ਇੰਮੀਗ੍ਰੇਸ਼ਨ ਵਾਲਿਆਂ ਨੇ ਮੇਅਰ ਫੜ ਕੇ ਅੰਦਰ ਕੀਤਾ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਨਿਊ ਅਰਕ ਸ਼ਹਿਰ ਦੇ ਮੇਅਰ ਨੂੰ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਡੱਕ ਦਿਤਾ ਗਿਆ।

ਨਿਊਅਰਕ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਨਿਊ ਅਰਕ ਸ਼ਹਿਰ ਦੇ ਮੇਅਰ ਨੂੰ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਡੱਕ ਦਿਤਾ ਗਿਆ। ਨਿਊ ਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਕਿਹਾ ਕਿ ਮੇਅਰ ਦੀ ਗ੍ਰਿਫ਼ਤਾਰੀ ਬਾਰੇ ਸੁਣ ਕੇ ਝਟਕਾ ਲੱਗਾ ਜਿਨ੍ਹਾਂ ਨੂੰ ਤੁਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਧਰ ਕੁਝ ਘੰਟੇ ਹਿਰਾਸਤ ਵਿਚ ਰੱਖੇ ਜਾਣ ਮਗਰੋਂ ਨਿਊ ਅਰਕ ਦੇ ਮੇਅਰ ਰੈਸ ਬਰਾਕਾ ਨੂੰ ਰਿਹਾਈ ਮਿਲ ਗਈ। ਡਿਟੈਨਸ਼ਨ ਸੈਂਟਰ ਵਿਚੋਂ ਬਾਹਰ ਆਉਂਦਿਆਂ ਹੀ ਮੇਅਰ ਨੇ ਦਾਅਵਾ ਕੀਤਾ ਕਿ ਸਿਟੀ ਨਾਲ ਹੋਏ ਸਮਝੌਤੇ ਤਹਿਤ ਇਸ ਜੇਲ ਵਿਚ ਪ੍ਰਵਾਸੀਆਂ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਪਿਛਲੇ ਹਫ਼ਤੇ ਰੈਸ ਬਰਾਕਾ ਵੱਲੋਂ ਜ਼ਬਰਦਸਤੀ ਡਿਟੈਨਸ਼ਨ ਸੈਂਟਰ ਵਿਚ ਦਾਖਲ ਹੋਣ ਦਾ ਯਤਨ ਕਰਦਿਆਂ ਰੋਜ਼ਾਨਾ ਇਹ ਹਰਕਤ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਡਿਟੈਨਸ਼ਨ ਸੈਂਟਰ ਦੇ ਬਾਹਰ ਹੋ ਗਈ ਧੱਕਾ-ਮੁੱਕੀ
ਇਸੇ ਦੌਰਾਨ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਡਿਟੈਨਸ਼ਨ ਸੈਂਟਰ ਵਾਲੀ ਇਮਾਰਤ ਦੇ ਮਾਲਕ ਜੀਓ ਗਰੁੱਪ ਕੋਲ ਇਕ ਹਜ਼ਾਰ ਪ੍ਰਵਾਸੀ ਡੱਕ ਕੇ ਰੱਖਣ ਦਾ ਕੋਈ ਪਰਮਿਟ ਨਹੀਂ ਮਿਲਿਆ। ਡਿਟੈਨਸ਼ਨ ਸੈਂਟਰ ਦੇ ਮੁੱਖ ਗੇਟ ਸੰਗਲ ਨਾਲ ਬੰਨ੍ਹਣ ਕਰ ਕੇ ਫਾਇਰ ਸਰਵਿਸ ਵੱਲੋਂ ਨਿਯਮਾਂ ਦੀ ਉਲੰਘਣਾ ਦੇ ਤਿੰਨ ਦੋਸ਼ ਆਇਦ ਕੀਤੇ ਗਏ। ਰੈਸ ਬਰਾਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੇਟ ਬੰਦ ਕਰ ਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਪਰ ਉਹ ਰੋਜ਼ਾਨਾ ਇਥੇ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਜੀਓ ਗਰੁੱਪ ਅਤੇ ਇੰਮੀਗ੍ਰੇਸ਼ਨ ਵਿਭਾਗ ਦਰਮਿਆਨ 15 ਸਾਲ ਵਾਸਤੇ ਇਕ ਅਰਬ ਡਾਲਰ ਦਾ ਠੇਕਾ ਹੋਇਆ ਹੈ। ਠੇਕੇ ਦੀਆਂ ਸ਼ਰਤਾਂ ਮੁਤਾਬਕ ਇਮਾਰਤ ਵਿਚ ਉਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਇਰਾਦੇ ਨਾਲ ਫੜਿਆ ਜਾ ਰਿਹਾ ਹੈ। ਇਹ ਇਮਾਰਤ ਨਿਊ ਅਰਕ ਹਵਾਈ ਅੱਡੇ ਦੇ ਨੇੜੇ ਹੋਣ ਕਾਰਨ ਇਥੋਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੌਖਾ ਹੈ ਪਰ ਪਿਛਲੇ ਇਕ ਸਾਲ ਤੋਂ ਇਮਾਰਤ ਨੂੰ ਵਰਤਿਆ ਨਹੀਂ ਸੀ ਜਾ ਰਿਹਾ ਅਤੇ ਸਿਟੀ ਦਾ ਕਹਿਣਾ ਹੈ ਕਿ ਇਮਾਰਤ ਦੀ ਵਰਤੋਂ ਬਾਰੇ ਸਰਟੀਫਿਕੇਟ ਜਾਇਜ਼ ਨਹੀਂ ਨਹੀਂ।
ਟਰੰਪ ਸਰਕਾਰ ਨੇ ਮੇਅਰ ’ਤੇ ਨਿਯਮ ਤੋੜਨ ਦਾ ਦੋਸ਼ ਲਾਇਆ
ਉਧਰ ਜੀਓ ਗਰੁੱਪ ਦੀ ਤਰਜਮਾਨ ਟ੍ਰਿਸ਼ੀਆ ਮਕਲਾਫ਼ਲਿਨ ਦਾ ਕਹਿਣਾ ਸੀ ਕਿ ਮੇਅਰ ਬਰਾਕਾ ਦਾ ਇਮਾਰਤ ਦੇ ਅੰਦਰ ਸਵਾਗਤ ਹੈ ਪਰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਮੇਅਰ ਅਜਿਹਾ ਕਰਨ ਵਾਸਤੇ ਸਹਿਮਤ ਨਹੀਂ ਕਿਉਂਕਿ ਉਹ ਗਵਰਨਰ ਦੇ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਨ ਲਈ ਸੁਰਖੀਆਂ ਵਿਚ ਆਉਣਾ ਚਾਹੁੰਦੇ ਹਨ। ਇਸੇ ਦੌਰਾਨ ਨਿਊ ਜਰਸੀ ਸੂਬੇ ਦੀ ਅਟਾਰਨੀ ਅਲੀਨਾ ਹੱਬਾ ਨੇ ਕਿਹਾ ਕਿ ਮੇਅਰ ਰੈਸ ਬਰਾਕਾ ਨੂੰ ਇਲਾਕਾ ਛੱਡ ਕੇ ਜਾਣ ਲਈ ਕਈ ਚਿਤਾਵਨੀਆਂ ਦਿਤੀਆਂ ਗਈਆਂ ਪਰ ਉਹ ਨਾ ਮੰਨੇ। ਘਟਨਾ ਦੀ ਫੁਟੇਜ ਤੋਂ ਸਾਫ਼ ਪਤਾ ਲਗਦਾ ਹੈ ਕਿ ਬਰਾਕਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਡਿਟੈਨਸ਼ਨ ਸੈਂਟਰ ਦੇ ਮੁੱਖ ਗੇਟ ਦੇ ਬਾਹਰ ਧੱਕਾ-ਮੁੱਕੀ ਹੋ ਰਹੀ ਹੈ ਅਤੇ ਇਸ ਮਗਰੋਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਜਾਂਦੀ ਹੈ।