ਅਮਰੀਕਾ ਵਿਚ ਹੈਲੀਕਾਪਟਰ ਹੋਇਆ ਕਰੈਸ਼
ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਲੇਕ ਸੇਂਟ ਕਲੇਅਰ ਨੇੜੇ ਇਕ ਹੈਲੀਕਾਪਟਰ ਕਰੈਸ਼ ਹੋ ਗਿਆ

By : Upjit Singh
ਮਿਸ਼ੀਗਨ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਲੇਕ ਸੇਂਟ ਕਲੇਅਰ ਨੇੜੇ ਇਕ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਲਾਲ ਰੰਗ ਦਾ ਹੈਲੀਕਾਪਟਰ ਉਡਾਣ ਭਰਨ ਦਾ ਯਤਨ ਕਰਦਾ ਹੈ ਪਰ ਅਚਾਨਕ ਧਰਤੀ ਨਾਲ ਟਕਰਾਅ ਜਾਂਦਾ ਹੈ ਅਤੇ ਔਰਤਾਂ ਦੀਆਂ ਚੀਕਾਂ ਸਾਫ਼ ਸੁਣੀਆਂ ਜਾ ਸਕਦੀਆਂ ਹਨ। ਕਲੇਅ ਟਾਊਨਸ਼ਿਪ ਪੁਲਿਸ ਨੇ ਦੱਸਿਆ ਕਿ ਨਿਜੀ ਮਾਲਕੀ ਵਾਲੇ ਹੈਲੀਕਾਪਟਰ ਨਾਲ ਵਾਪਰੇ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਕੁਝ ਮਹੀਨੇ ਪਹਿਲਾਂ ਨਿਊ ਯਾਰਕ ਵਿਖੇ ਹੈਲੀਕਾਪਟਰ ਕਰੈਸ਼ ਦੌਰਾਨ ਸਪੇਨ ਤੋਂ ਛੁੱਟੀਆਂ ਮਨਾਉਣ ਆਇਆ ਪੰਜ ਜੀਆਂ ਵਾਲਾ ਪਰਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ ਸੀ।
ਮਿਸ਼ੀਗਨ ਦੀ ਲੇਕ ਸੇਂਟ ਕਲੇਅਰ ਵਿਚ ਵਾਪਰਿਆ ਹਾਦਸਾ
ਮਿਸ਼ੀਗਨ ਵਾਲੇ ਹਾਦਸੇ ਦੌਰਾਨ ਹੈਲੀਕਾਪਟਰ ਦੇ ਕਰੈਸ਼ ਹੋਣ ਮਗਰੋਂ ਇਸ ਦੇ ਰੋਟਰ ਬਲੇਡ ਆਲੇ ਦੁਆਲੇ ਮੌਜੂਦ ਲੋਕਾਂ ਦੀ ਜਾਨ ਦਾ ਖੌਅ ਬਣ ਸਕਦੇ ਹਨ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਾ ਹੋਇਆ। ਉਧਰ ਉਨਟਾਰੀਓ ਦੇ ਹੈਮਿਲਟਨ ਵਿਖੇ ਇਕ ਤੇਜ਼ ਰਫ਼ਤਾਰ ਗੱਡੀ ਦੇ ਬੇਕਾਬੂ ਹੋ ਦੇ ਕੰਧ ਵਿਚ ਵੱਜਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਦੇ ਕੋਲੀਜ਼ਨ ਰੀਕੰਸ਼ਟਕਸ਼ਨ ਯੂਨਿਟ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਐਤਵਾਰ ਸਵੇਰੇ ਵਾਪਰੇ ਹਾਦਸੇ ਦੀ ਡੈਸ਼ਕੈਮ ਫੁਟੇਜ ਜਾਂ ਸਰਵੇਲੈਂਸ ਵੀਡੀਓ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।


