ਫਰਾਂਸ ਅਤੇ ਜਰਮਨੀ ਵੱਲੋਂ ਟਰੰਪ ਨੂੰ ਚਿਤਾਵਨੀ
ਡੌਨਲਡ ਟਰੰਪ ਵੱਲੋਂ ਗਰੀਨਲੈਂਡ ’ਤੇ ਕਬਜ਼ਾ ਕਰਨ ਦੀਆਂ ਧਮਕੀਆਂ ਤੋਂ ਫਰਾਂਸ ਅਤੇ ਜਰਮਨੀ ਗੁੱਸੇ ਵਿਚ ਹਨ ਅਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿਤੀ ਹੈ।
By : Upjit Singh
ਪੈਰਿਸ : ਡੌਨਲਡ ਟਰੰਪ ਵੱਲੋਂ ਗਰੀਨਲੈਂਡ ’ਤੇ ਕਬਜ਼ਾ ਕਰਨ ਦੀਆਂ ਧਮਕੀਆਂ ਤੋਂ ਫਰਾਂਸ ਅਤੇ ਜਰਮਨੀ ਗੁੱਸੇ ਵਿਚ ਹਨ ਅਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿਤੀ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੁਲਕ ਨੂੰ ਯੂਰਪੀ ਯੂਨੀਅਨ ਦੀਆਂ ਸਰਹੱਦਾਂ ’ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰਟ ਨੇ ਕਿਹਾ ਕਿ ਗਰੀਨਲੈਂਡ ਯੂਰਪੀ ਯੂਨੀਅਨ ਦਾ ਇਲਾਕਾ ਹੈ ਅਤੇ ਸਿੱਧੇ ਤੌਰ ’ਤੇ ਡੈਨਮਾਰਕ ਰਾਹੀਂ ਯੂਰਪੀ ਯੂਨੀਅਨ ਨਾਲ ਜੁੜਿਆ ਹੋਇਆ ਹੈ।
ਯੂਰਪੀ ਯੂਨੀਅਨ ਵੱਲ ਝਾਕਿਆ ਤਾਂ ਨਤੀਜੇ ਮਾੜੇ ਹੋਣਗੇ
ਬੈਰਟ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਨਹੀਂ ਆਉਂਦਾ ਕਿ ਟਰੰਪ ਗਰੀਨਲੈਂਡ ’ਤੇ ਕਾਬਜ਼ ਹੋਣ ਲਈ ਹਮਲਾ ਕਰ ਸਕਦੇ ਹਨ ਪਰ ਇਹ ਗੱਲ ਦੀ ਸੋਲਾਂ ਆਨੇ ਸੱਚ ਹੈਕਿ ਹੁਣ ਅਸੀਂ ਉਸ ਦੌਰ ਵਿਚ ਦਾਖਲ ਹੋ ਰਹੇ ਹਨ ਜਿਥੇ ਸਿਰਫ਼ ਤਾਕਤਵਰ ਹੀ ਆਪਣੀ ਮਨਮਰਜ਼ੀ ਕਰ ਸਕਣਗੇ। ਇਸੇ ਦੌਰਾਨ ਡੈਨਮਾਰਕ ਦੇ ਵਿਦੇਸ਼ ਮੰਤਰੀ ਲੌਕੇਕੇ ਰਾਸਮੁਸੈਨ ਨੇ ਕਿਹਾ ਕਿ ਗਰੀਨਲੈਂਡ ਚਾਹੇ ਤਾਂ ਡੈਨਮਾਰਕ ਤੋਂ ਆਜ਼ਾਦ ਹੋ ਸਕਦਾ ਹੈ ਪਰ ਅਮਰੀਕਾ ਦਾ ਹਿੱਸਾ ਕਦੇ ਨਹੀਂ ਬਣ ਸਕੇਗਾ। ਰਾਸਮੁਸੈਨ ਵੱਲੋਂ ਡੈਨਮਾਰਕ ਦੀ ਰਾਜਧਾਨੀ ਵਿਚ ਕਿੰਗ ਨਾਲ ਵੀ ਇਸ ਮੁੱਦੇ ’ਤੇ ਗੱਲਬਾਤ ਕੀਤੀ ਗਈ।
ਗਰੀਨਲੈਂਡ ’ਤੇ ਕਾਬਜ਼ ਹੋਣ ਦੀ ਧਮਕੀ ਦੇ ਚੁੱਕੇ ਹਨ ਟਰੰਪ
ਉਨ੍ਹਾਂ ਮੰਨਿਆ ਕਿ ਆਰਕਟਿਕ ਖੇਤਰ ਵਿਚ ਰੂਸ ਅਤੇ ਚੀਨ ਦੀਆਂ ਸਰਗਰਮੀਆਂ ਵਧ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਅਮਰੀਕਾ ਦੀ ਸੁਰੱਖਿਆ ਚਿੰਤਾ ਜਾਇਜ਼ ਮਹਿਸੂਸ ਹੁੰਦੀ ਹੈ। ਉਧਰ ਜਰਮਨ ਸਰਕਾਰ ਦੇ ਬੁਲਾਰੇ ਸਟੀਫ਼ਨ ਹੈਬਸਟ੍ਰੇਟ ਨੇ ਟਰੰਪ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਹੱਦ ਨੂੰ ਨਾ ਕੋਈ ਜ਼ਬਰਦਸਤੀ ਖਤਮ ਕਰ ਸਕਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ। ਜਰਮਨੀ ਦੇ ਕਾਰਜਕਾਰੀ ਚਾਂਸਲਰ ਓਲਾਫ਼ ਸ਼ੋਲਜ਼ ਦਾ ਕਹਿਣਾ ਸੀ ਕਿ ਚਾਹੇ ਪੂਰਬ ਹੋਵੇ ਜਾਂ ਪੱਛਮ ਸਰਹੱਦਾਂ ਦਾ ਸਿਧਾਂਤ ਹਰ ਮੁਲਕ ’ਤੇ ਲਾਗੂ ਹੁੰਦਾ ਹੈ।