ਅਮਰੀਕਾ ਵਿਚ ਹੌਲਨਾਕ ਹਾਦਸਾ, ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਅਮਰੀਕਾ ਵਿਚ ਵਾਪਰੇ ਰੂਹ ਕੰਬਾਊ ਸੜਕ ਹਾਦਸੇ ਦੌਰਾਨ 21 ਸਾਲਾ ਟਰੱਕ ਡਰਾਈਵਰ ਗੁਰਪ੍ਰਤਾਪ ਸਿੰਘ ਖਰੌੜ ਦੀ ਮੌਤ ਹੋ ਗਈ

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਵਾਪਰੇ ਰੂਹ ਕੰਬਾਊ ਸੜਕ ਹਾਦਸੇ ਦੌਰਾਨ 21 ਸਾਲਾ ਟਰੱਕ ਡਰਾਈਵਰ ਗੁਰਪ੍ਰਤਾਪ ਸਿੰਘ ਖਰੌੜ ਦੀ ਮੌਤ ਹੋ ਗਈ। ਗੁਰਪ੍ਰਤਾਪ ਦੇ ਭਰਾ ਕਰਮਜੋਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਸੁਨਹਿਰੀ ਭਵਿੱਖ ਦੀ ਭਾਲ ਵਿਚ ਦਸੰਬਰ 2021 ਵਿਚ ਅਮਰੀਕਾ ਆਏ ਸਨ। ਵਰਕ ਪਰਮਿਟ ਮਿਲਣ ਮਗਰੋਂ ਗੁਰਪ੍ਰਤਾਪ ਸਿੰਘ ਨੇ ਟ੍ਰਕਿੰਗ ਸੈਕਟਰ ਵਿਚ ਜਾਣ ਦਾ ਮਨ ਬਣਾਇਆ ਅਤੇ ਸਿਖਲਾਈ ਲੈਣ ਲੱਗਾ। ਇਸੇ ਦੌਰਾਨ ਉਸ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਹਾਸਲ ਕਰਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ।
ਕੈਲੇਫ਼ੋਰਨੀਆ ਵਿਚ ਪਲਟਿਆ ਗੁਰਪ੍ਰਤਾਪ ਸਿੰਘ ਖਰੌੜ ਦਾ ਟਰੱਕ
ਪਿਛਲੇ ਦਿਨੀਂ ਉਹ ਡੈਲਸ ਤੋਂ ਕੈਲੇਫੋਰਨੀਆ ਵਾਪਸ ਆ ਰਿਹਾ ਸੀ ਜਦੋਂ ਹਾਈਵੇਅ 58 ’ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਗੁਰਪ੍ਰਤਾਪ ਸਿੰਘ ਜ਼ਖਮਾਂ ਦੀ ਤਾਬ ਨਾਲ ਝਲਦਾ ਹੋਇਆ ਦਮ ਤੋੜ ਗਿਆ। ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਦੱਸਿਆ ਕਿ ਹਾਦਸੇ ਵਿਚ ਕੋਈ ਹੋਰ ਵ੍ਹੀਕਲ ਸ਼ਾਮਲ ਨਹੀਂ ਸੀ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਕਰਮਜੋਤ ਸਿੰਘ ਵੱਲੋਂ ਗੁਰਪ੍ਰਤਾਪ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫੋਰਸਮੈਂਟ ਦੀ ਹਿਰਾਸਤ ਵਿਚ ਮੌਜੂਦ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਆਪਣੀ ਰਿਹਾਈ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ। 21 ਸਾਲ ਦਾ ਸਿਮਰਨਪ੍ਰੀਤ ਸਿੰਘ ਇਨ੍ਹਾਂ ਵਿਚੋਂ ਇਕ ਹੈ ਜਿਸ ਨੂੰ ਓਕਲਾਹੋਮਾ ਸੂਬੇ ਵਿਚ ਨਾਕੇ ਦੌਰਾਨ ਕਾਬੂ ਕੀਤਾ ਗਿਆ।
ਆਈਸ ਵੱਲੋਂ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਮੰਗ ਰਹੇ ਆਰਥਿਕ ਸਹਾਇਤਾ
ਇੰਟਰਸਟੇਟ 40 ’ਤੇ ਆਈਸ ਵਾਲਿਆਂ ਨੇ ਉਸ ਦਾ ਟਰੱਕ ਰੋਕਿਆ ਅਤੇ ਸਾਰੇ ਕਾਗਜ਼ ਮੌਜੂਦ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਟੈਕਸ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਭੇਜ ਦਿਤਾ ਗਿਆ। ਸਿਮਰਨਪ੍ਰੀਤ ਦੇ ਸਾਥੀਆਂ ਮੁਤਾਬਕ ਉਸ ਨੂੰ ਇਕ ਮਹੀਨੇ ਦੇ ਅੰਦਰ ਡਿਪੋਰਟ ਕਰਨ ਬਾਰੇ ਆਖਿਆ ਗਿਆ ਹੈ। ਇੰਡਿਆਨਾਪੌਲਿਸ ਦੇ ਜਸਪ੍ਰੀਤ ਸਿੰਘ ਮੁਤਾਬਕ ਸਿਮਰਨਪ੍ਰੀਤ ਨੂੰ ਅਮਰੀਕਾ ਭੇਜਣ ਲਈ ਉਸ ਦੇ ਮਾਪਿਆਂ ਨੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਅਤੇ ਹੁਣ ਗ੍ਰਿਫ਼ਤਾਰੀ ਮਗਰੋਂ ਉਸ ਦੇ ਅਮਰੀਕਾ ਵਿਚ ਰਹਿਣ ਦੇ ਆਸਾਰ ਖ਼ਤਮ ਹੋ ਚੁੱਕੇ ਹਨ। ਦੂਜੇ ਪਾਸੇ ਆਪਣਾ ਸਭ ਕੁਝ ਵੇਚ ਵੱਟ ਕੇ ਅਮਰੀਕਾ ਪੁੱਜਾ ਦਲਵੀਰ ਸਿੰਘ ਵੀ ਆਈਸ ਦੇ ਅੜਿੱਕੇ ਆ ਗਿਆ ਅਤੇ ਉਸ ਦੇ ਸਾਥੀ ਅਦਾਲਤੀ ਲੜਾਈ ਰਾਹੀਂ ਉਸ ਨੂੰ ਰਿਹਾਅ ਕਰਵਾਉਣ ਦੇ ਯਤਨ ਕਰ ਰਹੇ ਹਨ।


