ਆਸਟ੍ਰੇਲੀਆ ਵਿਚ ਪੰਜਾਬੀ ਟਰੱਕ ਡਰਾਈਵਰ ਨਾਲ ਹੌਲਨਾਕ ਹਾਦਸਾ
ਆਸਟ੍ਰੇਲੀਆ ਵਿਚ ਵਾਪਰੇ ਇਕ ਹੌਲਨਾਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ।

ਮੈਲਬਰਨ/ਬਰੈਂਪਟਨ : ਆਸਟ੍ਰੇਲੀਆ ਵਿਚ ਵਾਪਰੇ ਇਕ ਹੌਲਨਾਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ। 41 ਸਾਲ ਦਾ ਜਸਪ੍ਰੀਤ ਸਿੰਘ ਰੇਲਵੇ ਫਾਟਕ ਪਾਰ ਕਰ ਰਿਹਾ ਸੀ ਜਦੋਂ ਇਕ ਮਾਲ ਗੱਡੀ ਨਾਲ ਟੱਕਰ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਆਰਮਾਡੇਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਝਲਦਿਆਂ ਦਮ ਤੋੜ ਦਿਤਾ। ਵੈਸਟ੍ਰਨ ਆਸਟ੍ਰੇਲੀਆ ਪੁਲਿਸ ਦੇ ਮੇਜਰ ਕ੍ਰੈਸ਼ ਯੂਨਿਟ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜਸਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ, 12 ਸਾਲ ਦਾ ਬੇਟਾ ਸਮਰਵੀਰ ਸਿੰਘਘ ਅਤੇ ਬਜ਼ੁਰਗ ਮਾਪੇ ਛੱਡ ਗਿਆ ਹੈ।
ਮਾਲਗੱਡੀ ਨਾਲ ਹੋਈ ਟਰੱਕ ਦੀ ਟੱਕਰ, ਹਸਪਤਾਲ ਵਿਚ ਦਮ ਤੋੜਿਆ
ਦੱਸ ਦੇਈਏ ਕਿ ਜਸਪ੍ਰੀਤ ਸਿੰਘ ਆਪਣੀ ਪਤਨੀ ਅਤੇ ਬੇਟੇ ਨਾਲ 2018 ਵਿਚ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਪੁੱਜਾ ਜਦਕਿ ਉਸ ਦਾ ਵੱਡਾ ਭਰਾ ਅਤੇ ਮਾਪੇ ਪਹਿਲਾਂ ਹੀ ਵੈਸਟ੍ਰਨ ਆਸਟ੍ਰੇਲੀਆ ਦੇ ਪਿਆਰਾ ਵਾਟਰਜ਼ ਇਲਾਕੇ ਵਿਚ ਰਹਿ ਰਹੇ ਸਨ। ਜਸਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਸੀ ਮਿਲੀ ਅਤੇ ਮੇਨ ਐਪਲੀਕੈਂਟ ਹੋਣ ਕਾਰਨ ਉਸ ਦੀ ਪਤਨੀ ਅਤੇ ਬੇਟੇ ਦਾ ਮੁਲਕ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਦੁੱਖਾਂ ਵਿਚ ਡੁੱਬੀ ਅਮਨਦੀਪ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਉਧਰ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਚਨਚੇਤ ਵਰਤੇ ਭਾਣੇ ’ਤੇ ਯਕੀਨ ਨਹੀਂ ਹੋ ਰਿਹਾ।
