ਅਮਰੀਕਾ ’ਚ ਦਿਲ ਕੰਬਾਊ ਹਾਦਸੇ, 3 ਪੰਜਾਬੀਆਂ ਦੀ ਮੌਤ
ਅਮਰੀਕਾ ਵਿਚ ਵਾਪਰੇ ਦਿਲ ਕੰਬਾਊ ਸੜਕ ਹਾਦਸਿਆਂ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਜਦਕਿ 4 ਸਾਲ ਅਤੇ 8 ਸਾਲ ਦੇ ਬੱਚੇ ਗੰਭੀਰ ਜ਼ਖਮੀ ਹੋ ਗਏ।

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਵਾਪਰੇ ਦਿਲ ਕੰਬਾਊ ਸੜਕ ਹਾਦਸਿਆਂ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਜਦਕਿ 4 ਸਾਲ ਅਤੇ 8 ਸਾਲ ਦੇ ਬੱਚੇ ਗੰਭੀਰ ਜ਼ਖਮੀ ਹੋ ਗਏ। ਪਹਿਲਾ ਹਾਦਸਾ ਕੈਲੇਫੋਰਨੀਆ ਦੀ ਯੂਬਾ ਕਾਊਂਟੀ ਵਿਚ ਵਾਪਰਿਆ ਜਿਥੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਹਾਈਵੇਅ 70 ’ਤੇ ਜਾ ਰਹੇ ਪੁਨੀਤ ਸਿੰਘ ਸੋਹੀ ਦੀ ਗੱਡੀ ਨੂੰ ਇਕ ਬੇਕਾਬੂ ਗੱਡੀ ਨੇ ਟੱਕਰ ਮਾਰ ਦਿਤੀ। ਕੈਲੇਫੋਰਨੀਆ ਹਾਈਵੇਅ ਪੈਟਰੌਲ ਦੇ ਅਫ਼ਸਰਾਂ ਨੇ ਦੱਸਿਆ ਕਿ ਹਾਦਸਾ ਮੈਰੀਜ਼ਵਿਲ ਦੇ ਉਤਰ ਵੱਲ ਬੌਯਰ ਰੋਡ ਨੇੜੇ ਵਾਪਰਿਆ ਜਿਥੇ ਸਾਊਥ ਵੱਲ ਜਾ ਰਹੀ ਇਕ ਟੌਯੋਟਾ ਕੈਮਰੀ ਬੇਕਾਬੂ ਹੋ ਕੇ ਨੌਰਥ ਵੱਲ ਜਾ ਰਹੀਆਂ ਲੇਨਜ਼ ਵਿਚ ਦਾਖਲ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਹੌਂਡਾ ਸੀ.ਆਰ.ਵੀ. ਨੂੰ ਟੱਕਰ ਮਾਰ ਦਿਤੀ।
ਯੂਬਾ ਕਾਊਂਟੀ ਵਿਚ ਪੁਨੀਤ ਸੋਹੀ ਅਤੇ ਪਤਨੀ ਨੇ ਦਮ ਤੋੜਿਆ
ਹੌਂਡਾ ਵਿਚ ਸਵਾਰ 41 ਸਾਲ ਦੇ ਪੁਨੀਤ ਸਿੰਘ ਸੋਹੀ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ 34 ਸਾਲ ਦੀ ਵੀਨੂ ਸੋਹੀ ਨੇ ਹਸਪਤਾਲ ਵਿਚ ਆਖਰੀ ਸਾਹ ਲਏ। ਪੰਜਾਬੀ ਜੋੜੇ ਦੇ ਬੱਚਿਆਂ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਟੌਯੋਟਾ ਵਿਚ ਸਵਾਰ 18 ਸਾਲ ਦੇ ਮੁੰਡਾ-ਕੁੜੀ ਨੂੰ ਵੀ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਇਥੇ ਦਸਣਾ ਬਣਦਾ ਹੈ ਕਿ ਪੁਨੀਤ ਸਿੰਘ ਸੋਹੀ ਆਪਣੇ ਪਰਵਾਰ ਨਾਲ ਕੈਲੇਫੋਰਨੀਆ ਦੇ ਰੋਜ਼ਵਿਲ ਵਿਖੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਪਿਤਾ ਡਾ. ਬੀ.ਐਸ. ਸੋਹੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਚ ਪ੍ਰੋਫੈਸਰ ਰਹਿ ਚੁੱਕੇ ਹਨ। ਡਾ. ਬੀ.ਐਸ. ਸੋਹੀ ਨੇ ਬਤੌਰ ਅਧਿਆਪਕ ਹਜ਼ਾਰਾਂ ਵਿਦਿਆਰਥੀਆਂ ਨੂੰ ਸੇਧ ਦਿਤੀ ਅਤੇ ਉਨ੍ਹਾਂ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿਤੀ। ਇਸ ਦੁਖ ਦੀ ਘੜੀ ਦੌਰਾਨ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਡਾ. ਬੀ.ਐਸ. ਸੋਹੀ ਦੇ ਵਿਦਿਆਰਥੀਆਂ ਅਤੇ ਦੋਸਤਾਂ ਵੱਲੋਂ ਸੋਗ ਸੁਨੇਹੇ ਭੇਜੇ ਜਾ ਰਹੇ ਹਨ। ਉਧਰ, ਕੈਲੇਫੋਰਨੀਆ ਵਿਚ ਹੀ ਵਾਪਰੇ ਇਕ ਹੋਰ ਹਾਦਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਗਲੋਟੀ ਨਾਲ ਸਬੰਧਤ ਗੁਰਜੰਟ ਸਿੰਘ ਸਦੀਵੀ ਵਿਛੋੜਾ ਦੇ ਗਿਆ।
ਛੋਟੇ-ਛੋਟੇ ਬੱਚੇ ਰਹਿ ਗਏ ਵਿਲਕਦੇ
ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਤਕਰੀਬਨ ਪੰਜ ਸਾਲ ਪਹਿਲਾਂ ਅਮਰੀਕਾ ਪੁੱਜਾ ਅਤੇ ਇਕ ਸਟੋਰ ’ਤੇ ਕੰਮ ਕਰਦਾ ਸੀ। ਗੁਰਜੰਟ ਸਿੰਘ ਦੇ ਭਰਾ ਗੁਰਮੁਖ ਸਿੰਘ ਮੁਤਾਬਕ ਬੀਤੇ ਦਿਨੀ ਕੰਮ ਤੋਂ ਘਰ ਪਰਤਦਿਆਂ ਗੁਰਜੰਟ ਦੀ ਕਾਰ ਹਾਦਸਾਗ੍ਰਸਤ ਹੋ ਕੇ ਪਲਟ ਗਈ। ਗੁਰਜੰਟ ਸਿੰਘ ਗੱਡੀ ਵਿਚੋਂ ਬਾਹਰ ਨਾ ਨਿਕਲ ਸਕਿਆ ਅਤੇ ਦਮ ਤੋੜ ਦਿਤਾ। ਗੁਰਜੰਟ ਸਿੰਘ ਦੇ ਸਾਥੀਆਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਧਰ ਧਰਮਕੋਟ ਹਲਕੇ ਤੋਂ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਅਤੇ ਹੋਰਨਾਂ ਵੱਲੋਂ ਗੁਰਜੰਟ ਸਿੰਘ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।


