Begin typing your search above and press return to search.

ਗੋਰਿਆਂ ਦੇ ਦੇਸ਼ ਇੰਗਲੈਂਡ ’ਚ ਪੰਜਾਬਣ ਕੁੜੀ ਤੀਨੈਸਾ ਕੌਰ ਨੇ ਪਾਈ ਧੱਕ

ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਹਰ ਖੇਤਰ ਵਿਚ ਤਰੱਕੀਆਂ ਕੀਤੀਆਂ ਅਤੇ ਉਥੋਂ ਦੀਆਂ ਸਰਕਾਰਾਂ ਵਿਚ ਉਚ ਅਹੁਦੇ ਹਾਸਲ ਕਰਕੇ ਪੰਜਾਬ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਏ। ਅੱਜ ਅਸੀਂ ਅਜਿਹੀ ਇਕ ਪੰਜਾਬਣ ਕੁੜੀ ਦੀ ਦਾਸਤਾਨ ਤੁਹਾਨੂੰ ਦੱਸਣ ਜਾ ਰਹੇ ਆਂ,

ਗੋਰਿਆਂ ਦੇ ਦੇਸ਼ ਇੰਗਲੈਂਡ ’ਚ ਪੰਜਾਬਣ ਕੁੜੀ ਤੀਨੈਸਾ ਕੌਰ ਨੇ ਪਾਈ ਧੱਕ

Makhan shahBy : Makhan shah

  |  15 Jun 2024 10:54 AM GMT

  • whatsapp
  • Telegram
  • koo

ਲੰਡਨ : ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਹਰ ਖੇਤਰ ਵਿਚ ਤਰੱਕੀਆਂ ਕੀਤੀਆਂ ਅਤੇ ਉਥੋਂ ਦੀਆਂ ਸਰਕਾਰਾਂ ਵਿਚ ਉਚ ਅਹੁਦੇ ਹਾਸਲ ਕਰਕੇ ਪੰਜਾਬ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਏ। ਅੱਜ ਅਸੀਂ ਅਜਿਹੀ ਇਕ ਪੰਜਾਬਣ ਕੁੜੀ ਦੀ ਦਾਸਤਾਨ ਤੁਹਾਨੂੰ ਦੱਸਣ ਜਾ ਰਹੇ ਆਂ, ਜਿਸ ਨੂੰ ਕਿਸੇ ਸਮੇਂ ਘਰੋਂ ਕੱਢ ਦਿੱਤਾ ਗਿਆ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ, ਸੜਕਾਂ ’ਤੇ ਦਿਨ ਗੁਜ਼ਾਰੇ, ਗੁਰਦੁਆਰਿਆਂ ’ਚੋਂ ਲੰਗਰ ਖਾ ਕੇ ਢਿੱਡ ਭਰਿਆ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ ਪਰ ਅੱਜ ਉਸ ਪੰਜਾਬਣ ਕੁੜੀ ਨੂੰ ਇੰਗਲੈਂਡ ਵਿਚ ਇਕ ਵੱਕਾਰੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ ਏ, ਜਿਸ ਨਾਲ ਸਮੂਹ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੋ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਇਹ ਲੜਕੀ ਅਤੇ ਕੀ ਐ ਇਸ ਦੀ ਕਹਾਣੀ?

ਇੰਗਲੈਂਡ ਵਿਚ ਇਕ ਪੰਜਾਬਣੀ ਕੁੜੀ ਤੀਨੈਸਾ ਕੌਰ ਨੂੰ ਯੂਕੇ ਦੇ ਇਕ ਵੱਕਾਰੀ ਕਾਨੂੰਨੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ ਏ। ਤੀਨੈਸਾ ਕੌਰ ਨੂੰ ਯੰਗ ਪ੍ਰੋ ਬੋਨੋ ਬੈਰਿਸਟਰ ਆਫ਼ ਦਿ ਈਅਰ ਐਵਾਰਡ ਦਿੱਤਾ ਗਿਆ ਏ ਅਤੇ ਉਹ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਐ। 17 ਸਾਲ ਦੀ ਉਮਰ ਵਿਚ ਤੀਨੈਸਾ ਲੈਸਟਰ ਤੋਂ ਪੱਛਮੀ ਲੰਡਨ ਦੇ ਗ੍ਰੀਨਫੋਰਡ ਇਲਾਕੇ ਵਿਚ ਆ ਗਈ ਸੀ, ਉਹ ਬੇਘਰ ਸੀ ਪਰ ਯੂਕੇ ਦੇ ਸਿੱਖ ਭਾਈਚਾਰੇ ਦੀ ਬਦੌਲਤ ਉਹ ਸਕੂਲ ਜਾ ਸਕੀ ਅਤੇ ਇਹ ਵੱਕਾਰੀ ਮੁਕਾਮ ਹਾਸਲ ਕਰ ਸਕੀ।