ਜਸਪ੍ਰੀਤ ਸਿੰਘ ਦੀ ਪਤਨੀ ਅਤੇ ਬੇਟੇ ਦਾ ਭਵਿੱਖ ਹਨੇਰੇ ਵਿਚ
ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਉਪਰੋਂ ਭਾਬੀ ਅਤੇ ਭਤੀਜੇ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਦਾ ਕੋਈ ਪਰਵਾਰਕ ਮੈਂਬਰ ਨਹੀਂ, ਅਜਿਹੇ ਇਹ ਦੋਵੇਂ ਆਸਟ੍ਰੇਲੀਆ ਛੱਡ ਕੇ ਨਹੀਂ ਜਾ ਸਕਦੇ। ਵੈਸਟ੍ਰਨ ਆਸਟ੍ਰੇਲੀਆ ਵਿਚ ਰੇਲ, ਟ੍ਰੈਮ ਅਤੇ ਬੱਸ ਯੂਨੀਅਨ ਵੱਲੋਂ ਰੇਲਵੇ ਫਾਟਕ ’ਤੇ ਹਾਦਸੇ ਦੌਰਾਨ ਜਸਪ੍ਰੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਯੂਨੀਅਨ ਨੇ ਕਿਹਾ ਕਿ ਹਾਦਸੇ ਦੌਰਾਨ ਲੋਕੋਮੋਟਿਵ ਡਰਾਈਵਰ ਨੂੰ ਕੋਈ ਸੱਟ-ਫੇਟ ਨਹੀਂ ਵੱਜੀ ਪਰ ਟਰੱਕ ਡਰਾਈਵਰ ਦੇ ਪਰਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੌਕੇ ’ਤੇ ਪੁੱਜੇ ਟ੍ਰਾਂਜ਼ਿਟ ਅਫ਼ਸਰਾਂ ਵੱਲੋਂ ਜਸਪ੍ਰੀਤ ਸਿੰਘ ਨੂੰ ਟਰੱਕ ਵਿਚੋਂ ਬਾਹਰ ਕੱਢਣ ਵਿਚ ਮਦਦ ਕੀਤੀ ਗਈ ਪਰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਉਸ ਜਾਨ ਨਾ ਬਚ ਸਕੀ। ਉਧਰ ਕੈਨੇਡਾ ਦੇ ਬਰੈਂਪਟਨ ਵਿਖੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਬਰੈਂਪਟਨ ਦੇ ਮਨਜਿੰਦਰ ਸਿੰਘ ਦੀ ਅਚਨਚੇਤ ਮੌਤ
ਮਨਜਿੰਦਰ ਸਿੰਘ ਆਪਣੇ ਪਿਛੇ ਪਤਨੀ ਅਤੇ ਪੰਜ ਮਹੀਨੇ ਦੀ ਬੱਚੀ ਛੱਡ ਗਿਆ ਹੈ। ਖੁਸ਼ਹਾਲ ਭਵਿੱਖ ਦੀ ਭਾਲ ਵਿਚ ਕੈਨੇਡਾ ਪੁੱਜਾ ਮਨਜਿੰਦਰ ਸਿੰਘ ਆਪਣੇ ਪਰਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਸ ਦੇ ਸਦੀਵੀ ਵਿਛੋੜੇ ਮਗਰੋਂ ਪਰਵਾਰ ਦੁੱਖ ਦੇ ਸਮੁੰਦਰ ਵਿਚ ਡੁੱਬ ਗਿਆ ਹੈ। ਮਨਜਿੰਦਰ ਸਿੰਘ ਦੇ ਦੋਸਤ ਹਰਪ੍ਰੀਤ ਸਿੰਘ ਵੱਲੋਂ ਪਰਵਾਰ ਦੀ ਆਰਥਿਕ ਸਹਾਇਤਾ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਇਕ ਨੇਕਦਿਲ ਇਨਸਾਨ ਸੀ ਜਿਸ ਦੇ ਅਕਾਲ ਚਲਾਣੇ ਮਗਰੋਂ ਉਸ ਦੀ ਪਤਨੀ ਅਤੇ ਬੱਚੀ ਦਾ ਭਵਿੱਖ ਵੱਡੀਆਂ ਚੁਣੌਤੀਆਂ ਵਿਚ ਘਿਰ ਗਿਆ ਹੈ।