ਅਮਰੀਕਾ ਪੰਜਾਬੀ ਅੱਲ੍ਹੜ ਨਾਲ ਦਿਲ ਕੰਬਾਊ ਹਾਦਸਾ
ਅਮਰੀਕਾ ਵਿਚ 17 ਸਾਲ ਦੇ ਪੰਜਾਬੀ ਮੁੰਡੇ ਦੀ ਹੌਲਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਸ ਦੀ ਸ਼ਨਾਖਤ ਸਾਜਨਦੀਪ ਸਿੰਘ ਵਜੋਂ ਕੀਤੀ ਗਈ ਹੈ।

By : Upjit Singh
ਨਿਊ ਯਾਰਕ : ਅਮਰੀਕਾ ਵਿਚ 17 ਸਾਲ ਦੇ ਪੰਜਾਬੀ ਮੁੰਡੇ ਦੀ ਹੌਲਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਸ ਦੀ ਸ਼ਨਾਖਤ ਸਾਜਨਦੀਪ ਸਿੰਘ ਵਜੋਂ ਕੀਤੀ ਗਈ ਹੈ। ਓਹਾਇਓ ਦੀ ਬਟਲਰ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ 17 ਸਾਲ ਦਾ ਅੱਲ੍ਹੜ ਹੌਂਡਾ ਸਿਵਿਕ ਵਿਚ ਜਾ ਰਿਹਾ ਸੀ ਜਦੋਂ ਇਸ ਦੀ ਟੱਕਰ ਫੌਰਡ ਟ੍ਰਾਂਜ਼ਿਟ ਵੈਨ ਨਾਲ ਹੋ ਗਈ। ਪੁਲਿਸ ਵੱਲੋਂ ਅੱਲ੍ਹੜ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਨਾਜ਼ੁਕ ਹਾਲਤ ਵਿਚ ਯੂਨੀਵਰਸਿਟੀ ਆਫ਼ ਸਿਨਸਿਨਾਟੀ ਦੇ ਵੈਸਟ ਚੈਸਟਰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਦੂਜੇ ਪਾਸੇ ਫੌਰਡ ਟ੍ਰਾਂਜ਼ਿਟ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਵੱਜਣ ਦੀ ਰਿਪੋਰਟ ਹੈ।
ਹਾਦਸੇ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ
ਉਧਰ ਸਾਜਨਦੀਪ ਸਿੰਘ ਦੀ ਭੈਣ ਸਾਂਝਦੀਪ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਦਾ ਭਰਾ ਬੁਰੀ ਤਰ੍ਹਾਂ ਝੁਲਸ ਗਿਆ।। ਸਾਂਝਦੀਪ ਕੌਰ ਵੱਲੋਂ ਆਪਣੇ ਇਕੋ ਇਕ ਭਰਾ ਦੇ ਅੰਤਮ ਸਸਕਾਰ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ 21 ਸਾਲ ਦੀ ਖੁਸ਼ਮੀਤ ਕੌਰ ਮਾਹਲ ਕਾਰ ਵਿਚ ਅੱਗ ਲੱਗਣ ਕਾਰਨ ਜਿਊਂਦੀ ਸੜ ਗਈ ਸੀ। ਖੁਸ਼ਮੀਤ ਕੌਰ ਨਾਲ ਸਬੰਧਤ ਹਾਦਸਾ 9 ਮਈ ਨੂੰ ਵਾਪਰਿਆ ਜਦੋਂ ਉਸ ਦੀ ਬੀ.ਐਮ.ਡਬਲਿਊ. ਬੇਕਾਬੂ ਹੋ ਕੇ ਹਵਾ ਵਿਚ ਉਛਲੀ ਅਤੇ ਸਿਟੀ ਵਰਕ ਯਾਰਡ ਵਿਚ ਜਾ ਡਿੱਗੀ। ਇਸ ਮਗਰੋਂ ਕਾਰ ਵਿਚ ਅੱਗ ਲੱਗ ਗਈ ਅਤੇ ਖੁਸ਼ਮੀਤ ਕੌਰ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ। ਇਸੇ ਦੌਰਾਨ ਫਲੋਰੀਡਾ ਦੇ ਜੈਕਸਨਵਿਲ ਇੰਟਰਨੈਸ਼ਨਲ ਏਅਰਪੋਰਟ ਦੀ ਕਾਰ ਪਾਰਕਿੰਗ ਵਿਚ ਅੱਗ ਲੱਗ ਗਈ ਅਤੇ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪਿਆ।
ਸਾਜਨਦੀਪ ਸਿੰਘ ਵਜੋਂ ਕੀਤੀ ਗਈ ਸ਼ਨਾਖਤ
ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਫਲਾਈਟਸ ਵੀ ਪ੍ਰਭਾਵਤ ਹੋਈਆਂ ਅਤੇ ਮੁਸਾਫ਼ਰ ਬੇਹੱਦ ਡਰੇ ਹੋਏ ਨਜ਼ਰ ਆ ਰਹੇ ਸਨ। ਅੱਗ ਦਾ ਅਸਰ ਪਾਰਕਿੰਗ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਦੋਵੇਂ ਲਾਂਘਿਆਂ ’ਤੇ ਹੋਇਆ। ਮੌਕੇ ’ਤੇ ਮੌਜੂਦ ਇਕ ਮੁਸਾਫ਼ਰ ਨੇ ਕਿਹਾ ਕਿ ਉਸ ਨੂੰ ਆਪਣੀ ਕਾਰ ਹਾਸਲ ਕਰਨ ਵਿਚ ਘੱਟੋ ਘੱਟ ਦੋ-ਤਿੰਨ ਦਿਨ ਦਾ ਸਮਾਂ ਲੱਗੇਗਾ। ਹਾਲਾਤ ਦੇ ਮੱਦੇਨਜ਼ਰ ਏਅਰਪੋਰਟ ਅਧਿਕਾਰੀਆਂ ਵੱਲੋਂ ਟੈਕਸੀਆਂ ਦੇ ਰੁਕਣ ਵਾਸਤੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਕਾਰ ਪਾਰਕਿੰਗ ਦੀ ਮੁਰੰਮਤ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ।


