ਅਮਰੀਕਾ ਦੇ ਹਵਾਈ ਅੱਡਿਆਂ ’ਤੇ ਕਾਬੂ ਹੋਣਗੇ ਪ੍ਰਵਾਸੀ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਵੀਂ ਬਿਪਤਾ ਛਿੜ ਚੁੱਕੀ ਹੈ ਅਤੇ ਹੁਣ ਹਵਾਈ ਜਹਾਜ਼ ਦਾ ਸਫ਼ਰ ਡਿਪੋਰਟੇਸ਼ਨ ਦਾ ਕਾਰਨ ਬਣ ਸਕਦਾ ਹੈ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਵੀਂ ਬਿਪਤਾ ਛਿੜ ਚੁੱਕੀ ਹੈ ਅਤੇ ਹੁਣ ਹਵਾਈ ਜਹਾਜ਼ ਦਾ ਸਫ਼ਰ ਡਿਪੋਰਟੇਸ਼ਨ ਦਾ ਕਾਰਨ ਬਣ ਸਕਦਾ ਹੈ। ਜੀ ਹਾਂ, ਬਾਰਡਰ ਜ਼ਾਰ ਟੌਮ ਹੋਮਨ ਵੱਲੋਂ ਨਵੀਂ ਰਣਨੀਤੀ ਦਾ ਖੁਲਾਸਾ ਕਰ ਦਿਤਾ ਗਿਆ ਹੈ ਜਿਸ ਤਹਿਤ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦੇ ਏਜੰਟ ਨਾ ਸਿਰਫ਼ ਸੁਰੱਖਿਆ ਜਾਂਚ ਦੌਰਾਨ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਦੀ ਮਦਦ ਕਰਨਗੇ ਸਗੋਂ ਇੰਮੀਗ੍ਰੇਸ਼ਨ ਕਾਰਵਾਈ ਵੀ ਨਾਲੋ-ਨਾਲ ਜਾਰੀ ਰੱਖੀ ਜਾਵੇਗੀ। ਉਧਰ, ਇੰਮੀਗ੍ਰੇਸ਼ਨ ਮਾਹਰਾਂ ਨੇ ਕੈਨੇਡੀਅਨ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਆਈਸ ਏਜੰਟਸ ਕੋਲ ਅਥਾਹ ਤਾਕਤਾਂ ਮੌਜੂਦ ਹਨ ਜਿਸ ਦੇ ਮੱਦੇਨਜ਼ਰ ਯਾਤਰਾ ਦਸਤਾਵੇਜ਼ਾਂ ਵਿਚ ਕੋਈ ਕਮੀ-ਪੇਸ਼ੀ ਨਹੀਂ ਹੋਣੀ ਚਾਹੀਦੀ।
ਆਈਸ ਏਜੰਟਾਂ ਦੀ ਤੈਨਾਤੀ ਮਗਰੋਂ ਟੌਮ ਹੋਮਨ ਦਾ ਖੁਲਾਸਾ
ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਹਿਰਾਸਤ ਵਿਚ ਲਏ ਜਾਣ ’ਤੇ ਕਿਸੇ ਵੀ ਸ਼ਖਸ ਕੋਲ ਸਮੀਖਿਆ ਦਾ ਹੱਕ ਹੁੰਦਾ ਹੈ ਪਰ ਅਮਰੀਕਾ ਦਾ ਕਾਨੂੰਨ ਬਿਲਕੁਲ ਵੱਖਰਾ ਹੈ। ਦੱਸ ਦੇਈਏ ਕਿ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਸ਼ਟਡਾਊਨ ਕਰ ਕੇ ਵੱਡੀ ਗਿਣਤੀ ਵਿਚ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟਸ ਨੌਕਰੀ ਤੋਂ ਗੈਰਹਾਜ਼ਰ ਹੋ ਚੁੱਕੇ ਹਨ ਅਤੇ ਮੁਸਾਫ਼ਰਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈ ਰਹੀ ਹੈ। ਹਾਲਾਤ ਨੂੰ ਵੇਖਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਵਾਈ ਅੱਡਿਆਂ ’ਤੇ ਆਈਸ ਏਜੰਟਾਂ ਦੀ ਤੈਨਾਤੀ ਦੇ ਹੁਕਮ ਦੇ ਦਿਤੇ। ਐਟਲਾਂਟਾ ਦੇ ਹਾਰਟਸਫ਼ੀਲਡ ਜੈਕਸਨ ਇੰਟਰਨੈਸ਼ਨਲ ਏਅਰਪੋਰਟ, ਨਿਊ ਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ, ਨਿਊ ਜਰਸੀ ਦੇ ਨਿਊ ਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ, ਹਿਊਸਟਨ ਦੇ ਜਾਰਜ ਬੁਸ਼ ਇੰਟਰਕੌਂਟੀਨੈਂਟਲ ਏਅਰਪੋਰਟ ਅਤੇ ਨਿਊ ਓਰਲੀਨਜ਼ ਦੇ ਲੂਈ ਆਰਮਸਟ੍ਰੌਂਗ ਇੰਟਰਨੈਸ਼ਨਲ ਏਅਰਪੋਰਟ ਸਣੇ 14 ਹਵਾਈ ਅੱਡਿਆਂ ’ਤੇ ਆਈਸ ਏਜੰਟ ਪੁੱਜ ਚੁੱਕੇ ਹਨ ਅਤੇ ਜਲਦ ਹੀ ਹੋਰਨਾਂ ਪ੍ਰਮੁੱਖ ਹਵਾਈ ਅੱਡਿਆਂ ’ਤੇ ਨਜ਼ਰ ਆਉਣਗੇ।
ਮੁਸਾਫ਼ਰਾਂ ਨੂੰ ਏਅਰਪੋਰਟਸ ’ਤੇ ਰਾਹਤ ਮਿਲਣ ਦੇ ਆਸਾਰ
ਆਈਸ ਏਜੰਟਾਂ ਨੂੰ ਟਰਮੀਨਲ ਏਰੀਆ ਵਿਚ ਗਸ਼ਤ ਕਰਦਿਆਂ ਦੇਖਿਆ ਗਿਆ ਪਰ ਕਿਸੇ ਮੁਸਾਫ਼ਰ ਦੀ ਆਈ.ਡੀ. ਚੈੱਕ ਨਹੀਂ ਕੀਤੀ ਅਤੇ ਨਾ ਹੀ ਮੁਸਾਫ਼ਰਾਂ ਨੂੰ ਘੇਰ ਕੇ ਸਵਾਲ-ਜਵਾਬ ਕਰਦੇ ਦੇਖੇ ਗਏ। ਸ਼ਿਕਾਗੋ ਦੇ ਮੇਅਰ ਬਰੈਂਡਨ ਜੌਹਨਸਨ ਦਾ ਕਹਿਣਾ ਸੀ ਕਿ ਓ’ਹੇਅਰ ਇੰਟਰਨੈਸ਼ਨਲ ਏਅਰਪੋਰਟ ’ਤੇ ਆਈਸ ਏਜੰਟਾਂ ਦੀ ਤੈਨਾਤ ਉਤੇ ਨਜ਼ਰ ਰੱਖੀ ਜਾ ਰਹੀ ਹੈ। ਚੇਤੇ ਰਹੇ ਕਿ ਆਈਸ ਏਜੰਟ ਅਤੇ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟ ਦੋਵੇਂ ਹੀ ਡੀ.ਐਚ.ਐਸ. ਦੇ ਅਧੀਨ ਆਉਂਦੇ ਹਨ ਪਰ ਡੌਨਲਡ ਟਰੰਪ ਦੀ ਖਾਸ ਨੀਤੀਆਂ ਸਦਕਾ ਇੰਮੀਗ੍ਰੇਸ਼ਨ ਏਜੰਟਾਂ ਨੂੰ ਤਨਖਾਹ ਮਿਲ ਰਹੀ ਹੈ ਜਦਕਿ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਨੂੰ 14 ਫ਼ਰਵਰੀ ਤੋਂ ਬਾਅਦ ਤਨਖਾਹ ਨਹੀਂ ਮਿਲੀ। ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੇ ਯਾਤਰਾ ਦਸਤਾਵੇਜ਼ ਪਰਖਣ ਲਈ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲੇ ਤਾਂ ਮੌਜੂਦ ਹੁੰਦੇ ਹਨ ਪਰ ਆਈਸ ਏਜੰਟ ਵਿਰਲੇ ਹੀ ਨਜ਼ਰ ਆਉਂਦੇ ਹਨ।


