ਹਿੰਦੂ ਔਰਤ ਨੇ ਘੇਰ ਲਿਆ ਅਮਰੀਕਾ ਦਾ ਉਪ ਰਾਸ਼ਟਰਪਤੀ
ਹਿੰਦੂ ਪਤਨੀ ਨੂੰ ਈਸਾਈ ਬਣਾਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਕਸੂਤੇ ਘਿਰ ਗਏ ਜਦੋਂ ਮਿਸੀਸਿਪੀ ਯੂਨੀਵਰਸਿਟੀ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਦਾ ਟਾਕਰਾ ਇਕ ਭਾਰਤੀ ਔਰਤ ਨਾਲ ਹੋ ਗਿਆ

By : Upjit Singh
ਔਕਸਫੋਰਡ : ਹਿੰਦੂ ਪਤਨੀ ਨੂੰ ਈਸਾਈ ਬਣਾਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਕਸੂਤੇ ਘਿਰ ਗਏ ਜਦੋਂ ਮਿਸੀਸਿਪੀ ਯੂਨੀਵਰਸਿਟੀ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਦਾ ਟਾਕਰਾ ਇਕ ਭਾਰਤੀ ਔਰਤ ਨਾਲ ਹੋ ਗਿਆ। ਭਾਰਤੀ ਔਰਤ ਨੇ ਭਰੇ ਸਮਾਗਮ ਵਿਚ ਕਿਹਾ ਕਿ ਤੁਹਾਡਾ ਵਿਆਹ ਇਕ ਅਜਿਹੀ ਔਰਤ ਨਾਲ ਹੋਇਆ ਹੈ ਜੋ ਈਸਾਈ ਨਹੀਂ ਅਤੇ ਹਿੰਦੂ ਮਾਪਿਆਂ ਦੀ ਔਲਾਦ ਹੈ ਤਾਂ ਇੰਮੀਗ੍ਰੇਸ਼ਨ ’ਤੇ ਐਨਾ ਇਤਰਾਜ਼ ਕਿਉਂ? ਪਹਿਲਾ ਸਵਾਲ ਸੁਣਦਿਆਂ ਹੀ ਜੇ.ਡੀ. ਵੈਂਸ ਦਾ ਰੰਗ ਉਡ ਗਿਆ ਅਤੇ ਉਹ ਸਰੋਤਿਆਂ ਵਿਚ ਬੈਠੀ ਆਪਣੀ ਪਤਨੀ ਊਸ਼ਾ ਵੈਂਸ ਵੱਲ ਦੇਖਣ ਲੱਗੇ। ਉਪ ਰਾਸ਼ਟਰਪਤੀ ਨੇ ਜਵਾਬ ਦੇਣਾ ਸ਼ੁਰੂ ਹੀ ਕੀਤਾ ਸੀ ਕਿ ਔਰਤ ਨੇ ਵਿਚਾਲੇ ਟੋਕਦਿਆਂ ਟਰੰਪ ਸਰਕਾਰ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਦੀ ਨਿਖੇਧੀ ਕਰਨੀ ਸ਼ੁਰੂ ਕਰ ਦਿਤੀ।
ਇੰਮੀਗ੍ਰੇਸ਼ਨ ਅਤੇ ਧਰਮ ਬਾਰੇ ਕੀਤੇ ਤਿੱਖੇ ਸਵਾਲ
ਇਸ ਮਗਰੋਂ ਜੇ.ਡੀ. ਵੈਂਸ ਨੇ ਮਖੌਲੀਆ ਅੰਦਾਜ਼ ਵਿਚ ਕਿਹਾ, ‘‘ਮੈਨੂੰ ਆਪਣਾ ਜਵਾਬ ਖ਼ਤਮ ਕਰਨ ਦਿਉ, ਜੇ ਮੈਂ ਤੁਹਾਡੇ ਸਾਰੇ 9 ਸਵਾਲਾਂ ਦੇ ਜਵਾਬ 15 ਮਿੰਟ ਤੋਂ ਘੱਟ ਸਮੇਂ ਵਿਚ ਦਿਤੇ ਤਾਂ ਇਹ ਸਿਲਸਿਲਾ ਜਾਰੀ ਰਹੇਗਾ।’’ ਇੰਮੀਗ੍ਰੇਸ਼ਨ ਦੇ ਮੁੱਦੇ ਤੋਂ ਬਾਅਦ ਜੇ.