Begin typing your search above and press return to search.

Germany ’ਚ Punjabi ਪਰਵਾਰ ਨਾਲ ਹੌਲਨਾਕ ਵਾਰਦਾਤ

ਪੰਜਾਬ ਤੋਂ ਜਰਮਨੀ ਭੇਜੀ ਪੰਜੀਰੀ ਨੇ ਪੂਰਾ ਪਰਵਾਰ ਆਈ.ਸੀ.ਯੂ. ਵਿਚ ਪਹੁੰਚਾ ਦਿਤਾ ਅਤੇ ਨਵਜੰਮੀ ਬੱਚੀ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ

Germany ’ਚ Punjabi ਪਰਵਾਰ ਨਾਲ ਹੌਲਨਾਕ ਵਾਰਦਾਤ
X

Upjit SinghBy : Upjit Singh

  |  6 Feb 2026 7:05 PM IST

  • whatsapp
  • Telegram

ਮੋਹਾਲੀ : ਪੰਜਾਬ ਤੋਂ ਜਰਮਨੀ ਭੇਜੀ ਪੰਜੀਰੀ ਨੇ ਪੂਰਾ ਪਰਵਾਰ ਆਈ.ਸੀ.ਯੂ. ਵਿਚ ਪਹੁੰਚਾ ਦਿਤਾ ਅਤੇ ਨਵਜੰਮੀ ਬੱਚੀ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਜੀ ਹਾਂ, ਇਹ ਦਿਲ ਕੰਬਾਊ ਘਟਨਾ ਮੋਹਾਲੀ ਦੀ ਮਹਿਲਾ ਕਾਰੋਬਾਰੀ ਨਾਲ ਵਾਪਰੀ ਜਿਨ੍ਹਾਂ ਦੀ ਬੇਟੀ ਜਰਮਨੀ ਵਿਚ ਰਹਿੰਦੀ ਹੈ। ਜਰਮਨ ਪੁਲਿਸ ਨੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪੰਜੀਰੀ ਵਿਚ ਚੂਹੇ ਮਾਰਨ ਵਾਲਾ ਜ਼ਹਿਰ ਮਿਲਾਇਆ ਗਿਆ ਹੈ ਜਿਸ ਮਗਰੋਂ ਮੋਹਾਲੀ ਦੇ ਸੈਕਟਰ 117 ਵਿਚ ਰਹਿੰਦੀ ਰਚਨਾ ਕਪੂਰ ਵੱਲੋਂ ਆਪਣੇ ਨੌਕਰ ’ਤੇ ਸ਼ੱਕ ਜ਼ਾਹਰ ਕਰਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਚਨਾ ਕੂਪਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੀ ਡਿਲੀਵਰੀ ਲਈ ਜਰਮਨੀ ਗਏ ਸਨ ਅਤੇ 9 ਦਸੰਬਰ ਦੀ ਫਲਾਈਟ ਤੋਂ ਪਹਿਲਾਂ 7 ਦਸੰਬਰ ਨੂੰ ਪੰਜੀਰੀ ਤਿਆਰ ਕੀਤੀ ਜੋ ਪੂਰੀ ਤਰ੍ਹਾਂ ਸਿਹਤਮੰਦ ਸੀ। ਰਚਨਾ ਕਪੂਰ ਮੁਤਾਬਕ ਉਨ੍ਹਾਂ ਨੇ ਪੰਜੀਰੀ ਤਿੰਨ ਪੈਕਟਾਂ ਵਿਚ ਪਾ ਕੇ ਆਪਣੇ ਘਰ ਲਿਆਂਦੀ ਅਤੇ ਡਾਇਨਿੰਗ ਟੇਬਲ ’ਤੇ ਰੱਖ ਦਿਤੀ।

ਪੰਜੀਰੀ ਵਾਲੇ ਲੱਡੂ ਬਣ ਗਏ ਜ਼ਹਿ.ਰੀਲੇ

ਆਪਣੀ ਬੇਟੀ ਰਣਜੀਤਾ ਬੱਤਰਾ ਕੋਲ ਜਰਮਨੀ ਰਵਾਨਾ ਹੋਣ ਤੋਂ ਪਹਿਲਾਂ ਰਚਨਾ ਕਪੂਰ ਨੇ ਪੰਜੀਰੀ ਆਪਣੇ ਸਮਾਨ ਵਿਚ ਪੈਕ ਕੀਤੀ ਅਤੇ ਏਅਰਪੋਰਟ ਪੁੱਜ ਗਏ। ਜਰਮਨੀ ਪੁੱਜਣ ਮਗਰੋਂ ਉਨ੍ਹਾਂ ਨੇ ਇਕ ਪੈਕਟ ਖੋਲ੍ਹ ਕੇ ਉਸ ਦੇ ਲੱਡੂ ਬਣਾ ਲਏ ਜੋ ਸਭਨਾਂ ਨੇ ਖਾਧੇ। ਕੁਝ ਦਿਨ ਬਾਅਦ ਦੂਜਾ ਪੈਕਟ ਖੋਲ੍ਹ ਕੇ ਵੀ ਲੱਡੂ ਬਣਾਏ ਅਤੇ ਬੇਟੀ ਤੇ ਜਵਾਈ ਸਣੇ ਸਾਰੇ ਪਰਵਾਰਕ ਮੈਂਬਰਾਂ ਨੇ ਚਾਅ ਨਾਲ ਖਾਧੇ। ਉਸ ਵੇਲੇ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਇਸੇ ਦੌਰਾਨ 26 ਦਸੰਬਰ ਨੂੰ ਬੇਟੀ ਦੇ ਸਹੁਰਾ ਪਰਵਾਰ ਵਾਲੇ ਵੀ ਜਰਮਨੀ ਪੁੱਜ ਗਏ। 1 ਜਨਵਰੀ 2026 ਨੂੰ ਰਚਨਾ ਕਪੂਰ ਦੀ ਦੋਹਤੀ ਨੇ ਜਨਮ ਲਿਆ ਅਤੇ ਇਸੇ ਖੁਸ਼ੀ ਵਿਚ ਪੰਜੀਰੀ ਦਾ ਤੀਜਾ ਪੈਕਟ ਖੋਲ੍ਹ ਕੇ ਲੱਡੂ ਬਣਾਏ ਅਤੇ ਹਸਪਤਾਲ ਭੇਜ ਦਿਤੇ। ਇਹ ਲੱਡੂ ਰਚਨਾ ਕੂਪਰ ਦੀ ਬੇਟੀ ਰਣਜੀਤਾ ਬੱਤਰਾ, ਬੇਟੀ ਦੀ ਸੱਸ ਅਤੇ ਨਣਦ ਨੇ ਖਾਧੇ ਜਿਨ੍ਹਾਂ ਦੀ ਤਬੀਅਤ ਬੇਹੱਦ ਗੰਭੀਰ ਹੋ ਗਈ। ਘਰ ਵਿਚ ਮੌਜੂਦ ਰਚਨਾ ਕਪੂਰ ਨੇ ਵੀ ਲੱਡੂ ਖਾ ਲਿਆ ਅਤੇ ਚਾਰੇ ਔਰਤਾਂ ਨੂੰ ਵੈਂਟੀਲੇਟਰ ’ਤੇ ਰੱਖਣਾ ਪਿਆ ਪਰ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਹੋਇਆ ਕੀ? ਹਾਲਤ ਵਿਚ ਮਾਮੂਲੀ ਸੁਧਾਰ ਹੋਣ ’ਤੇ ਇਨ੍ਹਾਂ ਔਰਤਾਂ ਨੂੰ ਭਾਰਤ ਭੇਜ ਦਿਤਾ ਗਿਆ। ਬੇਟੀ ਦੀ ਸੱਸ ਨੂੰ ਦਿੱਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਦਕਿ ਰਚਨਾ ਕੂਪਰ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਹੋ ਗਏ। ਜਰਮਨੀ ਵਾਲਿਆਂ ਨੇ ਪਹਿਲਾਂ ਹੀ ਦੱਸ ਦਿਤਾ ਕਿ ਲੱਡੂਆਂ ਵਿਚ ਥੈਲੀਅਮ ਨਾਂ ਦਾ ਜ਼ਹਿਰ ਸੀ ਜੋ ਚੂਹੇ ਮਾਰਨ ਵਾਲੀ ਦਵਾਈ ਵਿਚ ਪੈਂਦਾ ਹੈ। ਭਾਰਤੀ ਡਾਕਟਰਾਂ ਨੇ ਵੀ ਬਿਲਕੁਲ ਇਹੋ ਗੱਲ ਦੱਸੀ। ਰਚਨਾ ਕਪੂਰ ਦੀ ਬੇਟੀ ਹੁਣ ਵੀ ਜਰਮਨੀ ਦੇ ਆਈ.ਸੀ.ਯੂ. ਵਿਚ ਹੈ ਅਤੇ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੀ ਹੈ। ਜ਼ਹਿਰ ਦਾ ਅਸਰ ਐਨਾ ਜ਼ਿਆਦਾ ਸੀ ਕਿ ਸਰੀਰ ’ਤੇ ਮੌਜੂਦ ਸਾਰੇ ਵਾਲ ਉਡ ਗਏ। ਰਚਨਾ ਕਪੂਰ ਨੂੰ ਮੋਹਾਲੀ ਦੇ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਜਰਮਨੀ ਜਾਣ ਤੋਂ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਨੌਕਰ ਨੂੰ ਕੱਢ ਦਿਤਾ ਸੀ ਪਰ ਉਹ ਮਿੰਨਤਾਂ ਕਰਨ ਲੱਗਾ ਕਿ ਜਰਮਨੀ ਤੋਂ ਵਾਪਸ ਆਉਣ ਤੱਕ ਇਥੇ ਰਹਿਣ ਦੀ ਇਜਾਜ਼ਤ ਦੇ ਦਿਉ।

4 ਔਰਤਾਂ ਆਈ.ਸੀ.ਯੂ. ਵਿਚ ਭਰਤੀ

ਰਚਨਾ ਨੇ ਜਦੋਂ ਨੌਕਰ ਨੂੰ ਪੁੱਛਿਆ ਕਿ ਕੀ ਉਸ ਨੇ ਪੰਜੀਰੀ ਵਿਚ ਕੁਝ ਮਿਲਾਇਆ ਤਾਂ ਔਖਾ ਭਾਰਾ ਹੁੰਦਾ ਕਹਿਣ ਲੱਗਾ ਕਿ ਮੈਂ ਅਜਿਹਾ ਕਿਉਂ ਕਰਾਂਗਾ? ਐਨਾ ਕਹਿ ਕੇ ਘਰੋਂ ਬਾਹਰ ਚਲਾ ਗਿਆ ਅਤੇ ਅੱਜ ਤੱਕ ਲਾਪਤਾ ਹੈ। ਸਾਰੇ ਫੋਨ ਨੰਬਰ ਬੰਦ ਹਨ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਉਧਰ ਜਰਮਨੀ ਤੋਂ ਆਈ ਮੈਡੀਕਲ ਰਿਪੋਰਟ ਮੁਤਾਬਕ ਰਚਨਾ ਕਪੂਰ ਦੀ ਨਵਜੰਮੀ ਦੋਹਤੀ ਦੇ ਸਰੀਰ ਵਿਚ ਥੈਲੀਅਮ ਦਾ ਪੱਧਰ 470 ਦਰਜ ਕੀਤਾ ਗਿਆ ਹੈ ਜੋ 0.2 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਸ ਦੇ ਉਲਟ ਰਣਜੀਤਾ ਬੱਤਰਾ ਦੇ ਸਰੀਰ ਵਿਚ ਥੈਲੀਅਮ ਦਾ ਪੱਧਰ ਤਕਰੀਬਨ 10 ਹਜ਼ਾਰ ਦਰਜ ਕੀਤਾ ਗਿਆ। ਇਸੇ ਦੌਰਾਨ ਮੋਹਾਲੀ ਰੂਰਲ ਦੇ ਐਸ.ਪੀ. ਮਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਜਲਦ ਹੀ ਸ਼ੱਕੀ ਨੂੰ ਕਾਬੂ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it