Begin typing your search above and press return to search.

ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ ’ਤੇ ਪਹਿਲਾ ਜੁਰਮਾਨਾ

ਜਿਊਰਿਕ ਸ਼ਹਿਰ ਵਿਚ ਇਕ ਔਰਤ ਬੁਰਕਾ ਪਾ ਕੇ ਬਾਜ਼ਾਰ ਵਿਚ ਗਈ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ 100 ਸਵਿਸ ਫਰੈਂਕ ਜੁਰਮਾਨਾ ਕਰ ਦਿਤਾ।

ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ ’ਤੇ ਪਹਿਲਾ ਜੁਰਮਾਨਾ
X

Upjit SinghBy : Upjit Singh

  |  26 March 2025 5:49 PM IST

  • whatsapp
  • Telegram

ਜਿਊਰਿਕ : ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ ’ਤੇ ਲੱਗੀ ਰੋਕ ਦੀ ਉਲੰਘਣਾ ਦੇ ਮਾਮਲੇ ਵਿਚ ਪਹਿਲਾ ਜੁਰਮਾਨਾ ਕੀਤਾ ਗਿਆ ਹੈ। ਜਿਊਰਿਕ ਸ਼ਹਿਰ ਵਿਚ ਇਕ ਔਰਤ ਬੁਰਕਾ ਪਾ ਕੇ ਬਾਜ਼ਾਰ ਵਿਚ ਗਈ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ 100 ਸਵਿਸ ਫਰੈਂਕ ਜੁਰਮਾਨਾ ਕਰ ਦਿਤਾ। ਪੁਲਿਸ ਦੇ ਬੁਲਾਰੇ ਮਾਈਕਲ ਵਾਕਰ ਨੇ ਦੱਸਿਆ ਕਿ ਔਰਤ ਵੱਲੋਂ ਜੁਰਮਾਨਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਇਹ ਮਾਮਲਾ ਅਗਲੇਰੀ ਪ੍ਰਕਿਰਿਆ ਵਾਸਤੇ ਕੈਂਟਨਲ ਗਵਰਨਰ ਦੇ ਦਫ਼ਤਰ ਵਿਚ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਨਵਾਂ ਸਾਲ ਚੜ੍ਹਦਿਆਂ ਹੀ ਸਵਿਟਜ਼ਰਲੈਂਡ ਦੀਆਂ ਜਨਤਕ ਥਾਵਾਂ ’ਤੇ ਹਿਜਾਬ ਜਾਂ ਬੁਰਕਾ ਨਹੀਂ ਪਹਿਨਣ ’ਤੇ ਰੋਕ ਲੱਗ ਗਈ। ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਇਕ ਹਜ਼ਾਰ ਸਵਿਸ ਫਰੈਂਕ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਜੋ ਭਾਰਤੀ ਕਰੰਸੀ ਵਿਚ ਤਕਰੀਬਨ 96 ਹਜ਼ਾਰ ਰੁਪਏ ਬਣਦਾ ਹੈ।

ਔਰਤ ਨੇ ਜੁਰਮਾਨਾ ਅਦਾ ਕਰਨ ਤੋਂ ਕੀਤਾ ਇਨਕਾਰ

ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟ੍ਰੀਆ, ਨੈਦਰਲੈਂਡਜ਼ ਅਤੇ ਬੁਲਗਾਰੀਆ ਵਿਚ ਅਜਿਹੇ ਕਾਨੂੰਨ ਲਾਗੂ ਹੋ ਚੁੱਕੇ ਹਨ ਜਿਨ੍ਹਾਂ ਰਾਹੀਂ ਔਰਤਾਂ ਨੂੰ ਦਫ਼ਤਰਾਂ, ਪਬਲਿਕ ਟ੍ਰਾਂਸਪੋਰਟ, ਰੈਸਟੋਰੈਂਟ, ਦੁਕਾਨਾਂ ਅਤੇ ਸ਼ੌਪਿੰਗ ਮਾਲਜ਼ ਵਰਗੀਆਂ ਥਾਵਾਂ ’ਤੇ ਚਿਹਰਾ ਢਕਣ ਦੀ ਮਨਾਹੀ ਕੀਤੀ ਗਈ ਹੈ। ਸਵਿਟਜ਼ਰਲੈਂਡ ਦੀ ਸੰਸਦ ਵਿਚ ਇਸ ਕਾਨੂੰਨ ਬਾਰੇ ਵੋਟਿੰਗ ਕਰਵਾਈ ਗਈ ਤਾਂ 151 ਮੈਂਬਰਾਂ ਨੇ ਕਾਨੂੰਨ ਦੇ ਹੱਕ ਵਿਚ ਅਤੇ 29 ਮੈਂਬਰਾਂ ਨੇ ਕਾਨੂੰਨ ਦੇ ਵਿਰੋਧ ਵਿਚ ਵੋਟ ਪਾਈ। ਕਾਨੂੰਨ ਦੀ ਤਜਵੀਜ਼ ਸਵਿਸ ਪੀਪਲਜ਼ ਪਾਰਟੀ ਨੇ ਰੱਖੀ ਜਦਕਿ ਸੈਂਟਰਲ ਅਤੇ ਗਰੀਨ ਪਾਰਟੀ ਇਸ ਦੇ ਵਿਰੁੱਧ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਦਕਿ ਕਾਨੂੰਨ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਸਭਿਆਚਾਰਕ ਕਦਰਾਂ ਕੀਮਤਾਂ ਅਤੇ ਜਨਤਕ ਥਾਵਾਂ ’ਤੇ ਸੁਰੱਖਿਆ ਵਾਸਤੇ ਇਹ ਲਾਜ਼ਮੀ ਹੈ। ਲਿਊਸਰਨ ਯੂਨੀਵਰਸਿਟੀ ਵੱਲੋਂ 2021 ਵਿਚ ਕਰਵਾਏ ਸਰਵੇਖਣ ਮੁਤਾਬਕ ਸਵਿਟਜ਼ਰਲੈਂਡ ਵਿਚ ਸਿਰਫ 30 ਔਰਤਾਂ ਬੁਰਕਾ ਪਾਉਂਦੀਆਂ ਸਨ। 2021 ਵਿਚ ਮੁਲਕ ਦੀ 86 ਲੱਖ ਦੀ ਆਬਾਦੀ ਵਿਚੋਂ 5 ਫੀ ਸਦੀ ਮੁਸਲਮਾਨ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਤੁਰਕੀ, ਬੋਸਨੀਆ ਅਤੇ ਕੋਸੋਵੋ ਨਾਲ ਸਬੰਧਤ ਦੱਸੇ ਗਏ। ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਇਕ ਔਰਤ ਦੇ ਹਿਜਾਬ ਨੂੰ ਅੱਗ ਲਾਉਣ ਦਾ ਯਤਨ ਕੀਤਾ ਗਿਆ। ਡਰਹਮ ਰੀਜਨਲ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਟੋਰਾਂਟੋ ਤੋਂ 50 ਮੀਲ ਪੂਰਬ ਵੱਲ ਅਜੈਕਸ ਪਬਲਿਕ ਲਾਇਬ੍ਰੇਰੀ ਵਿਖੇ ਵਾਰਦਾਤ ਵਾਪਰੀ। ਹਮਲਾ ਕਰਨ ਵਾਲੀ ਵੀ ਇਕ ਔਰਤ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਵਿਰੁੱਧ ਹਥਿਆਰਾਂ ਨਾਲ ਹਮਲਾ ਕਰਨ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ।

Next Story
ਤਾਜ਼ਾ ਖਬਰਾਂ
Share it