ਡੀ. ਵੈਂਸ ਆਪਣੀ ਪਤਨੀ ਦੇ ਧਰਮ ਵਾਲੇ ਸਵਾਲ ’ਤੇ ਆਏ ਅਤੇ ਮੰਨਿਆ ਕਿ ਉਨ੍ਹਾਂ ਦੀ ਪਤਨੀ ਦੀ ਪਰਵਰਿਸ਼ ਇਕ ਹਿੰਦੂ ਪਰਵਾਰ ਵਿਚ ਹੋਈ ਹੈ ਪਰ ਉਹ ਧਰਮ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ। ਕਾਲਜ ਵਿਚ ਪਹਿਲੀ ਮੁਲਾਕਾਤ ਵੇਲੇ ਅਸੀਂ ਦੋਵੇਂ ਨਾਸਤਿਕ ਸੀ ਪਰ 2019 ਵਿਚ ਉਨ੍ਹਾਂ ਨੇ ਕੈਥੋਲਿਕ ਧਰਮ ਅਪਣਾਅ ਜਦਕਿ ਪਤਨੀ ਊਸ਼ਾ ਨੇ ਅਜਿਹਾ ਨਾ ਕੀਤਾ। ਆਪਣੇ ਤਿੰਨੋ ਬੱਚਿਆਂ ਦੀ ਪਰਵਰਿਸ਼ ਈਸਾਈ ਧਰਮ ਮੁਤਾਬਕ ਕਰ ਰਹੇ ਹਨ। ਊਸ਼ਾ ਅਕਸਰ ਹੀ ਐਤਵਾਰ ਨੂੰ ਸਾਡੇ ਨਾਲ ਚਰਚ ਜਾਂਦੀ ਹੈ। ਇਥੇ ਦਸਣਾ ਬਣਦਾ ਹੈ ਕਿ ਜੇ.ਡੀ. ਵੈਂਸ ਦੀ ਉਹ ਟਿੱਪਣੀ ਵਿਵਾਦਾਂ ਵਿਚ ਘਿਰ ਗਈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਈਸਾਈ ਬਣਾਉਣਾ ਚਾਹੁੰਦੇ ਹਨ।
ਊਸ਼ਾ ਵੈਂਸ ਦਾ ਧਰਮ ਤਬਦੀਲ ਕਰਵਾਉਣ ਤੋਂ ਪਿੱਛੇ ਹਟੇ ਜੇ.ਡੀ. ਵੈਂਸ
ਅਮਰੀਕਾ ਵਿਚ ਵਸਦੇ ਹਿੰਦੂਆਂ ਨੇ ਉਪ ਰਾਸ਼ਟਰਪਤੀ ਦੀ ਟਿੱਪਣੀ ਨੂੰ ਕਰੜੇ ਹੱਥੀਂ ਲਿਆ ਅਤੇ ਵਿਵਾਦ ਵਧਣ ਲੱਗਾ ਤਾਂ ਜੇ.ਡੀ. ਵੈਂਸ ਨੂੰ ਸਫ਼ਾਈ ਪੇਸ਼ ਕਰਨੀ ਪਈ ਕਿ ਊਸ਼ਾ ਵੈਂਸ ਧਰਮ ਤਬਦੀਲ ਕਰਨ ਬਾਰੇ ਨਹੀਂ ਸੋਚ ਰਹੀ। ਸੋਸ਼ਲ ਮੀਡੀਆ ’ਤੇ ਉਪ ਰਾਸ਼ਟਰਪਤੀ ਨੂੰ ਨਿੰਦਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਪਤਨੀ ਦੇ ਧਰਮ ਦੀ ਜਨਤਕ ਤੌਰ ’ਤੇ ਹੇਠੀ ਕਰਨੀ ਘਟੀਆ ਸੋਚ ਦੀ ਨਿਸ਼ਾਨੀ ਹੈ। ਜੇ.ਡੀ. ਵੈਂਸ ਨੇ ਟਿੱਪਣੀਆਂ ਦ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਵਾਲ ਅੰਤਰ ਧਰਮ ਯਾਨੀ ਇੰਟਰਫੇਥ ਵਿਆਹ ਬਾਰੇ ਸੀ ਅਤੇ ਜਨਤਕ ਸ਼ਖਸੀਅਤ ਹੋਣ ਕਰ ਕੇ ਅਜਿਹੇ ਸਵਾਲ ਟਾਲੇ ਨਹੀਂ ਜਾ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਈਸਾਈ ਧਰਮ ਤੋਂ ਤਾਕਤ ਮਿਲੀ ਹੈ ਅਤੇ ਊਸ਼ਾ ਨੇ ਹੀ ਉਨ੍ਹਾਂ ਨੂੰ ਧਰਮ ਵੱਲ ਪਰਤਣ ਲਈ ਪ੍ਰੇਰਿਤ ਕੀਤਾ। ਵੈਂਸ ਦਾ ਕਹਿਣਾ ਸੀ ਕਿ ਇਸ ਮੁੱਦੇ ’ਤੇ ਹੋ ਰਹੀ ਨੁਕਤਾਚੀਨੀ ਅਸਲ ਵਿਚ ਈਸਾਈ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ।


