ ਹੰਝੂ ਗੈਸ ਦੇ ਗੋਲੇ ਵਰਤੇ ਜਾ ਚੁੱਕੇ ਸਨ। ਦੱਸ ਦੇਈਏ ਕਿ ਸ਼ੁੱਕਰਵਾਰ ਦੇ ਰੋਸ ਵਿਖਾਵੇ ਦੌਰਾਨ ਸਥਾਨਕ ਲੋਕਾਂ ਤੋਂ ਇਲਾਵਾ ਇੰਮੀਗ੍ਰੇਸ਼ਨ ਹਮਾਇਤੀ ਅਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ। ਡੀ.ਐਚ.ਐਸ. ਵੱਲੋਂ ਮੁਜ਼ਾਹਰਾਕਾਰੀਆਂ ਦੀ ਗਿਣਤੀ 100 ਤੋਂ ਵੱਧ ਦੱਸੀ ਗਈ ਪਰ ਮੀਡੀਆ ਰਿਪੋਰਟ ਵਿਚ ਅੰਕੜਾ ਘੱਟ ਨਜ਼ਰ ਆਇਆ। ਉਧਰ ਗ੍ਰਹਿ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸ਼ਿਕਾਗੋ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 550 ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।