ਸਿੱਖ ਧਰਮ ’ਤੇ ਭਰੋਸਾ ਰੱਖਣ ਵਾਲੀ ਤੀਨੈਸਾ ਨੇ ਵਕਾਲਤ ਦੀ ਪੜ੍ਹਾਈ ਕੀਤੀ ਅਤੇ ਆਪਣੇ ਵਿਹਲੇ ਸਮੇਂ ਵਿਚ ਸਮਾਜ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੱਤੀ। ਜਿਵੇਂ ਤੀਨੈਸਾ ਨੂੰ ਇਹ ਸਨਮਾਨ ਹਾਸਲ ਹੋਇਆ ਤਾਂ ਉਸ ਨੇ ਆਖਿਆ ਕਿ ਜ਼ਿੰਦਗੀ ਸੰਘਰਸ਼ ਅਤੇ ਕੁਦਰਤ ਵਿਚ ਉਸ ਦਾ ਵਿਸਵਾਸ਼ ਹੋਰ ਵਧ ਗਿਆ ਏ।

ਤੀਨੈਸਾ ਦੀ ਕਹਾਣੀ ਕਾਫ਼ੀ ਸੰਘਰਸ਼ ਭਰੀ ਐ। ਉਸ ਦੇ ਮੁਤਾਬਕ ਆਪਣੇ ਮਾਪਿਆਂ ਦੇ ਵੱਖ ਵੱਖ ਹੋਣ ਤੋਂ ਬਾਅਦ ਉਹ ਘਰੋਂ ਬੇਘਰ ਹੋ ਗਈ ਅਤੇ ਯੂਕੇ ਦੀਆਂ ਸਿੱਖ ਸੰਸਥਾਵਾਂ ਨੇ ਉਸ ਦੀ ਮਦਦ ਕੀਤੀ। ਉਹ ਪਹਿਲੀ ਸਿੱਖ ਔਰਤ ਐ, ਜਿਸ ਨੇ ਯੰਗ ਪ੍ਰੋ ਬੋਨੋ ਬੈਰਿਸਟਰ ਆਫ ਦਿ ਈਅਰ ਐਵਾਰਡ 2024 ਹਾਸਲ ਕੀਤਾ ਏ। ਤੀਨੈਸਾ ਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਦੇਸ਼ ਦਾ ਇੰਨਾ ਵੱਡਾ ਐਵਾਰਡ ਮਿਲੇਗਾ ਜੋ ਉਸ ਦੇ ਨਾਮ ਨੂੰ ਇਤਿਹਾਸ ਵਿਚ ਦਰਜ ਕਰਵਾ ਦੇਵੇਗਾ। ਤੀਨੈਸਾ ਦਾ ਕਹਿਣਾ ਏ ਕਿ ਇਕ ਸਿੱਖ ਮਹਿਲਾ ਹੋਣ ਦੇ ਨਾਤੇ ਇਹ ਪੁਰਸਕਾਰ ਜਿੱਤਣਾ ਉਸ ਦੇ ਲਈ ਬਹੁਤ ਮਾਣ ਵਾਲੀ ਗੱਲ ਐ।

ਆਪਣੇ ਪਰਿਵਾਰ ਬਾਰੇ ਦੱਸਦਿਆਂ ਤੀਨੈਸਾ ਨੇ ਆਖਿਆ ਕਿ ਉਸ ਦੀ ਇਕ ਦੱਖਣ ਏਸ਼ੀਆਈ ਪਰਿਵਾਰ ਵਿਚ ਔਖੀ ਪਰਵਰਿਸ਼ ਹੋਈ। ਉਸ ਦੇ ਮਾਪੇ ਵੱਖ ਵੱਖ ਰਹਿਣ ਲੱਗ ਪਏ ਸੀ। ਉਹ ਹਾਲੇ ਏ ਲੈਵਲਦੀ ਪੜ੍ਹਾਈ ਕਰ ਰਹੀ ਸੀ ਕਿ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਬੇਘਰ ਹੋਣ ਮਗਰੋਂ ਉਹ ਸੜਕਾਂ ’ਤੇ ਆ ਗਈ ਪਰ ਉਸ ਦਾ ਹੌਂਸਲਾ ਨਹੀਂ ਡੋਲਿਆ।

ਇਹ ਉਹ ਸਮਾਂ ਸੀ ਜਦੋਂ ਅਕਾਲ ਪੁਰਖ਼ ਪ੍ਰਮਾਤਮਾ ਵਿਚ ਉਸ ਦੇ ਵਿਸਵਾਸ਼ ਨੇ ਉਸ ਦੀ ਜ਼ਿੰਦਗੀ ਨੂੰ ਨਵੀਂ ਸੇਧ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਉਸ ਦੇ ਕੋਲ ਖਾਣ ਲਈ ਖਾਣਾ ਨਹੀਂ ਸੀ, ਉਹ ਗੁਰਦੁਆਰੇ ਜਾ ਕੇ ਲੰਗਰ ਛਕਦੀ ਸੀ। ਹੌਲੀ ਹੌਲੀ ਉਸ ਨੇ ਕੰਮ ਦਾ ਤਜ਼ਰਬਾ ਹਾਸਲ ਕਰ ਲਿਆ ਅਤੇ ਆਪਣੀ ਪ੍ਰੋਫਾਈਲ ਬਿਹਤਰ ਬਣਾ ਲਈ ਅਤੇ ਉਸ ਨੂੰ ਵਕਾਲਤ ਵਿਚ ਕਈ ਕੇਸ ਮਿਲਣੇ ਸ਼ੁਰੂ ਹੋ ਗਏ, ਜਿਸ ਤੋਂ ਉਸ ਨੂੰ ਕੁੱਝ ਪੈਸੇ ਵੀ ਆਉਣ ਲੱਗ ਪਏ।

