ਅਮਰੀਕਾ ਵਿਚ ਅੰਗਰੇਜ਼ੀ ਦੀ ਭੇਟ ਚੜ੍ਹੇ 311 ਟਰੱਕ ਡਰਾਈਵਰ
ਅਮਰੀਕਾ ਵਿਚ ਅੰਗਰੇਜ਼ੀ ਦੀ ਭੇਟ ਚੜ੍ਹ ਰਹੇ ਟਰੱਕ ਡਰਾਈਵਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ

By : Upjit Singh
ਜੈਕਸਨ : ਅਮਰੀਕਾ ਵਿਚ ਅੰਗਰੇਜ਼ੀ ਦੀ ਭੇਟ ਚੜ੍ਹ ਰਹੇ ਟਰੱਕ ਡਰਾਈਵਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜੀ ਹਾਂ। ਮਿਸੀਸਿਪੀ ਸੂਬੇ ਵਿਚ ਇੰਗਲਿਸ਼ ਲੈਂਗੁਏਜ ਰੂਲਜ਼ ਲਾਗੂ ਕਰਦਿਆਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਅਤੇ 311 ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ ਕਰ ਦਿਤੇ ਗਏ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੱਚੇ ਹੋਣ ਕਾਰਨ ਡਿਪੋਰਟ ਕੀਤੇ ਜਾ ਰਹੇ ਹਨ। ਮਿਸੀਸਾਗਾ ਦੇ ਲੋਕ ਸੁਰੱਖਿਆ ਵਿਭਾਗ ਦੇ ਕਮਿਸ਼ਨਾ ਸ਼ੌਨ ਟਿੰਡਲ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ’ਤੇ ਨਾਕਿਆਂ ਦੌਰਾਨ ਟਰੱਕ ਡਰਾਈਵਰਾਂ ਤੋਂ ਅੰਗਰੇਜ਼ੀ ਭਾਸ਼ਾ ਵਿਚ ਸਵਾਲ ਪੁੱਛੇ ਗਏ ਪਰ ਵੱਡੀ ਗਿਣਤੀ ਵਿਚ ਤਸੱਲੀਬਖਸ਼ ਜਵਾਬ ਨਾ ਦੇ ਸਕੇ ਅਤੇ ਇਨ੍ਹਾਂ ਵਿਚੋਂ 145 ਡਰਾਈਵਰਾਂ ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿਤਾ ਗਿਆ।
145 ਜਣਿਆਂ ਨੂੰ ਇੰਮੀਗ੍ਰੇਸ਼ਨ ਵਾਲੇ ਕਰਨਗੇ ਡਿਪੋਰਟ
ਓਕਲਾਹੋਮਾ ਅਤੇ ਵਯੋਮਿੰਗ ਰਾਜਾਂ ਵਿਚ ਟਰੱਕ ਡਰਾਈਵਰਾਂ ਵਿਰੁੱਧ ਪਿਛਲੇ ਦਿਨੀਂ ਕੀਤੀ ਗਈ ਕਾਰਵਾਈ ਮਗਰੋਂ ਇਹ ਸਭ ਤੋਂ ਵੱਡਾ ਅੰਕੜਾ ਉਭਰ ਕੇ ਸਾਹਮਣੇ ਆਇਆ ਹੈ। ਇਥੇ ਦਸਣਾ ਬਣਦਾ ਹੈ ਕਿ ਅੰਗਰੇਜ਼ੀ ਵਿਚ ਮੁਹਾਰਤ ਨਾ ਹੋਣ ਕਰ ਕੇ 9 ਹਜ਼ਾਰ ਤੋਂ ਵੱਧ ਡਰਾਈਵਰ ਵਿਹਲੇ ਕੀਤੇ ਜਾ ਚੁੱਕੇ ਹਨ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿਚ ਕੱਚੇ ਡਰਾਈਵਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ, ਚਾਹੇ ਉਹ ਅਮਰੀਕਾ ਵਿਚ ਗਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੀ ਕਿਉਂ ਨਾ ਹੋਣ। ਦੂਜੇ ਪਾਸੇ ਵਰਕ ਪਰਮਿਟ ਵਾਲਿਆਂ ਨੂੰ ਸਿੱਧੇ ਤੌਰ ’ਤੇ ਆਈਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਖੁਦ ਆਈਸ ਦੇ ਨਾਕਿਆਂ ਦੌਰਾਨ ਵੀ ਇੰਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰ ਅੜਿੱਕੇ ਆ ਰਹੇ ਹਨ। ਦੂਜੇ ਪਾਸੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਜ਼ਦੀਕੀਆਂ ਵਿਚੋਂ ਇਕ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਦੀ ਇਕ ਰਿਸ਼ਤੇਦਾਰ ਵੀ ਆਈਸ ਵਾਲਿਆਂ ਨੇ ਚੁੱਕ ਲਈ।
ਟਰੰਪ ਦੀ ਖ਼ਾਸ ਅਫ਼ਸਰ ਦੀ ਰਿਸ਼ਤੇਦਾਰ ‘ਆਈਸ’ ਵਾਲਿਆਂ ਨੇ ਕਾਬੂ ਕੀਤੀ
ਇਹ ਕਾਰਵਾਈ ਮੈਸਾਚਿਊਸੈਟਸ ਸੂਬੇ ਦੇ ਰਿਵੀਅਰ ਇਲਾਕੇ ਵਿਚ ਹੋਈ ਅਤੇ ਬਰੂਨਾ ਫਰੇਰਾ ਨੂੰ ਕਾਬੂ ਕਰ ਕੇ ਲੂਈਜ਼ਿਆਨਾ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਭੇਜ ਦਿਤਾ ਗਿਆ ਹੈ। ਬਰੂਨਾ ਦੇ ਵਕੀਲ ਮੁਤਾਬਕ ਉਸ ਦੀ ਮੁਵੱਕਲ 1998 ਵਿਚ ਬਰਾਜ਼ੀਲ ਤੋਂ ਅਮਰੀਕਾ ਪੁੱਜੀ ਅਤੇ ਡੈਫਰਡ ਐਕਸ਼ਨ ਪਲੈਨ ਯਾਨੀ ਡਾਕਾ ਅਧੀਨ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲ ਤੋਂ ਕੈਰੋਲਾਈਨ ਲੈਵਿਟ ਨੇ ਆਪਣੀ ਕਜ਼ਨ ਨਾਲ ਕੋਈ ਗੱਲਬਾਤ ਨਹੀਂ ਕੀਤੀ। ਬਰੂਨਾ ਦਾ ਬੇਟਾ ਅਮਰੀਕਾ ਵਿਚ ਹੀ ਜੰਮਿਆ ਹੈ ਅਤੇ ਨਿਊ ਹੈਂਪਸ਼ਾਇਰ ਵਿਖੇ ਆਪਣੇ ਪਿਤਾ ਕੋਲ ਰਹਿ ਰਿਹਾ ਹੈ।