ਤੀਨੈਸਾ ਨੇ ਇੰਗਲੈਂਡ ਦੇ ਸਿੱਖ ਭਾਈਚਾਰੇ ਦੇ ਲਈ ਕਾਫ਼ੀ ਸਾਲਾਂ ਤੱਕ ਕੰਮ ਕੀਤਾ। ਇਕ ਵਕੀਲ ਵਜੋਂ ਉਸ ਨੇ ਔਰਤਾਂ ਲਈ ਕਈ ਮੁਹਿੰਮਾਂ ਵੀ ਚਲਾਈਆਂ ਅਤੇ ਸਿੱਖ ਵਕੀਲ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਤੀਨੈਸਾ ਨੂੰ ਆਪਣੇ ਆਪ ’ਤੇ ਮਾਣ ਐ, ਉਹ ਜਦੋਂ ਆਪਣੇ ਚੈਂਬਰ ਵਿਚ ਜਾਂਦੀ ਐ ਤਾਂ ਉਸ ਨੂੰ ਖ਼ੁਸ਼ੀ ਹੁੰਦੀ ਐ ਕਿ ਉਹ ਇਕ ਸਿੱਖ ਐ ਅਤੇ ਇਸ ਅਹੁਦੇ ’ਤੇ ਕੰਮ ਕਰ ਰਹੀ ਐ। ਤੀਨੈਸਾ ਦਾ ਕਹਿਣਾ ਏ ਕਿ ਜਦੋਂ ਮੇਰੇ ਵਰਗੇ ਲੋਕ ਰੁਕਾਵਟਾਂ ਨੂੰ ਸਰ ਕਰ ਸਕਦੇ ਨੇ ਤਾਂ ਹੋਰ ਕਿਉਂ ਨਹੀਂ। ਉਸ ਦਾ ਕਹਿਣਾ ਏ ਕਿ ਉਹ ਦੂਜਿਆਂ ਦੇ ਲਈ ਨਵੇਂ ਰਾਹ ਤਿਆਰ ਕਰੇਗੀ।

ਦੱਸ ਦਈਏ ਕਿ ਤੀਨੈਸਾ ਨੇ ਯੂਕੇ ਵਿਚ ਸਿੱਖ ਔਰਤਾਂ ਦੀ ਕਾਨੂੰਨੀ ਮਦਦ ਲਈ 2019 ਵਿਚ ਲੀਗਲ ਯੂਕੇ ਕੌਰਜ਼ ਨਾਂਅ ਦੀ ਸੰਸਥਾ ਬਣਾਈ ਸੀ, ਜਿਸ ਨੇ ਔਰਤਾਂ ਦੀ ਕਾਨੂੰਨੀ ਤੇ ਪੁਲਿਸ ਮਾਮਲਿਆਂ ਵਿਚ ਕਾਫ਼ੀ ਮਦਦ ਕੀਤੀ। ਇਸ ਦੇ ਨਾਲ ਹੀ ਉਸ ਨੇ ਸਾਲ 2020 ਵਿਚ ਸਿੱਖ ਲਾਇਰਜ਼ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਜੋ ਪਹਿਲਾ ਸਿੱਖ ਨੈੱਟਵਰਕ ਸੀ ਜੋ ਭਾਈਚਾਰੇ ਦੇ ਲੋਕਾਂਲਈ ਕਾਨੂੰਨੀ ਸਹਾਇਤਾ ਉਪਲਬਧ ਕਰਵਾਉਂਦਾ ਸੀ।

ਇਸ ਐਸੋਸੀਏਸ਼ਨ ਵਿਚ ਸਿੱਖ ਵਕੀਲਾਂ ਅਤੇ ਵਕਾਲਤ ਦੇ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ। ਇੱਥੇ ਹੀ ਬਸ ਨਹੀਂ, ਤੀਨੈਸਾ ਨੂੰ ਜਿੱਥੇ ਸਾਲ 2022 ਵਿਚ ਰਾਈਜ਼ਿੰਗ ਸਟਾਰ ਇਨ ਲਾਅ ਸਨਮਾਨ ਮਿਲਿਆ, ਉਥੇ ਹੀ ਇਸ ਸਾਲ ਦਾ ਬ੍ਰਿਟਿਸ਼ ਸਿੱਖ ਐਵਾਰਡ ਵੀ ਤੀਨੈਸਾ ਦੇ ਨਾਮ ਹੀ ਰਿਹਾ।

ਸੋ ਇਸ ਹਿੰਮਤੀ ਅਤੇ ਦਲੇਰ ਪੰਜਾਬਣ ਕੁੜੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it